ਵਰਸ
varasa/varasa

ਪਰਿਭਾਸ਼ਾ

ਸੰ. ਵਰ੍ਸ. ਸੰਗ੍ਯਾ- ਸਾਲ ਵਰ੍ਹਾ. ਬਾਰਾਂ ਮਹੀਨੇ ਦਾ ਸਮਾਂ ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਵਰਸ ਚਾਰ ਤਰਾਂ ਦਾ ਮੰਨਿਆ ਹੈ-#(ੳ) ਸੌਰ. ਇਹ ੩੬੫ ਦਿਨ, ੫. ਘੰਟੇ ੪੫ ਮਿਨਟ ਅਤੇ ੪੬ ਸੈਕਁਡ ਦਾ ਹੁੰਦਾ ਹੈ. ਇਤਨੇ ਸਮੇਂ ਵਿੱਚ ਪ੍ਰਿਥਿਵੀ ਸੂਰਜ ਦੀ ਇੱਕ ਪਰਿਕ੍ਰਮਾ ਕਰਦੀ ਹੈ.#(ਅ) ਚਾਂਦ੍ਰ. ਇਹ ੩੫੪ ਦਿਨ ੮. ਘੰਟੇ ੪੬ ਮਿਨਟ ਅਤੇ ੩੬ ਸੈਕਁਡ ਦਾ ਹੁੰਦਾ ਹੈ. ਇਸ ਸਮੇਂ ਵਿੱਚ ਚੰਦ੍ਰਮਾ ਪ੍ਰਿਥਿਵੀ ਦੀਆਂ ਬਾਰਾਂ ਪਰਿਕ੍ਰਮਾਂ ਕਰਦਾ ਹੈ. ਇਸ ਚਾਂਦ੍ਰ ਵਰਸ ਦਾ ਸੌਰ ਵਰਸ ਨਾਲ ਹਰ ਸਾਲ ੧੦. ਦਿਨ ੨੧. ਘੰਟੇ ਦਾ ਫਰਕ ਪੈ ਜਾਂਦਾ ਹੈ. ਇਸ ਅੰਤਰ ਨੂੰ ਠੀਕ ਕਰਨ ਲਈ ਹਰ ਤੀਜਾ ਵਰ੍ਹਾ ਤੇਰਾਂ ਮਹੀਨਿਆਂ ਦਾ ਕੀਤਾ ਜਾਂਦਾ ਹੈ. ਦੇਖੋ, ਮਲਮਾਸ.#(ੲ) ਸਾਵਨ. ਇਹ ਵਰਸ ਪੂਰੇ ੩੬੦ ਦਿਨ ਦਾ ਹੁੰਦਾ ਹੈ. ਇਸ ਦੇ ਮਹੀਨੇ ਪੂਰੇ ੩੦ ਤੀਹ ਤੀਹ ਦਿਨ ਦੇ ਹੁੰਦੇ ਹਨ. ਵੈਦਿਕ ਸਮੇਂ ਵਿੱਚ ਇਹ ਵਰਸ ਬਹੁਤ ਪ੍ਰਚਲਿਤ ਸੀ.#(ਸ) ਨਾਕ੍ਸ਼੍‍ਤ੍ਰ. ਇਹ ੩੨੪ ਦਿਨ ਦਾ ਹੁੰਦਾ ਹੈ. ਇਸ ਦਾ ਹਰੇਕ ਮਹੀਨਾ ਸਤਾਈ ਸਤਾਈ ਦਿਨ ਦਾ ਹੋਇਆ ਕਰਦਾ ਹੈ। ੨. ਵ੍ਰਿਸ੍ਟਿ. ਵਰਖਾ। ੩. ਪ੍ਰਿਥਿਵੀ ਦਾ ਇੱਕ ਭਾਗ. ਦੇਖੋ, ਨਵਖੰਡ ਅਤੇ ਵਰਾਹੁ। ੪. ਮੇਘ. ਬੱਦਲ। ੫. ਟੁਕੜਾ. ਹਿੱਸਾ. ਵਿਭਾਗ.
ਸਰੋਤ: ਮਹਾਨਕੋਸ਼