ਵਹਾਬੀ
vahaabee/vahābī

ਪਰਿਭਾਸ਼ਾ

ਅ਼. [وہالی] ਸੰਗ੍ਯਾ- ਅ਼ਬਦੁਲਵਹਾਬ ਦੇ ਬੇਟੇ ਮੁਹ਼ੰਮਦ ਦਾ ਚਲਾਇਆ ਹੋਇਆ ਇੱਕ ਮਤ. ਅਰਬ ਦੇ ਨਜਦ ਭਾਗ ਦੇ ਆਯਨਹ ਨਾਮਕ ਅਸਥਾਨ ਵਿੱਚ ਸਨ ੧੬੯੧ ਵਿੱਚ ਮੁਹ਼ੰਮਦ ਜਨਮਿਆ, ਜਿਸ ਨੇ ਹੰਬਲੀ ਫਿਰਕੇ ਦੇ ਨਿਯਮਾਂ ਅਨੁਸਾਰ ਇਸਲਾਮ ਦੀ ਸਿਖ੍ਯਾ ਪਾਈ. ਮਦੀਨੇ ਅਤੇ ਹੋਰ ਪ੍ਰਸਿੱਧ ਅਰਬ ਦੇ ਨਗਰਾਂ ਵਿੱਚ ਜਾਕੇ ਇਸ ਨੇ ਵਡੇ ਵਡੇ ਆ਼ਲਿਮਾਂ ਤੋਂ ਵਿਦ੍ਯਾ ਪੜ੍ਹੀ ਅਰ ਆਪਣੇ ਸਮੇਂ ਦਾ ਸ਼ਿਰੋਮਣਿ ਆ਼ਲਿਮ ਹੋਇਆ. ਮੁਹ਼ੰਮਦ ਨੇ ਇਸਲਾਮ ਵਿੱਚ ਗੜਬੜ ਦੇਖਕੇ ਉਪਦੇਸ਼ ਆਰੰਭਿਆ ਕਿ ਖ਼ੁਦਾ ਨਾਲ ਪੀਰ ਪੈਗੰਬਰਾਂ ਨੂੰ ਦਰਜਾ ਨਾ ਦੇਓ, ਮੁਹ਼ੰਮਦ ਪੈਗੰਬਰ ਦੀ ਕਬਰ ਅਰ ਹੋਰ ਮਕਬਰਿਆਂ ਨੂੰ ਨਾ ਮੰਨੋ, ਕਿਸੇ ਪੀਰ ਤੋਂ ਦੁਆ ਨਾ ਮੰਗੋ, ਨਾ ਕਿਸੇ ਦੇ ਨਾਮ ਦੀ ਮੰਨਤ ਅਰ ਕ਼ਰਬਾਨੀ ਦੇਓ. ਮੁਹ਼ੰਮਦ ਪੈਗੰਬਰ ਦੇ ਜਨਮਦਿਨ ਦਾ ਉਤਸਵ ਨਾ ਮਨਾਓ. ਤਸਬੀ ਨਾਲ ਖ਼ੁਦਾ ਦੇ ਨਾਮ ਨਾ ਜਪੋ, ਇਤ੍ਯਾਦਿ.#ਮੁਹੰਮਦ ਦੇ ਉਪਦੇਸ਼ ਦਾ ਬਹੁਤ ਅਸਰ ਹੋਇਆ ਅਰ ਇਸ ਦਾ ਚਲਾਇਆ ਮਤ "ਵਹਾਬੀ" ਪ੍ਰਸਿੱਧ ਹੋਇਆ. ਉਸ ਸਮੇਂ ਦੇ ਹਾਕਿਮਾਂ ਅਰ ਮੁਲਾਣਿਆਂ ਵੱਲੋਂ ਮੁਹ਼ੰਮਦ ਨੂੰ ਭਾਰੀ ਤਕਲੀਫ ਹੋਈ, ਪਰ ਕਈ ਇਸ ਦੇ ਸਹਾਇਕ ਭੀ ਖੜੇ ਹੋ ਗਏ, ਅਰ ਤਾਕਤ ਦਿਨੋ ਦਿਨ ਵਧਦੀ ਗਈ. ਮੁਹ਼ੰਮਦ ਦਾ ਦੇਹਾਂਤ ਸਨ ੧੭੬੫ ਵਿੱਚ ਹੋਇਆ. ਇਸ ਦੇ ਪੁਤ੍ਰ ਅ਼ਬਦਲ ਅਜ਼ੀਜ਼ ਨੇ ਭੀ ਮਤ ਨੂੰ ਭਾਰੀ ਤਰੱਕੀ ਦਿੱਤੀ, ਪਰ ਪੋਤੇ ਸਾਅ਼ਦ ਨੇ ਵਡੀ ਸ਼ਕਤੀ ਵਧਾ ਲਈ. ਸਾਅ਼ਦ ਨੇ ਮੱਕਾ ਮਦੀਨਾ ਭੀ ਫਤੇ ਕਰਕੇ ਕਈ ਵਰ੍ਹੇ ਉੱਥੇ ਹੁਕੂਮਤ ਕੀਤੀ.¹ ਹੁਣ ਵਹਾਬੀ ਫਿਰਕਾ ਸਾਰੇ ਮੁਲਕਾਂ ਵਿੱਚ ਦੇਖਿਆ ਜਾਂਦਾ ਹੈ. ਵਹਾਬੀ ਲੋਕ ਆਪਣੇ ਤਾਈਂ ਮੁਵੱਹ਼ਿਦ [موحِّد] (ਇੱਕ ਦੇ ਪੂਜਕ) ਅਖਾਉਂਦੇ ਹਨ, ਅਰ ਦੂਜੇ ਮੁਸਲਮਾਨਾਂ ਨੂੰ ਮੁਸ਼ਰਿਕ [مُشرک] (ਖ਼ੁਦਾ ਨਾਲ ਹੋਰ ਪੂਜ੍ਯ ਮਿਲਾਉਣ ਵਾਲੇ) ਸੱਦਦੇ ਹਨ.
ਸਰੋਤ: ਮਹਾਨਕੋਸ਼