ਪਰਿਭਾਸ਼ਾ
ਸੰ. वायगुल्म. ਵਾਯੁ (ਵਾਤ) ਦੇ ਵਿਗਾੜ ਤੋਂ ਢਿੱਡ ਵਿੱਚ ਗੋਲੇ ਜੇਹਾ ਭਾਸਣ ਵਾਲਾ ਰੋਗ (Phantum Tumour) ਵੈਦਾਂ ਨੇ ਇਸ ਦੇ ਪੰਜ ਭੇਦ ਮੰਨੇ ਹਨ- ਵਾਤਗੁਲਮ, ਪਿੱਤਗੁਲਮ, ਕਫਗੁਲਮ, ਤ੍ਰਿਦੋਸਗੁਲਮ ਅਤੇ ਰਕਤਗੁਲਮ.#ਵਾਉਗੋਲੇ ਦੇ ਲੱਛਣ ਹਨ ਕਿ ਢਿੱਡ ਵਿੱਚ ਇੱਕ ਥਾਂ, ਜਾਂ ਹਵਾ ਦੇ ਵਿਕਾਰ ਨਾਲ ਕਈ ਥਾਂਈਂ ਹਿਲਦੀ ਜੁਲਦੀ ਰਸੌਲੀ ਜੇਹੀ ਗੱਠ ਮਲੂਮ ਹੋਣੀ, ਭੁੱਖ ਦਾ ਘਟਣਾ, ਪੇਸ਼ਾਬ ਦਾ ਰੁਕਣਾ, ਆਂਦਾ ਦਾ ਬੋਲਣਾ, ਬਹੁਤ ਡਕਾਰ ਆਂਉਣੇ, ਅਣਪਚ ਹੋਣੀ, ਢਿੱਡਪੀੜ ਹੋਣੀ, ਕਦੇ ਕਦੇ ਤਾਪ ਹੋਣਾ ਆਦਿ.#ਇਸ ਦੇ ਕਾਰਣ ਹਨ, ਰੁੱਖਾ ਖਾਣਾ ਪੀਣਾ, ਬਹੁਤ ਖਾਣਾ, ਮਲਮੂਤ੍ਰ ਦਾ ਵੇਗ ਰੋਕਣਾ, ਬਹੁਤੇ ਵ੍ਰਤ ਕਰਨੇ, ਜਾਦਾ ਮੈਥੁਨ ਕਰਨਾ, ਬਹੁਤ ਬੈਠਿਆਂ ਰਹਿਣਾ, ਬਹੁਤ ਨਸ਼ੇ ਵਰਤਣੇ, ਸ਼ੋਕ ਅਤੇ ਚਿੰਤਾ ਦਾ ਹੋਣਾ, ਵਿੱਤੋਂ ਜਾਦਾ ਜੋਰ ਲਾਕੇ ਕੁਸ਼ਤੀ ਕਰਨੀ ਜਾਂ ਭਾਰ ਚੁੱਕਣਾ, ਸਦਾ ਕਬਜ ਰਹਿਣੀ ਆਦਿ.#ਵਾਉਗੋਲੇ ਦਾ ਇਲਾਜ ਹੈ ਕਿ- ਇਰੰਡ ਦਾ ਤੇਲ ਗੋਕੇ ਦੁੱਧ ਵਿੱਚ ਮਿਲਾਕੇ ਹਰੜ ਦੀ ਫੱਕੀ ਨਾਲ ਉਮਰ ਅਤੇ ਬਲ ਅਨੁਸਾਰ ਪੀਣਾ.#ਹਿੰਗ, ਪਿੱਪਲਾਮੂਲ, ਧਣੀਆਂ, ਦੋਵੇਂ ਜੀਰੇ, ਬਚ, ਚਬ, ਤਿੰਨੇ ਲੂਣ, ਤਿੰਤੜੀਕ. ਚਿਤ੍ਰਾ, ਪਾਠਾ, ਕਚੂਰ, ਤ੍ਰਿਕੁਟਾ, ਅਨਾਰਦਾਣਾ, ਹਰੜ, ਦੋਵੇਂ ਖਾਰ, ਸੌਂਫ, ਅਜਮੋਦ, ਪੁਹਕਰਮੂਲ, ਜਵਾਇਣ, ਸਭ ਸਮਾਨ ਲੈਕੇ ਪੀਹਕੇ ਕਪੜਛਾਣ ਕਰਨੇ. ਇਸ ਚੂਰਣ ਨੂੰ ਇੱਕ ਦਿਨ ਆਦੇ ਦੇ ਰਸ ਵਿੱਚ, ਇੱਕ ਦਿਨ ਖੱਟੇ ਬਿਜੌਰੇ ਦੇ ਰਸ ਵਿੱਚ, ਇੱਕ ਦਿਨ ਅਮਲਵੇਦ ਦੇ ਰਸ ਵਿੱਚ ਖਰਲ ਕਰਨਾ ਅਰ ਸੁਕਾਕੇ ਸ਼ੀਸ਼ੀ ਵਿੱਚ ਬੰਦ ਕਰ ਰੱਖਣਾ. ਨਿਰਨੇ ਕਾਲਜੇ ਕੋਸੇ ਪਾਣੀ ਨਾਲ ਇੱਕ ਮਾਸ਼ੇ ਤੋਂ ਲੈਕੇ ਚਾਰ ਮਾਸ਼ੇ ਤਕ ਉਮਰ ਅਤੇ ਸ਼ਕਤਿ ਅਨੁਸਾਰ ਖਾਣਾ. ਇਸ ਤੋਂ ਸਭ ਤਰਾਂ ਦਾ ਗੁਲਮ ਰੋਗ ਦੂਰ ਹੋ ਜਾਂਦਾ ਹੈ.#ਵਾਉਗੋਲੇ ਦੇ ਹਟਾਉਣ ਲਈ "ਵੰਗੇਸ਼੍ਵਰ ਰਸ" ਭੀ ਉੱਤਮ ਦਵਾਈ ਹੈ.
ਸਰੋਤ: ਮਹਾਨਕੋਸ਼