ਵਾਜਿਬੁਲ ਅ਼ਰਜ
vaajibul aaraja/vājibul āraja

ਪਰਿਭਾਸ਼ਾ

ਅ਼. [واجباُلعرض] ਵਾਜਿਬੁਲ- ਅ਼ਰਜ. ਯੋਗ੍ਯ ਪ੍ਰਾਰਥਨਾ. ਵਿਨਯਪਤ੍ਰ। ੨. ਭਾਈ ਮਨੀਸਿੰਘ ਜੀ ਦੀ ਸਾਖੀ "ਭਗਤਾਵਲੀ" ਵਿੱਚ ਲਿਖੀ ਸਹਜਧਾਰੀ ਸਿੱਖਾਂ ਦੀ ਬੇਨਤੀ, ਜਿਸ ਵਿੱਚ ਦਸ ਪ੍ਰਸ਼ਨ ਦਸ਼ਮੇਸ਼ ਦੇ ਪੇਸ਼ ਕੀਤੇ ਗਏ ਹਨ.#ਵਾਜਬੁਲਅਰਜ ਦੇ ਪਾਠ ਤੋਂ ਮਲੂਮ ਹੁੰਦਾ ਹੈ ਕਿ ਨਾ ਇਹ ਭਾਈ ਮਨੀਸਿੰਘ ਜੀ ਦੀ ਕਲਮ ਤੋਂ ਲਿਖੀ ਗਈ ਹੈ ਅਰ ਨਾ ਕਲਗੀਧਰ ਦੇ ਅਜੇਹੇ ਹੁਕਮ ਹੋਏ ਹਨ, ਪਰ ਪਾਠਕਾਂ ਦੇ ਗ੍ਯਾਨ ਲਈ ਇਸ ਗ੍ਰੰਥ ਵਿੱਚ ਅਸਲ ਪਾਠ ਦਿਖਾਇਆ ਜਾਂਦਾ ਹੈ.#(ੳ) ਸਮੇ ਵਿਆਹ ਦੇ ਅਸੀਂ ਵੇਦਪਾਠੀ ਬ੍ਰਾਹਮਣਾਂ ਨੂੰ ਬੁਲਾਇਕੈ ਵਿਵਾਹ ਦੀਆਂ ਕਾਂਡੀਆਂ ਪੜ੍ਹਾਇਕੈ ਵਿਵਾਹ ਕਰਦੇ ਸਾਂ. ਤੇ ਹੁਣ ਸਿੱਖ¹ ਕਹਿਂਦੇ ਹਨ- ਤੁਸੀਂ ਆਨੰਦ ਪੜ੍ਹਕੇ ਵਿਵਾਹ ਕਰੋ, ਬ੍ਰਾਹਮਣਾਂ ਨੂੰ ਨਾ ਬੁਲਾਵੋ. ਸੱਚੇ ਪਾਤਸ਼ਾਹ! ਅਬ ਜਿਵੈ ਹੁਕਮ ਹੋਵੈ.#ਦਸਤਖਤ ਖਾਸ ਹੋਏ- ਪਹਿਲੇ ਆਨੰਦ ਪੜ੍ਹਨਾ, ਅਰਦਾਸ ਕਰਨੀ, ਪਿੱਛੇ ਬ੍ਰਾਹਮਣਾਂ ਥੀਂ ਹਮੇਸ਼ਾਂ ਜਿਸ ਤਰਾਂ ਪੜਾਵਦੇ ਆਏ ਹੋਂ, ਤਿਵੈ ਪੜਾਵਣਾ, ਸੰਸਾ ਨਹੀਂ ਕਰਨਾ.#(ਅ) ਸਾਹਿਬਾ ਦਾ ਜੋ ਹੁਕਮ ਹੋਇਆ ਹੈ ਜੋ ਪੰਜਾਂ ਮੇਲਾਂ- ਧੀਰਮਲੀਏ, ਰਾਮਰਈਏ, ਮੀਣੇ, ਮਸੰਦ, ਸਿਰਗੁੰਮ- ਨੂੰ ਨਹੀਂ ਮਿਲਣਾ. ਸਿਰਗੁੰਮ ਕੌਣ ਹੈ?#ਬਚਨ ਹੋਇਆ ਸਿਰਗੁੰਮ ਸਰੇਵੜੇ ਅਨੀਸੁਰਵਾਦੀ ਹੈਨ. ਨੰਦਚੰਦ ਸੰਘੇ ਦੇ ਭੀ ਸਿਰਗੁੰਮ ਹੈਨ. ਪੱਕਾ ਸਿਰਗੁੰਮ. ਤੁਰਕ ਹੈ.#ਸਿੱਖਾਂ ਅਰਦਾਸ ਕੀਤੀ- ਕੋਈ ਬਪਾਰ ਦੀ ਕ੍ਰਿਆ ਵਾਲਾ ਹੈ, ਕੋਈ ਮੁਸੱਦੀ ਪੇਸ਼ਾ ਹੈ, ਵਿਹਾਰ ਦਾ ਸਦਕਾ ਸਭ ਕਿਸੇ ਦਾ ਆਨ ਮੇਲ ਹੁੰਦਾ ਹੈ.#ਤਾਂ ਖਾਸ ਦਸਤਖਤ ਹੋਏ- ਪਹਿਲੇ ਪੁੱਛਕੇ ਵਰਤਣ ਕਰਣੀ, ਜੋ ਭੁੱਲ ਭੁਲਾਂਵੇ ਵਰਤੋਂ, ਤਾਂ ਅਰਦਾਸ ਕਰਵਾਇ ਲੈਣੀ.#(ੲ) ਸੱਚੇ ਪਾਤਸ਼ਾਹ! ਅਸੀਂ ਸਹਜਧਾਰੀ ਤੇਰੇ ਸਿੱਖ ਜੋ ਹੈਸਾਂ, ਸੋ ਮਾਤਾ ਪਿਤਾ ਦੇ ਮਰਣੇ ਉੱਪਰ ਕ੍ਰਿਆ ਕਰਮ ਭਦ੍ਰ ਜੋੜੀ ਸੰਸਾਰ ਦੀ ਰੀਤਿ ਸੀ, ਜੋ ਕਰਦੇ ਹੈਸਾਂ. ਤੇ ਹੁਣ ਸਿੱਖ ਆਖਦੇ ਹਨ- ਜੋ ਖਾਲਸਾ ਵਾਹਿਗੁਰੂ ਜੀ ਨੇ ਵਰਤਾਇਆ ਹੈ, ਹੁਣ ਤੁਸੀਂ ਏਹੁ ਰੀਤਾਂ ਸੰਸਾਰ ਦੀਆਂ ਨਾ ਕਰਿਆ ਕਰੋ. ਸੱਚੇ ਪਾਤਸ਼ਾਹ ਜਿਵੇਂ ਹੁਕਮ ਹੋਵੈ.#ਤਾਂ ਬਚਨ ਹੋਇਆ, ਖਾਸ ਦਸਤਖਤ ਹੋਏ- ਭੱਦਨ (ਭਦ੍ਰ) ਨਹੀਂ ਕਰਨਾ, ਹੋਰ ਕ੍ਰਿਆ ਕਰਮ ਕਰਤੂਤ ਜੈਸੀ ਦੇਸਚਾਲ ਹੋਵੈ ਤਿਵੈ ਕਰਕੈ ਬਖਸਾਇ ਲੈਣਾ.#(ਸ) ਸੱਚੇ ਪਾਤਸਾਹੁ! ਸਮੇ ਵਿਵਾਹ ਅਤੇ ਖਿਆਹ ਸਰਾਧ ਦੇ ਦਿਨ ਅਸੀਂ ਬ੍ਰਾਹਮਣਾਂ ਨੂੰ ਭੋਜਨ ਕਰਾਂਵਦੇ ਹੈਸਾਂ, ਹੁਣ ਸਿੱਖ ਆਖਦੇ ਹਨ, ਜੋ ਸਿੱਖਾਂ ਨੂੰ ਛਕਾਵਣਾ.#ਹੁਕਮ ਹੋਇਆ- ਸਿੱਖਾਂ ਨੂੰ ਭੀ ਬ੍ਰਾਹਮਣਾਂ ਨੂੰ ਭੀ ਅਤਿਥਾਂ ਨੂੰ ਭਲੀ ਪ੍ਰਕਾਰ ਪ੍ਰੀਤਿ ਕਰਕੈ ਸਭਸ ਨੂੰ ਪ੍ਰਸਾਦ ਛਕਾਇਆ ਕਰੋ.#(ਹ) ਸੱਚੇ ਪਾਤਸ਼ਾਹ! ਵਖਤ ਜੰਞੂ ਪਾਵਣੇ ਦੇ ਅਸੀਂ ਪੁਤ੍ਰ ਨੂੰ ਉਸਤਰੇ ਨਾਲ ਭਦ੍ਰ ਕਰਾਂਵਦੇ ਸਾਂ, ਹੁਣ ਜਿਵੇਂ ਹੁਕਮ ਹੋਵੈ ਤਿਵੈ ਕੀਚੈ.#ਹੁਕਮ ਤੇ ਖਾਸ ਦਸਤਖਤ ਹੋਏ- ਜੋ ਸਹਜਧਾਰੀਆਂ ਦੇ ਬੇਟਿਆਂ ਨੂੰ ਪਾਹੁਲ ਦੇਣੀ.#(ਕ) ਸੱਚੇ ਪਾਤਸ਼ਾਹ! ਅੱਗੇ ਅਸੀਂ ਅਸਥੀਆਂ ਗੰਗਾ ਭੇਜਦੇ ਸਾਂ ਹੁਣ ਸਿੱਖ ਮਨੇ ਕਰਦੇ ਹਨ, ਜਿਵੇ ਹੁਕਮ ਹੋਵੈ.#ਬਚਨ ਤੇ ਖਾਸ ਦਸਤਖਤ ਹੋਏ- ਜੇ ਪਹੁਚਾਇ ਸਕੋਂ ਤਾਂ ਅਸਤੀਆਂ ਪਹੁਚਾਇ ਦੇਣੀਆਂ ਅਰ ਜੇ ਸਿੱਖ ਜੁੱਧ ਵਿੱਚ ਜਿੱਥੇ ਹੁਕਮਸਤਿ ਹੁੰਦਾ ਹੈ, ਸੋਈ ਕੁਰੁਛੇਤ੍ਰ ਹੈ. ਇਕੇ ਸਾਧਸੰਗਤਿ ਕੀ ਚਰਣਧੂਰਿ ਵਿੱਚ ਪਾਇ ਦੇਣੀਆਂ, ਅਮ੍ਰਿਤਸਰ ਜੀ ਦੇ ਚੌਫੇਰੇ, ਏਸੇ ਥਾਂ ਓਨਾਂ ਦੀ ਗਤਿ ਹੋਵੈਗੀ.#(ਖ) ਅਸੀਂ ਜੋ ਆਮਿਲ ਪੇਸ਼ਾ ਕਚਹਿਰੀਆਂ ਜਾਣ ਵਾਲੇ ਸਿੱਖ ਦਾੜੀਆਂ ਕੇਸ ਇੱਕੋ ਜੇਹੇ ਕੈਂਚੀਆਂ ਨਾਲ ਕਟਵਾਇ ਲੈਂਦੇ ਸਾਂ, ਹੁਣ ਜਿਵੈ ਹੁਕਮ ਹੋਵੈ ਤਿਵੈਂ ਕਰੀਏ.#ਹੁਕਮ ਤੇ ਖਾਸ ਦਸਤਖਤ ਹੋਏ- ਜੇਹੜੇ ਤੁਸੀਂ ਸਹਜਧਾਰੀ ਸਿੱਖ ਹੋਂ, ਜੇ ਕੇਸਧਾਰੀਆਂ ਦੀ ਤਰਾਂ ਸਾਬਤ ਰੱਖੋਂ ਤਾਂ ਭਲਾ ਹੈ, ਨਹੀਂ ਤਾਂ ਤੁਸੀਂ ਜਰੂਰ- ਮਾਤ੍ਰ ਵਧੀਕ ਹੋਵੈ ਸੋ ਬਰਾਬਰ ਕਰਵਾਇ ਛੱਡਣੇ, ਫੇਰ ਬਖਸਾਇ ਲੈਣਾ. ਜੋ ਕੇਸਧਾਰੀ ਇਹ ਕਰਮ ਕਰੈਗਾ, ਓਹ ਸਿੱਖ ਨਹੀਂ.#(ਗ) ਸੱਚੇ ਪਾਤਸ਼ਾਹ! ਜੋ ਹੁਕਮ ਹੋਇਆ ਹੈ ਜੋ ਸਿਰਗੁੰਮਾ ਪੰਜਾਂ ਮੇਲਾਂ ਦੇ ਮੁਹ ਕੋਈ ਲੱਗੈ ਨਹੀਂ. ਜੇ ਕੋਈ ਆਂਵਦਾ ਜਾਂਦਾ ਮੁਹ ਲਗ ਜਾਵੈ, ਤਾਂ ਕਿਉਂ ਕਰ ਵਚਨ ਹੈ?#ਹੁਕਮ ਹੋਇਆ- ਰਿਦਾ ਸੁੱਧ ਗੁਰਾਂ ਵੱਲ ਚਾਹੀਦਾ ਹੈ, ਆਂਵਦਾ ਜਾਂਦਾ ਮੁਹ ਲਗ ਜਾਵੈ, ਤਾਂ ਕੀ ਹੈ? ਵਰਤਣ ਨਹੀਂ ਕਰਨੀ.#(ਘ) ਜੇਹੜੇ ਸਿੱਖ ਗੰਗਾ ਜੀ ਦੇ ਇਸਨਾਨ ਨੂੰ ਗਏ ਹਨ, ਜੋ ਇਸਨਾਨ ਕਰਕੈ ਆਵਨ ਤਾਂ ਕਿਵਕਰ ਵਰਤੀਏ?#ਵਚਨ ਹੋਆ- ਹਿਤ ਪਿਆਰ ਨਾਲ ਓਨਾ ਨਾਲ ਵਰਤਣਾ ਬਹੁਤੀ ਦਿੱਕਤ ਨਾਹੀ ਕਰਨੀ ਭਾਈ ਸਿੱਖੋ! ਤੁਸਾਡੇ ਉੱਪਰ ਸਾਡਾ ਏਹ ਹੁਕਮ ਹੈ- ਪੰਜਾਂ ਮੇਲਾਂ ਵਿੱਚੋਂ ਕਿਸੇ ਨਾਲ ਨਹੀਂ ਮਿਲਣਾ, ਕਿਉਂ ਜੋ ਓਨਾ ਦਾ ਮੇਲ ਕਰਿ ਗੁਰੂ ਦਾ ਸਿਦਕ ਘਟਦਾ ਹੈ. ਕੋਈ ਓਨਾਂ ਵਿੱਚੋਂ ਭੀ ਮੇਲ ਕੀਤਾ ਚਾਹੇ, ਸੋ ਮੇਲ ਲੈਣਾ ਗੁਰਮਤਿ ਦਾ ਉਪਦੇਸ਼ ਦੇਣਾ, ਭਜਨ ਕਰਣਾ, ਧਰਮ ਦੀ ਕਿਰਤ ਕਰਣੀ ਤੇ ਵੰਡ ਖਾਣਾ, ਸਿੱਖ ਦੀ ਰਹਿਰਾਸਿ ਏਹੋ ਹੈ.#(ਙ) ਸੱਚੇ ਪਾਤਸ਼ਾਹ! ਅੱਗੇ ਜੇ ਕੋਈ ਹੁਕਮਸਤਿ ਹੁੰਦਾ ਸੀ, ਤਾਂ ਅਸੀਂ ਪੰਡਿਤਾਂ ਨੂੰ ਬੁਲਾਇਕੈ ਗਰੁੜਪੁਰਾਣ ਵਚਾਂਵਦੇ ਸਾਂ, ਤੇ ਦਸਗਾਤ੍ਰ ਕਰਾਂਵਦੇ ਸਾਂ, ਤੇ ਹੁਣ ਪੰਡਿਤ ਨਹੀਂ ਆਂਵਦੇ ਕਹਿਁਦੇ ਹੈਨ- ਜੋ ਧਾਗਾ ਤੇ ਲੰਗੋਟ ਰੱਖੋ ਤੇ ਦਸਗਾਤ੍ਰ ਕਰੋ ਤਾਂ ਅਸੀਂ ਆਵਨੇ ਹਾਂ, ਜਿਵੇਂ ਹੁਕਮ ਹੋਵੈ ਤਿਵੈ ਕੀਚੈ.#ਵਚਨ ਤੇ ਦਸਤਖਤ ਹੋਏ- ਤੁਸਾਂ ਸਿਦਕ ਤੇ ਤਕੜੇ ਰਹਿਣਾ, ਗ੍ਰੰਥ ਜੀ ਦਾ ਭੋਗ ਪਵਾਣਾ ਤੇ ਪੰਜਵੇਂ ਪਾਤਸ਼ਾਹ ਜੀ ਦੇ ਸਹਸਕ੍ਰਿਤੀ ਸਲੋਕਾਂ ਦੀ ਕਥਾ ਸਿੱਖਾਂ ਥੀਂ ਸੁਣਨੀ. ਪ੍ਰਾਣੀ ਦਾ ਭੀ ਖਾਲਸਾ ਜੀ ਵਿੱਚ ਵਾਸਾ ਹੋਵੈਗਾ, ਤੇ ਤੁਸਾਂ ਨੂੰ ਭੀ ਗਿਆਨ ਪ੍ਰਾਪਤ ਹੋਵੈਗਾ. ਸਿਦਕ ਜੇਹਾ ਤੇ ਨਾਮ ਜੇਹਾ ਪਦਾਰਥ ਕੋਈ ਨਹੀਂ.
ਸਰੋਤ: ਮਹਾਨਕੋਸ਼