ਪਰਿਭਾਸ਼ਾ
ਵਾਮ (ਸ਼ਿਵ) ਦਾ ਮਾਰ੍ਗ (ਮਤ). ਤੰਤ੍ਰਸ਼ਾਸਤ੍ਰ ਦੀ ਰੀਤਿ ਅਨੁਸਾਰ ਸ਼ੈਵ ਲੋਕਾਂ ਦਾ ਚਲਾਇਆ ਇੱਕ ਮਾਰ੍ਗ (ਪੰਥ), ਜਿਸ ਵਿੱਚ ਮਾਂਸ ਮਦਿਰਾ ਆਦਿ ਦਾ ਵਰਤਣਾ ਧਰਮ ਦਾ ਅੰਗ ਹੈ. ਵੈਸਨਵ ਹਿੰਦੂਆਂ ਦੇ ਕਥਨ ਅਨੁਸਾਰ ਵਾਮ (ਟੇਢਾ) ਮਾਰਗ.#ਅਸਲ ਵਿੱਚ ਵਾਮਮਾਰਗ ਦਾ ਅਰਥ ਇਹ ਹੈ ਕਿ ਸ਼ਾਸਤ੍ਰਾਂ ਵਿੱਚ ਸ਼ਿਵ ਦੀ ਇੱਕ ਅਜੇਹੀ ਮੂਰਤਿ ਮੰਨੀ ਹੈ ਜਿਸ ਦਾ ਸੱਜਾ ਪਾਸਾ ਨਰ ਅਤੇ ਵਾਮ (ਖੱਬਾ) ਨਾਰੀ ਦਾ ਹੈ. ਜੋ ਸੱਜੇ ਪਾਸੇ ਦੇ ਉਪਾਸਕ ਹਨ ਉਹ ਦਕ੍ਸ਼ਿਣ, ਅਤੇ ਵਾਮ (ਖੱਬੇ) ਪਾਸੇ ਦੇ ਉਪਾਸਕ ਵਾਮ ਮਾਰਗੀ ਹਨ. ਦੇਖੋ, ਅਰਧਨਾਰੀਸ਼੍ਵਰ.#ਵਾਮਮਾਰਗੀਆਂ ਦੇ ਕਈ ਇੱਕ ਸੰਕੇਤ ਇਸ ਤਰਾਂ ਹਨ-#ਸ਼ੁੱਧ (ਮਾਂਸ), ਤੀਰਥ (ਮਦਿਰਾ), ਪਦਮ (ਸ਼ਰਾਬ ਦਾ ਪਿਆਲਾ), ਵ੍ਯਾਸ (ਗਠਾ), ਸ਼ੁਕਦੇਵ (ਲਸਨ), ਦੀਕ੍ਸ਼ਿਤ (ਕਲਾਲ), ਪ੍ਰਯਾਗਸੇਵੀ (ਵੇਸ਼੍ਯਾਗਾਮੀ), ਕਾਸ਼ੀਸੇਵੀ (ਚੰਡਾਲੀ ਭੋਗਣ ਵਾਲਾ), ਯੋਗੀ (ਵਿਭਚਾਰੀ) ਆਦਿ. ਦੇਖੋ, ਪੰਚਤਤ੍ਰ ੨. ਅਤੇ ਪੰਚ ਮਕਾਰ.
ਸਰੋਤ: ਮਹਾਨਕੋਸ਼