ਵਾਹਗੁਰੂ
vaahaguroo/vāhagurū

ਪਰਿਭਾਸ਼ਾ

ਮਨ ਬੁੱਧਿ ਤੋਂ ਪਰੇ ਸਭ ਤੋਂ ਵਡਾ ਪਾਰਬ੍ਰਹਮ. ਧਨ੍ਯਤਾ ਯੋਗ੍ਯ ਕਰਤਾਰ. "ਕੀਆ ਖੇਲੁ ਬਡ ਮੇਲੁ ਤਮਾਸਾ ਵਾਹਗੁਰੂ ਤੇਰੀ ਸਭ ਰਚਨਾ." (ਸਵੈਯੇ ਮਃ ੪. ਕੇ) ੨. ਸਿੱਖਾਂ ਦਾ ਮੂਲਮੰਤ੍ਰ. "ਸਤਿਗੁਰੁ ਪੁਰਖ ਦਿਆਲ ਹਇ ਵਾਹਗੁਰੂ ਸਚ ਮੰਤ੍ਰ ਸੁਣਾਇਆ" (ਭਾਗੁ) ਭਾਈ ਸੰਤੋਖਸਿੰਘ ਨੇ ਗੁਰੁ ਨਾਨਕ ਪ੍ਰਕਾਸ਼ ਦੇ ਪਹਿਲੇ ਅਧ੍ਯਾਯ ਵਿੱਚ ਵਾਹਗੁਰੂ ਦਾ ਅਰਥ ਕੀਤਾ ਹੈ- ਵਾਹ (ਆਸ਼ਚਰ੍ਯ ਰੂਪ) ਗੁ (ਅੰਧਕਾਰ ਵਿੱਚ) ਰੁ (ਪ੍ਰਕਾਸ਼ ਕਰਨ ਵਾਲਾ). "ਵਾਹ ਨਾਮ ਅਚਰਜ ਕੋ ਹੋਈ। ਅਚਰਜ ਤੇ ਪਰ ਉਕਤਿ ਨ ਕੋਈ। ਗੋ ਤਮ ਤਨ ਅਗ੍ਯਾਨ ਅਨਿੱਤ। ਰੂ ਪਰਕਾਸ਼ ਕਿਯੋ ਜਿਨ ਚਿੱਤ." ਇਸ ਸ਼ਬਦ ਦਾ ਉੱਚਾਰਣ ਵਾਹਿਗੁਰੂ ਭੀ ਸਹੀ ਹੈ. ਦੇਖੋ, ਵਾਹਿਗੁਰੂ.
ਸਰੋਤ: ਮਹਾਨਕੋਸ਼