ਪਰਿਭਾਸ਼ਾ
ਇਹ ਮਨੀਰਾਮ ਰਾਜਪੂਤ ਦਾ ਪੁਤ੍ਰ, ਉਦਯਸਿੰਘ ਜੀ ਦਾ ਸਕਾ ਭਾਈ ਪਰਮ ਪ੍ਰੇਮੀ ਸ਼੍ਰੀ ਗੁਰੂ ਗੋਬਿੰਦਸਿੰਘ ਸਾਹਿਬ ਜੀ ਦਾ ਸਿੱਖ ਸੀ. ਸੰਮਤ ੧੭੫੮ ਵਿੱਚ ਪਹਾੜੀ ਰਾਜਿਆਂ ਨੇ ਆਨੰਦਪੁਰ ਆਕੇ ਘੇਰਿਆ ਅਰ ਇੱਕ ਮਸ੍ਤ ਹਾਥੀ ਲੋਹਗੜ੍ਹ ਕਿਲੇ ਦਾ ਦਰਵਾਜਾ ਤੋੜਨ ਨੂੰ ਅੱਗੇ ਕੀਤਾ. ਕਲਗੀਧਰ ਜੀ ਦੀ ਆਗ੍ਯਾ ਪਾਕੇ ਵੀਰ ਵਿਚਿਤ੍ਰ ਸਿੰਘ ਨੇ ਹਾਥੀ ਦੇ ਮੱਥੇ ਐਸਾ ਨੇਜਾ ਮਾਰਿਆ, ਜੋ ਲੋਹੇ ਦੇ ਤਵੇ ਨੂੰ ਭੰਨਕੇ ਅੰਦਰ ਜਾ ਧਸਿਆ, ਜਿਸ ਤੋਂ ਹਾਥੀ ਅਜੇਹਾ ਨੱਠਾ ਕਿ ਪਹਾੜੀ ਸੈਨਾ ਦੇ ਨਾਸ਼ ਦਾ ਕਾਰਣ ਹੋਇਆ. ਭਾਈ ਸੰਤੋਖਸਿੰਘ ਜੀ ਇਸ ਪ੍ਰਸੰਗ ਨੂੰ ਇਉਂ ਲਿਖਦੇ ਹਨ- ਤਬ ਵਿਚਿਤ੍ਰਸਿੰਘ ਰਿਦੇ ਵਿਚਾਰ੍ਯੋ,#ਇਹ ਅਵਸਰ ਅਬ ਮੇਰਾ,#ਹਤੋਂ ਮਤੰਗ ਅੰਗ ਮੇ ਬਰਛਾ,#ਕਰਕੈ ਓਜ ਘਨੇਰਾ,#ਚਰਬਤ ਓਠਨ ਲਾਲ ਬਿਲੋਚਨ,#ਫਰਕਤ ਮੂਛ ਉਠਾਈ.#ਭ੍ਰਿਕੁਟੀ ਚਢੀ ਕੁਟਿਲ, ਮੁਖ ਲਾਲੀ,#ਸਮਸ ਮਹਾਂ ਛਬਿ ਛਾਈ.#ਪਗ ਕੋ ਬਲ ਰਕਾਬ ਪਰ ਕਰਕੈ#ਉਛਰ੍ਯੋ ਆਸਨ ਛੋਰਾ,#ਸਭ ਸ਼ਰੀਰ ਸੋ ਓਜ ਸਁਭਰ ਕੈ,#ਹਯ ਫਾਂਧ੍ਯੋ ਗਜ ਓਰਾ,#ਸੈਫ ਬਚਾਇ ਚਲਾਇ ਸੁ ਬਰਛਾ,#ਤਵਾ ਫੁਲਾਦੀ ਫੋਰਾ,#ਧਸ੍ਯੋ ਜਾਇ ਰਾਜ ਮਸ੍ਤਕ ਮੇ ਜਬ,#ਪੁਨ ਕਰ ਜੁਗ ਕਰ ਜੋਰਾ,#ਕਰ੍ਯੋ ਧਸਾਵਨ ਪ੍ਰਵਿਸ੍ਯੋ ਐਸੇ,#ਉਪਮਾ ਕਹੋਂ ਬਨਾਈ,#ਕ੍ਰੋਂਚ ਸੈਲ ਮੇ ਜਨੁ ਸ਼ਿਵਨੰਦਨ,#ਬਰਛੀ ਮਾਰ ਧਸਾਈ,#ਵਾਸੁਕਿ ਕਿਧੌਂ ਬੇਗ ਕਰ ਦੀਰਘ,#ਵਿਨਤਾਸੁਤ ਕੇ ਤ੍ਰਾਸਾ,#ਦੇਖ ਰੰਧ੍ਰ ਗਿਰਿ ਵਿਖੈ ਪ੍ਰਵੇਸ੍ਯੋ,#ਨਹਿ ਪੁਨ ਬਦਨ ਨਿਕਾਸਾ. (ਗੁਪ੍ਰਸੂ)#ਵਿਚਿਤ੍ਰਸਿੰਘ ਦਿਨ ਵਿੱਚ ਕਈ- ਕਈ ਪੁਸਤਕਾਂ ਪਹਿਰਕੇ ਰੂਪ ਬਦਲਿਆ ਕਰਦਾ ਸੀ, ਇਸ ਲਈ ਦਸ਼ਮੇਸ਼ ਇਸ ਨੂੰ ਬਹੁਰੂਪੀਆ ਕਹਿਕੇ ਬੁਲਾਇਆ ਕਰਦੇ ਸਨ. ਦੇਖੋ, ਉਦਯਸਿੰਘ.
ਸਰੋਤ: ਮਹਾਨਕੋਸ਼