ਪਰਿਭਾਸ਼ਾ
ਜਿਲਾ ਤਸੀਲ ਅਤੇ ਥਾਣਾ ਅਮ੍ਰਿਤਸਰ ਦਾ ਪਿੰਡ, ਜੋ ਰੇਲਵੇ ਸਟੇਸ਼ਨ ਅਮ੍ਰਿਤਸਰ ਤੋਂ ਚਾਰ ਮੀਲ ਦੱਖਣ ਪੂਰਵ ਹੈ. ਇਸ ਪਿੰਡ ਤੋਂ ਲਹਿਁਦੇ ਵੱਲ ਆਬਾਦੀ ਦੇ ਨਾਲ ਹੀ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਜੀ ਦਾ ਗੁਰਦ੍ਵਾਰਾ ਹੈ. ਗੁਰੂਸਾਹਿਬ ਜਦ ਬਕਾਲੇ ਤੋਂ ਹਰਿਮੰਦਿਰ ਦੇ ਦਰਸ਼ਨ ਨੂੰ ਆਏ, ਤਦ ਮਸੰਦ ਇਹ ਸਮਝਕੇ ਕਿ ਕਿਤੇ ਗੁਰੂ ਸਾਹਿਬ ਹਰਿਮੰਦਿਰ ਪੁਰ ਕਬਜਾ ਨਾ ਕਰ ਲੈਣ, ਦਰਵਾਜੇ ਬੰਦ ਕਰਕੇ ਘਰੀਂ ਜਾ ਲੁਕੇ. ਗੁਰੂ ਸਾਹਿਬ- "ਨਹਿ ਮਸੰਦ ਤੁਮ ਅਮ੍ਰਿਤਸਰੀਏ। ਤ੍ਰਿਸਨਾਗਨਿ ਸੇ ਅੰਦਰ ਸੜੀਏ"- ਫਰਮਾਕੇ ਇੱਕ ਪਿੱਪਲ ਹੇਠ ਵੱਲੇ ਜਾ ਵਿਰਾਜੇ. ਇੱਥੇ ਹੁਣ ਗੁਰਦ੍ਵਾਰਾ ਬਣਿਆ ਹੋਇਆ ਹੈ. ਗੁਰੂ ਗ੍ਰੰਥਸਾਹਿਬ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ਪੁਜਾਰੀ ਨਿਰਮਲੇ ਸਿੰਘ ਹਨ. ਮਹਾਰਾਜਾ ਰਣਜੀਤਸਿੰਘ ਵੇਲੇ ਦੀ ੨੦. ਵਿੱਘੇ ਜ਼ਮੀਨ ਹੈ. ਕੁਝ ਦੁਕਾਨਾਂ ਹਨ, ਜਿਨ੍ਹਾਂ ਦਾ ਕਿਰਾਇਆ ਆਉਂਦਾ ਹੈ.#ਇਸ ਪਿੰਡ ਦੂਜਾ ਗੁਰਦ੍ਵਾਰਾ "ਕੋਠਾਸਾਹਿਬ" ਹੈ, ਜੋ ਪਿੰਡ ਦੀ ਆਬਾਦੀ ਵਿੱਚ ਹੈ. ਇਸ ਗ੍ਰਾਮ ਦੇ ਰਹਿਣ ਵਾਲੀ ਮਾਈ ਹਰਿਆਂ, ਪ੍ਰੇਮਭਾਵ ਨਾਲ ਨੌਵੇਂ ਸਤਿਗੁਰੂ ਨੂੰ ਆਪਣੇ ਘਰ ਲੈ ਗਈ ਸੀ, ਅਰ ਪੂਰਣ ਸ਼੍ਰੱਧਾ ਨਾਲ ਸੇਵਾ ਕੀਤੀ. ਇਸੇ ਥਾਂ ਅਮ੍ਰਿਤਸਰ ਦੀਆਂ ਮਾਈਆਂ ਨੇ ਹਾਜਿਰ ਹੋਕੇ ਮਸੰਦਾਂ ਦਾ ਅਪਰਾਧ ਬਖ਼ਸ਼ਵਾਇਆ. ਗੁਰੂ ਸਾਹਿਬ ਨੇ ਮਾਈਆਂ ਵਿੱਚ ਪ੍ਰੇਮ ਅਤੇ ਭਗਤਿ ਹੋਣ ਦਾ ਵਰਦਾਨ ਦਿੱਤਾ.#ਮਾਈ ਹਰਿਆਂ ਦਾ ਕੋਠਾ ਜਗਤਗੁਰੂ ਦੇ ਚਰਣ ਸਪਰਸਕੇ 'ਕੋਠਾਸਾਹਿਬ' ਹੋ ਗਿਆ ਹੈ. ਸੁੰਦਰ ਗੁਰਦ੍ਵਾਰਾ ਇੱਥੇ ਸ਼ੋਭਾ ਦੇ ਰਿਹਾ ਹੈ. ਸ਼੍ਰੀ ਗੁਰੂ ਗ੍ਰੰਥਸਾਹਿਬ ਦਾ ਨਿੱਤ ਪ੍ਰਕਾਸ਼ ਹੁੰਦਾ ਹੈ. ੭. ਘੁਮਾਉਂ ਜ਼ਮੀਨ ਕੂਏ ਸਮੇਤ ਅਤੇ ੪੧ ਰੁਪਏ ਮੁਆਫੀ ਸਿੱਖ ਰਾਜ ਸਮੇਂ ਦੀ ਗੁਰਦ੍ਵਾਰੇ ਨਾਲ ਹੈ. ਮਾਘ ਦੀ ਪੂਰਣਮਾਸੀ ਨੂੰ ਭਾਰੀ ਮੇਲਾ ਹੁੰਦਾ ਹੈ. ਪੁਜਾਰੀ ਸਿੰਘ ਹੈ.
ਸਰੋਤ: ਮਹਾਨਕੋਸ਼