ਸ਼ਮਸ ਤਬਰੇਜ਼ੀ
shamas tabarayzee/shamas tabarēzī

ਪਰਿਭਾਸ਼ਾ

[شمس تبریز] ਇੱਕ ਸੂਫੀ ਫਕੀਰ, ਜਿਸ ਦਾ ਨਾਉਂ ਮਖਦੂਮ ਸ਼ਾਹ ਸ਼ਮਸੁੱਦੀਨ ਸੀ. ਇਸ ਦਾ ਜਨਮ ੧੭. ਰਜਬ ਸਨ ੫੬੦ ਹਿਜਰੀ ਨੂੰ ਗਜਨੀ ਦੇ ਇਲਾਕੇ ਸਬਜ਼ਵਾਰ ਵਿੱਚ ਹੋਇਆ. ਭਾਰਤ ਦੀ ਸੈਰ ਕਰਦਾ ਇਹ ਮੁਲਤਾਨ ਆਇਆ. ਮੁਤੱਸਿਬ ਮੌਲਾਨਿਆਂ ਦੀ ਸ਼ਕਾਇਤ ਪੁਰ ਕਿ ਸ਼ਮਸੁੱਦੀਨ "ਅਨਲਹ਼ੱਕ਼" (ਅਹੰ ਬ੍ਰਹਮਾ੍ਸਿਮ੍‍) ਆਖਦਾ ਹੈ, ਮੁਲਤਾਨ ਦੇ ਹਾਕਮ ਦੇ ਹੁਕਮ ਅਨੁਸਾਰ ਇਸ ਦੀ ਖੱਲ ਉਤਰਵਾਈ ਗਈ. ਇਸ ਸਾਧੂ ਦਾ ਅਸਥਾਨ ਮੁਲਤਾਨ ਵਿੱਚ ਪ੍ਰਸਿੱਧ ਹੈ ਅਤੇ ਇਸ ਦੀ ਸੰਪ੍ਰਦਾਇ ਦੇ ਹਿੰਦੂ ਮੁਸਲਮਾਨ "ਸ਼ਮਸੀ" ਸਦਾਉਂਦੇ ਹਨ।#੨. ਸ਼ਮਸੁਦੀਨ ਮੁਹੰਮਦ, ਤਬਰੇਜ਼ ਦਾ ਵਸਨੀਕ ਇੱਕ ਹੋਰ ਸਾਧੂ ਹੋਇਆ ਹੈ, ਇਸ ਦਾ ਜਨਮ ਸਨ ੬੦੩ ਹਿਜਰੀ ਵਿੱਚ ਹੋਇਆ. ਇੱਕ ਵੇਰ ਇਸ ਨੇ ਮੁਰਦੇ ਨੂੰ ਇਹ ਆਖਕੇ ਕਿ ਮੇਰੇ ਹੁਕਮ ਨਾਲ ਉਠ ਖੜਾ ਹੋ, ਜ਼ਿੰਦਾ ਕਰ ਦਿੱਤਾ. ਇਸ ਅਪਰਾਧ ਕਾਰਣ ਸਨ ੬੪੫ ਹਿਜਰੀ ਵਿੱਚ ਅਲਾਉੱਦੀਨ ਮਹਮੂਦ ਨੇ ਇਸ ਦੀ ਖੱਲ ਉਤਰਵਾਕੇ ਖੂਹ ਵਿੱਚ ਸਿਟਵਾ ਦਿੱਤਾ. ਇਸੇ ਬਾਬਤ ਇਹ ਕਥਾ ਪ੍ਰਚਲਿਤ ਹੈ ਕਿ ਇੱਕ ਵਾਰ ਇਸ ਭੁੱਖੇ ਸ਼ਮਸ ਤਬਰੇਜ਼ੀ ਦੀ ਮੱਛੀ (ਕਿਤਨੇ ਲੇਖਕਾਂ ਅਨੁਸਾਰ ਮੁਰਦੇ ਬੈਲ ਦਾ ਮਾਸ) ਭੁੰਨਣ ਲਈ ਸੂਰਜ ਹੇਠ ਉਤਰ ਆਇਆ ਸੀ. ਮੌਲਾਨਾ ਰੂਮੀ ਜੋ ਪ੍ਰਸਿੱਧ ਕਵੀ ਹੋਇਆ ਹੈ, ਉਹ ਇਸੇ ਮਹਾਤਮਾ ਦਾ ਚੇਲਾ ਸੀ. ਭਾਈ ਸੰਤੋਖ ਸਿੰਘ ਆਦਿਕ ਕਵੀਆਂ ਨੇ ਇਨ੍ਹਾਂ ਦੋਹਾਂ ਸੰਤਾਂ ਦੀ ਕਥਾ ਮਿਲਾਕੇ ਖਿਚੜੀ ਕਰ ਦਿੱਤੀ ਹੈ.
ਸਰੋਤ: ਮਹਾਨਕੋਸ਼