ਪਰਿਭਾਸ਼ਾ
ਸਿੱਖਾਂ ਦੀਆਂ ੧੨. ਮਿਸਲਾਂ ਵਿੱਚੋਂ ਇੱਕ ਮਿਸਲ. ਇਸ ਦਾ ਜਥੇਦਾਰ ਸ਼ਹੀਦ ਦੀਪ ਸਿੰਘ ਪੋਹੂਵਿੰਡ ਪਿੰਡ (ਜਿਲਾ ਅਮ੍ਰਿਤਸਰ) ਦਾ ਜਿਮੀਦਾਰ ਸੀ, ਜਿਸ ਨੂੰ ਪੰਥ ਨੇ ਦਮਦਮਾ ਸਹਿਬ (ਤਲਵੰਡੀ ਸਾਬੋ ਦੇ ਗੁਰੁਧਾਮ) ਦੀ ਮਹੰਤੀ ਦਿੱਤੀ. ਇਹ ਧਰਮਵੀਰ ਦਰਬਾਰ ਅਮ੍ਰਿਤਸਰ ਦੀ ਰਖ੍ਯਾ ਲਈ ਸੰਮਤ ੧੮੧੭ ਵਿੱਚ ਸ਼ਹੀਦ ਹੋਇਆ. ਇਸ ਮਿਸਲ ਦੇ ਭਾਈ ਕਰਮ ਸਿੰਘ, ਗੁਰੁਬਖਸ਼ ਸਿੰਘ, ਸੁਧਾ ਸਿੰਘ ਆਦਿਕ ਮਸ਼ਹੂਰ ਸ਼ਹੀਦ ਹੋਏ ਹਨ, ਸ਼ਾਹਜ਼ਾਦਪੁਰੀਏ ਸਰਦਾਰ ਇਸ ਮਿਸਲ ਵਿਚੋਂ ਹਨ। ਜਿਨ੍ਹਾਂ ਨੂੰ ਪੰਥ ਨੇ ਦਮਦਮੇ ਸਾਹਿਬ ਦੀ ਸੇਵਾ ਸਪੁਰਦ ਕੀਤੀ ਸੀ. ਸਰਦਾਰ ਧਰਮ ਸਿੰਘ ਅਤੇ ਇਸ ਦੇ ਭਾਈ ਕਰਮ ਸਿੰਘ ਨੇ ਸੰਮਤ ੧੮੨੦ (ਸਨ ੧੭੬੩) ਵਿੱਚ ਸ਼ਾਹਜ਼ਾਦਪੁਰ ਫਤੇ ਕਰਕੇ ਆਪਣੀ ਰਿਆਸਤ ਕਾਇਮ ਕੀਤੀ. ਡਰੌਲੀ ਅਤੇ ਤੰਗੌਰੀਏ (ਜਿਲਾ ਅੰਬਾਲਾ ਦੇ) ਸਰਦਾਰ ਭੀ ਸ਼ਹੀਦਾਂ ਦੀ ਮਿਸਲ ਵਿੱਚੋਂ ਹਨ. ਸ਼ਹੀਦ ਨੱਥਾ ਸਿੰਘ, ਜਿਸ ਨੇ ਸਿਆਲਕੋਟ ਬਾਬੇ ਦੀ ਬੇਰ ਦੀ ਸੇਵਾ ਕੀਤੀ ਅਤੇ ਜਗੀਰ ਲਾਈ, ਉਹ ਭੀ ਇਸੇ ਮਿਸਲ ਵਿੱਚੋਂ ਸੀ.
ਸਰੋਤ: ਮਹਾਨਕੋਸ਼