ਪਰਿਭਾਸ਼ਾ
ਲਹੌਰ ਤੋਂ ਤਿੰਨ ਮੀਲ ਉੱਤਰ ਪੂਰਵ ਇੱਕ ਅੱਸੀ ਏਕੜ ਦਾ ਬਾਗ, ਜੋ ਉੱਚੇ ਨੀਵੇਂ ਤਿੰਨ ਦਰਜੇ ਰੱਖਕੇ ਬਾਦਸ਼ਾਹ ਸ਼ਾਹਜਹਾਂ ਨੇ ਸਨ ੧੬੩੪ ਵਿੱਚ ਆਪਣੇ ਅਹਿਲਕਾਰ ਅਲੀ ਮਰਦਾਨ ਖਾਂ ਦੀ ਮਾਰਫਤ ਤਿਆਰ ਕਰਵਾਇਆ. ਮੁੱਲਾ ਅਬਦੁਲਹਮੀਦ ਦੇ ਲੇਖ (ਬਾਦਸ਼ਾਹਨਾਮਹ) ਤੋਂ ਇਸ ਬਾਗ ਦੀ ਲਾਗਤ ਛੀ ਲੱਖ ਰੁਪਯਾ ਹੈ, ਬਰਨੀਅਰ (Bernier) ਲਿਖਦਾ ਹੈ ਕਿ ਇਸ ਬਾਗ ਤੇ ਦਸ ਲੱਖ ਪੌਂਡ ਖਰਚ ਆਇਆ ਹੈ. ਇਸ ਬਾਗ ਦੇ ਵਾਸਤੇ ਮਾਧੋਪੁਰ ਤੋਂ ਰਾਵੀ ਦੀ ਹਸਲੀ (ਨਹਿਰ) ਅਲੀ ਮਰਦਾਨ ਖਾਂ ਇੰਜਨੀਅਰ ਦੀ ਮਾਰਫਤ ਦੋ ਲੱਖ ਰੁਪਯਾ ਖਰਚ ਕਰਕੇ ਲਿਆਂਦੀ ਗਈ ਸੀ. ਇਸ ਬਾਗ ਦਾ ਨਾਉਂ ਪੁਰਾਣੀ ਕਿਤਾਬਾਂ ਵਿੱਚ "ਫ਼ਰਹ ਬਖ਼ਸ਼" ਭੀ ਦੇਖਿਆ ਜਾਂਦਾ ਹੈ. ਸ਼ਾਲਾਮਾਰ ਦੀ ਵ੍ਯਾਖਯਾ ਲੇਖ਼ਕਾਂ ਨੇ "ਆਨੰਦ ਦਾ ਘਰ" ਕੀਤੀ ਹੈ, ਜੋ ਦੋ ਸ਼ਬਦਾਂ ਦੇ ਮੇਲ ਤੋਂ ਹੈ. ਸੰਸਕ੍ਰਿਤ ਸ਼ਾਲਾ (ਘਰ) ਤੁਰਕੀ ਮਾਰ (ਆਨੰਦ). ਮੁਹ਼ੰਮਦ ਲਤੀਫ ਨੇ ਲਿਖਿਆ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੇ ਇਸ ਦਾ ਨਾਉਂ "ਸ਼ਾਹਲਾਬਾਗ" ਰੱਖਿਆ ਸੀ ਜਿਸ ਦਾ ਅਰਥ ਹੈ ਸ਼ਾਹਲਾ (ਮਾਸ਼ੂਕ) ਦਾ ਬਾਗ. ਜੇ ਅਸੀਂ "ਮਾਰ ਸ਼ਾਲਾ" (ਮਦਨ ਗ੍ਰਿਹ) ਕਲਪਨਾ ਕਰੀਏ ਤਦ ਭੀ ਅਯੋਗ ਨਹੀਂ ਹੈ.#ਇਸ ਬਾਗ ਦੇ ਵਿਚਕਾਰ ਇੱਕ ਵੱਡਾ ਸਾਰਾ ਤਾਲ ਹੈ, ਜਿਸਦੇ ਤੇਹਾਂ ਕਨਾਰਿਆਂ ਤੇ ਬੈਠਣ ਲਈ ਸੁੰਦਰ ਖੁਲੇ ਮਕਾਨ ਹਨ ਅਤੇ ਵਿਚਕਾਰ ਚਬੂਤਰਾ ਹੈ. ਇੱਥੇ ਬੈਠਕੇ ਲਹਿਰੀਏਦਾਰ ਪੱਥਰ ਦੀ ਚਾਦਰ ਉੱਪਰਦੀਂ ਝਰਦਾ ਪਾਣੀ ਬਹੁਤ ਹੀ ਸੁੰਦਰ ਪ੍ਰਤੀਤ ਹੁੰਦਾ ਹੈ. ਇਸੇ ਆਬਸ਼ਾਰ ਨੂੰ ਵੇਖਕੇ ਔਰੰਗਜ਼ੇਬ ਦੀ ਪੁਤ੍ਰੀ ਜ਼ੇਬੁੱਨਿਸਾ ਨੇ ਇਹ ਕਵਿਤਾ ਰਚੀ ਸੀ.# [اےآبشارنوحہ گرازبہرِیستی؟] # [چیں برجبیں فگندہ زاندوہکیسی] # [آیاچہ دّردبوُدکہ چوُں ماتمام شب] # [سرراپسنک مےزوی ومے کریستی#] ਅਰਥਾਤ-#ਹੇ ਡਿਗਦੇ ਪਾਣੀ ਦੇ ਝਰਣੇ! ਤੂੰ ਕਿਸ ਲਈ ਵਿਰਲਾਪ ਕਰਦਾ ਹੈਂ?#ਤੈਂ ਕਿਸ ਦੇ ਗਮ ਵਿੱਚ ਮੱਥੇ ਤੇ ਤਿਉੜੀਆਂ ਪਾਈਆਂ ਹਨ?#ਤੈਨੂੰ ਕੀ ਦੁੱਖ ਸੀ ਕਿ ਸਾਰੀ ਰਾਤ ਸਾਡੇ ਵਾਂਙ,#ਸਿਰ ਨੂੰ ਪੱਥਰ ਤੇ ਮਾਰਕੇ ਰੋਂਦਾ ਰਿਹਾ ਹੈਂ?#ਸ਼ਾਲਾਮਾਰ ਦੇ ਫੁਹਾਰੇ (ਜਲਯੰਤ੍ਰ) ਬਹੁਤ ਮਨੋਹਰ ਹਨ. ਹੁਣ ਇਸ ਥਾਂ ਮਾਨਯੋਗ ਸੱਜਨਾਂ ਅਤੇ ਸਰਕਾਰੀ ਕਰਮਚਾਰੀਆਂ ਨੂੰ ਦਾਵਤ ਦਿੱਤੀ ਜਾਂਦੀ ਹੈ.#ਇਸ ਬਾਗ ਦੀ ਪਹਿਲੀ ਮੰਜਿਲ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਦੀ ਬਣਵਾਈ ਇੱਕ ਤਿਦਰੀ ਹੈ, ਜਿਸ ਹੇਠ ਤੈਹਖਾਨਾ ਹੈ. ਇਸ ਥਾਂ ਤੁਰਕਿਸਤਾਨ ਨੂੰ ਜਾਂਦਾ ਹੋਇਆ ਵਿਲੀਅਮ ਮੂਰਕ੍ਰਾਫਟ (William Moorcroft) ਸਨ ੧੮੨੦ ਵਿੱਚ ਠਹਿਰਿਆ ਸੀ।
ਸਰੋਤ: ਮਹਾਨਕੋਸ਼