ਸ਼ਾਹਜਹਾਂ
shaahajahaan/shāhajahān

ਪਰਿਭਾਸ਼ਾ

[شاہجہان] ਰਾਜਾ ਉਦਯ ਸਿੰਘ ਜੋਧਪੁਰੀ ਦੀ ਕੰਨ੍ਯਾ ਬਾਲਮਤੀ (ਜੋਧਬਾਈ) ਦੇ ਉਦਰ ਤੋਂ ਜਹਾਂਗੀਰ ਦਾ ਤੀਜਾ ਪੁਤ੍ਰ, ਜਿਸ ਦਾ ਜਨਮ ੫. ਜਨਵਰੀ ਸਨ ੧੫੯੩ ਨੂੰ ਲਾਹੌਰ ਹੋਇਆ. ਇਸ ਦਾ ਪਹਿਲਾ ਨਾਉਂ ਮਿਰਜ਼ਾ ਖ਼ੁੱਰਮ ਸੀ. ਇਹ ਬਾਪ ਦੇ ਮਰਣ ਪਿੱਛੋਂ ਸਨ ੧੬੨੮ ਵਿੱਚ ਤਖਤ ਤੇ ਬੈਠਾ.¹ ਇਸ ਦੇ ਅਹਿਦ ਵਿੱਚ ਰਾਜ ਦੀ ਵੱਡੀ ਤਰੱਕੀ ਹੋਈ. ਮੁਆਮਲਾ ੨੩ ਕਰੋੜ ਰੁਪਯਾ ਵਸੂਲ ਹੁੰਦਾ ਸੀ.#ਸ਼ਾਹਜਹਾਂ ਨੂੰ ਇਮਾਰਤਾਂ ਦਾ ਵਡਾ ਸ਼ੌਕ ਸੀ. ਆਗਰੇ ਵਿੱਚ ਮੌਤੀ ਮਸਜਿਦ ਅਤੇ ਆਪਣੀ ਪਿਆਰੀ ਬੇਗਮ ਅਰਜਮੰਦ ਬਾਨੂ ਦਾ ਮਕਬਰਾ (ਜਿਸ ਦੇ ਨਾਮ ਮੁਮਤਾਜ਼ ਮਹਲ ਅਤੇ ਕੁਦਸੀਆ ਬੇਗਮ ਭੀ ਹਨ, ਜੋ ਨੂਰਜਹਾਂ ਦੇ ਭਾਈ ਆਸਿਫ ਖਾਂ ਦੀ ਪੁਤ੍ਰੀ ਸੀ. ਜਿਸ ਦਾ ਜਨਮ ਸਨ ੧੫੯੨ ਅਤੇ ਦੇਹਾਂਤ ੭. ਜੁਲਾਈ ਸਨ ੧੬੩੧ ਨੂੰ ਹੋਇਆ) ਚਾਰ ਕਰੋੜ ਪੰਜਾਹ ਲੱਖ ਰੁਪਯਾ ਖਰਚਕੇ ਬਣਵਾਇਆ, ਜੋ "ਤਾਜ" ਨਾਉਂ ਤੋਂ ਪ੍ਰਸਿੱਧ ਹੈ. ਕਈ ਲੇਖਕਾਂ ਨੇ ਤਾਜ ਮਹਿਲ ਦੀ ਲਾਗਤ ਇੱਕ ਕਰੋੜ ਸਾਢੇ ਬਾਰਾਂ ਲੱਖ ਲਿਖੀ ਹੈ.#ਜੋ ਇਸ ਵੇਲੇ ਲਾਲ ਕਿਲੇ ਦੇ ਸਾਮ੍ਹਣੇ ਜਮਨਾ ਕਿਨਾਰੇ ਵਸੀ ਹੋਈ ਦਿੱਲੀ ਦੇਖੀ ਜਾਂਦੀ ਹੈ, ਇਹ ਇਸੇ ਬਾਦਸ਼ਾਹ ਨੇ ਸਨ ੧੬੩੧ ਵਿੱਚ ਆਬਾਦ ਕੀਤੀ ਹੈ, ਇਸ ਦਾ ਨਾਉਂ ਉਸ ਨੇ "ਸ਼ਾਹਜਹਾਨਾਬਾਦ" ਰੱਖਿਆ, ਦਿੱਲੀ ਦਾ ਲਾਲ ਕਿਲਾ, ਦੀਵਾਨ ਖਾਸ, ਦੀਵਾਨ ਆਮ, ਅਰ ਜਾਮਾ ਮਸਜਿਦ ਆਦਿਕ ਸੁੰਦਰ ਇਮਾਰਤਾਂ ਸ਼ਾਹਜਹਾਨ ਦੀ ਕੀਰਤੀ ਪ੍ਰਗਟ ਕਰਦੀਆਂ ਹਨ. ਤਖਤ ਤਾਊਸ, ਜਿਸ ਤੇ ਸੱਤ ਕਰੋੜ ਦਸ ਲੱਖ ਰੁਪਯਾ ਖਰਚ ਹੋਇਆ ਸੀ, ਇਸੇ ਬਾਦਸ਼ਾਹ ਨੇ ਬਣਵਾਇਆ ਸੀ. ਜਗਤਪ੍ਰਸਿੱਧ ਕੋਹਨੂਰ ਹੀਰਾ, ਜਿਸ ਦਾ ਵਜਨ ੩੧੯ ਰੱਤੀ ਅਤੇ ਉਸ ਸਮੇਂ ੭੮੧੫੨੨੫) ਰੁਪਯੇ ਕੀਮਤ ਦਾ ਜਾਚਿਆ ਗਿਆ ਸੀ, ਮੀਰ ਜੁਮਲਾ ਨੇ ਇਸੇ ਚਕ੍ਰਵਰਤੀ ਮਹਾਰਾਜਾ ਨੂੰ ਨਜਰ ਕੀਤਾ ਸੀ.#ਕਈ ਖੋਟੇ ਮੰਤ੍ਰੀਆਂ ਦੀ ਨਾਲਾਇਕੀ ਕਰਕੇ ਇਸ ਨੇ ਈਸਾਈਆਂ, ਹਿੰਦੂਆਂ ਦੇ ਧਰਮ ਦੇ ਵਿਰੁੱਧ ਹੱਥ ਚੁੱਕਿਆ, ਇਸੇ ਤਰਾਂ ਇਸਦਾ ਵਿਰੋਧ ਸ਼੍ਰੀ ਗੁਰੂ ਹਰਿਗੋਬਿੰਦ ਸਾਹਿਬ ਨਾਲ ਹੋ ਗਿਆ, ਜਿਸ ਕਾਰਣ ਗੁਰੂ ਸਾਹਿਬ ਨੂੰ ਸ੍ਵਰਖ੍ਯਾ ਲਈ ਸ਼ਸਤ੍ਰ, ਚੁੱਕਣੇ ਪਏ.#ਸ਼ਾਹਜਹਾਂ ਦੇ ਚਾਰ ਪੁਤ੍ਰ ਸਨ- ਦਾਰਾਸ਼ਿਕੋਹ, ਸ਼ੁਜਾ, ਔਰੰਗਜ਼ੇਬ ਅਤੇ ਮੁਰਾਦ. ਇੱਕ ਵਾਰ ਜਦ ਸ਼ਾਹਜਹਾਂ ਬੀਮਾਰ ਹੋ ਗਿਆ ਤਦ ਉਸ ਨੂੰ ਔਰੰਗਜ਼ੇਬ ਨੇ, (ਆਪਣੇ ਭਾਈਆਂ ਨੂੰ ਪਹਿਲਾਂ ਕਾਬੂ ਕਰਕੇ), ਆਗਰੇ ਦੇ ਕਿਲੇ ਸਨ ੧੬੫੮ ਵਿੱਚ ਕੈਦ ਕਰ ਲਿਆ. ਸੱਤ ਵਰ੍ਹੇ ਬੇਟੇ ਦੀ ਬੰਦੀ ਵਿੱਚ ਰਹਿਕੇ (੨੩ ਜਨਵਰੀ ਸਨ ੧੬੬੬) ਸੰਮਤ ੧੭੨੩ ਵਿੱਚ ਹੁਕੂਮਤ ਨੂੰ ਤਰਸਦਾ ਹੋਇਆ ਸ਼ਾਹਜਹਾਂ ਦੁਨੀਆਂ ਤੋਂ ਕੂਚ ਕਰ ਗਿਆ, ਅਤੇ ਆਪਣੀ ਪਿਆਰੀ ਬੇਗਮ ਦੇ ਪਾਸ ਆਗਰੇ ਤਾਜ ਅੰਦਰ ਦਫਨ ਕੀਤਾ ਗਿਆ.
ਸਰੋਤ: ਮਹਾਨਕੋਸ਼