ਸ਼ਾਹਭੀਖ
shaahabheekha/shāhabhīkha

ਪਰਿਭਾਸ਼ਾ

ਇਸ ਮਹਾਤਮਾ ਦਾ ਜਨਮ ਸਯਦ ਕੁਲ ਵਿੱਚ ਪਿੰਡ ਸਿਆਨਾ (ਤਸੀਲ ਕੈਥਲ ਜਿਲਾ ਕਰਨਾਲ) ਵਿੱਚ ਹੋਇਆ. ਸ਼ਾਹ ਜੀ ਦੇ ਬਜ਼ੁਰਗ ਕੁਹੜਾਮ (ਘੁੜਾਮ)¹ਰਹਿੰਦੇ ਸਨ ਇਸ ਲਈ ਭਾਈ ਸੰਤੋਖ ਸਿੰਘ ਆਦਿਕਾਂ ਨੇ ਇਨ੍ਹਾਂ ਨੂੰ ਕੁਹੜਾਮ ਨਿਵਾਸੀ ਲਿਖਿਆ ਹੈ.²#ਸ਼ਾਹ ਭੀਖ ਜੀ ਅੱਬੁਲ ਮੁਆ਼ਲੀ ਸ਼ਾਹ ਦੇ ਮੁਰੀਦ ਹੋਏ, ਜੋ ਪਿੰਡ ਅੰਬਹਿਟਾ (ਜਿਲਾ ਸਹਾਰਨਪੁਰ) ਦੇ ਵਸਨੀਕ ਸੇ. ਭੀਖ ਜੀ ਨੇ ਆਪਣੀ ਉਮਰ ਦਾ ਬਹੁਤ ਹਿੱਸਾ ਠਸਕੇ ਨਗਰ ਰਹਿਕੇ ਵਿਤਾਇਆ, (ਜੋ ਤਸੀਲ ਥਨੇਸਰ ਅਤੇ ਜਿਲਾ ਕਰਨਾਲ ਵਿੱਚ ਹੈ). ਇਨ੍ਹਾਂ ਦੇ ਪ੍ਰੇਮ ਨੂੰ ਵੇਖਕੇ ਮਹਾਤਮਾ ਮੁਆ਼ਲੀ ਸ਼ਾਹ ਜੀ ਭੀ ਠਸਕੇ ਆ ਰਹੇ, ਅਰ ਸ਼ਾਹ ਭੀਖ ਜੀ ਉਨ੍ਹਾਂ ਦੀ ਤਨ ਮਨ ਤੋਂ ਸੇਵਾ ਕਰਦੇ ਰਹੇ.#ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਜਨਮ, ਆਪਣੀ ਆਤਮਿਕ ਸ਼ਕਤੀ ਨਾਲ ਮਲੂਮ ਕਰਕੇ ਸ਼ਾਹਭੀਖ ਜੀ ਪਟਨੇ ਪਹੁਚੇ ਅਤੇ ਮਿਠਿਆਈ ਦੀਆਂ ਦੋ ਮਟਕੀਆਂ ਭੇਟਾ ਕੀਤੀਆਂ. ਬਾਲਗੁਰੂ ਜੀ ਨੇ ਦੋਹਾਂ ਮਟਕੀਆਂ ਤੇ ਹੱਥ ਰੱਖਿਆ. ਮੁਰੀਦਾਂ ਦੇ ਪੁੱਛਣ ਤੋਂ ਪੀਰ ਜੀ ਨੇ ਦੱਸਿਆ ਕਿ ਮੈ ਮਲੂਮ ਕਰਨਾ ਚਾਹੁੰਦਾ ਸੀ ਕਿ ਇਹ ਵਲੀ ਪੁਰਖ ਹਿੰਦੂਆਂ ਦਾ ਪੱਖ ਕਰੂ ਜਾਂ ਮੁਸਲਮਾਨਾਂ ਦਾ, ਸੋ ਮੇਰੇ ਦਿਲ ਦੀ ਜਾਣਕੇ ਉਸਨੇ ਦੋਹਾਂ ਤੇ ਹੱਥ ਰੱਖਕੇ ਮੈਨੂੰ ਨਿਸ਼ਚੇ ਕਰਵਾ ਦਿੱਤਾ ਹੈ ਕਿ ਇਹ ਦੋਹਾਂ ਦਾ ਸਰਪਰਸ੍ਤ ਅਤੇ ਸ਼ੁਭਚਿੰਤਕ ਹੈ.#ਸ਼ਾਹ ਭੀਖ ਜੀ ਸੈਯਦ (ਮੀਰ) ਸਨ, ਇਸ ਲਈ ਠਸਕੇ ਦਾ ਨਾਉਂ ਹੁਣ "ਠਸਕਾ ਮੀਰਾਂ ਜੀ" ਹੈ, ਜੋ ਮੁਗਲ ਰਾਜ ਵੱਲੋਂ ਪੀਰ ਜੀ ਦੀ ਖਾਨਕਾਹ ਨੂੰ ਜਾਗੀਰ ਹੈ, ਜਿਸ ਦੀ ਆਮਦਨ ਇਸ ਵੇਲੇ ੩੦੦੦) ਸਾਲਾਨਾ ਹੈ.#ਕਈ ਲੇਖਕਾਂ ਨੇ ਸ਼ਾਹਭੀਖ ਜੀ ਨੂੰ ਸੈਯਦ ਭੀਖ, ਭੀਖਨ ਸ਼ਾਹ ਭੀ ਲਿਖਿਆ ਹੈ.
ਸਰੋਤ: ਮਹਾਨਕੋਸ਼