ਪਰਿਭਾਸ਼ਾ
ਉਹ ਪੰਛੀ, ਜੋ ਸ਼ਿਕਾਰ ਕਰਦੇ ਹਨ। ੨. ਉਹ ਪੰਛੀ ਜਿਨ੍ਹਾਂ ਨੂੰ ਪਾਲਕੇ ਅਤੇ ਸਿਖਾਕੇ ਜੀਵਾਂ ਦਾ ਸ਼ਿਕਾਰ ਕੀਤਾ ਜਾਵੇ. ਜੋ ਖਾਸ ਕਰਕੇ ਪੰਛੀ ਸ਼ਿਕਾਰ ਲਈ ਰੱਖੇ ਜਾਂਦੇ ਹਨ ਉਨ੍ਹਾਂ ਵਿਚੋਂ ਬਾਜ਼, ਜੁਰਰਾ, ਬਾਸ਼ਾ, ਬਸ਼ੀਨ, ਸ਼ਿਕਰਾ, ਚਿਪਕ, ਬੇਸਰਾ, ਧੂਤੀ (ਅਥਵਾ ਤੂਧੀ) ਗੁਲਾਬਚਸ਼ਮ ਹਨ, ਅਰਥਾਤ ਗੁਲਾਬੀ ਝਲਕ ਨਾਲ ਪੀਲੀ ਅੱਖ ਵਾਲੇ ਹਨ, ਅਰ ਚਰਗ, ਚਰਗੇਲਾ, ਲਗੜ, ਝਗੜ, ਤੁਰਮਤੀ, ਤੁਰਮਤਾ, ਬਹਰੀ, ਬਹਰੀਬੱਚਾ, ਕੁਹੀ, ਕੋਹੀਲਾ, ਛਿੱਕੁਲ, ਢੇਡੀ, ਉਕਾਬ, ਕੁਰਲ, ਸ੍ਯਾਹਚਸ਼ਮ ਹਨ, ਸ੍ਯਾਹਚਸ਼ਮ ਨਾਲੋਂ ਗੁਲਾਬਚਸ਼ਮ ਜਾਦਾ ਵਫਾਦਾਰ ਹੁੰਦੇ ਹਨ।#ਸ਼ਿਕਾਰੀ ਪੰਛੀਆਂ ਦੀ ਮਦੀਨ ਨੂੰ ਨਰ ਵਾਂਙ ਬੁਲਾਇਆ ਜਾਂਦਾ ਹੈ, ਜੈਸੇ- ਬਾਜ਼ ਬਹੁਤ ਅੱਛਾ ਸ਼ਿਕਾਰ ਕਰਦਾ ਹੈ, ਸ਼ਿਕਰਾ ਸ਼ਿਕਾਰ ਤੇ ਛੱਡਿਆ ਹੈ ਆਦਿ. ਸ਼ਿਕਾਰੀ ਪੰਛੀਆਂ ਦੇ ਨਰ, ਮਦੀਨ ਨਾਲੋਂ ਕੱਦ ਵਿੱਚ ਛੋਟੇ ਹੁੰਦੇ ਹਨ, ਇਸ ਦੇ ਉਲਟ ਹੋਰ ਪੰਛੀਆਂ ਦਾ ਨਰ ਕੱਦ ਵਿੱਚ ਵਡਾ ਹੋਇਆ ਕਰਦਾ ਹੈ. ਸ਼ਿਕਾਰੀ ਪੰਛੀ ਕੇਵਲ ਮਾਸ ਖਾਕੇ ਗੁਜਾਰਾ ਕਰਦੇ ਹਨ ਬੱਚੇ ਨੂੰ ਭੀ ਮਾਸ ਨਾਲ ਹੀ ਪਾਲਦੇ ਹਨ. ਜਦ ਬੱਚਾ ਬਹੁਤ ਛੋਟਾ ਹੁੰਦਾ ਹੈ ਤਾਂ ਆਪਣੇ ਮੇਦੇ ਵਿੱਚੋਂ ਅਧਪਚਿਆ ਮਾਸ ਉਗਲਕੇ ਉਸ ਨੂੰ ਖਵਾਉਂਦੇ ਹਨ.#ਦਸਮਗ੍ਰੰਥ ਵਿੱਚ ਸ਼ਿਕਾਰੀ ਪੰਛੀਆਂ ਦੇ ਕੁਝ ਨਾਉਂ ਇਕ ਸਵੈਯੇ ਵਿੱਚ ਆਏ ਹਨ ਯਥਾ-#ਬੇਸਰੇ ਔਰ ਕੁਹੀ ਬਹਰੀ ਅਰੁ#ਬਾਜ ਜੁਰੇ ਬਹੁਤੇ ਸੰਗ ਲੀਨੇ,#ਬਾਸ਼ੇ ਘਨੇ ਲਗਰਾ ਚਰਗੇ#ਸ਼ਿਕਰੇਨ ਕੇ ਫੇਟ ਭਲੀ ਬਿਧਿ ਕੀਨੇ,#ਧੂਤੀ ਉਕਾਬ ਬਸੀਨਨ ਕੋ ਸਜ#ਕੰਠ ਜਗੋਲਨ ਦ੍ਵਾਲ ਨਵੀਨੇ,#ਜਾਂਕਹੁ ਹੇਰ ਚਲਾਵਤ ਭੇ ਤਿਨ#ਪੰਛਿਨ ਤੇ ਇਕ ਜਾਨ ਨ ਦੀਨੇ.#(ਕ੍ਰਿਸਨਾਵ) ੨੦੯੦#ਇਨ੍ਹਾਂ ਪੰਛੀਆਂ ਦਾ ਹਾਲ ਅੱਖਰਕਰਮ ਅਨੁਸਾਰ ਇਸ ਕੋਸ਼ ਵਿੱਚ ਵੇਖੋ.
ਸਰੋਤ: ਮਹਾਨਕੋਸ਼