ਸ਼ੁਨਹਸ਼ੇਫ
shunahashaydha/shunahashēpha

ਪਰਿਭਾਸ਼ਾ

ਸ਼ੁਨ (ਕੁੱਤੇ) ਜੇਹੀ ਸ਼ੇਫ (ਇੰਦ੍ਰੀ) ਵਾਲਾ. ਅਜੀਗਰਤ ਦਾ ਪੁਤ੍ਰ ਇੱਕ ਰਿਖੀ. ਐਤ੍ਰੇਯਬ੍ਰਾਹਮਣ ਵਿੱਚ ਇਸ ਦੀ ਕਥਾ ਇਉਂ ਲਿਖੀ ਹੈ ਕਿ ਇਕ੍ਸ਼੍‌ਵਾਕੁ ਵੰਸ਼ੀ ਰਾਜੇ ਹਰਿਸ਼ਚੰਦ੍ਰ ਦੇ ਘਰ ਕੋਈ ਸੰਤਾਨ ਨਹੀਂ ਸੀ, ਤਾਂ ਉਸ ਨੇ ਮੰਨਤ ਮੰਨੀ (ਸੁੱਖਣਾ ਸੁੱਖੀ) ਕਿ ਜੇ ਮੇਰੇ ਘਰ ਬਾਲਕ ਹੋਵੇ, ਤਾਂ ਮੈ ਵਰੁਣ ਨੂੰ ਦੇਵਾਂ. ਹਰਿਸ਼ਚੰਦ੍ਰ ਦੇ ਇੱਕ ਬੇਟਾ ਜੰਮਿਆਂ, ਜਿਸ ਦਾ ਨਾਉਂ ਰੋਹਿਤ ਰੱਖਿਆ. ਰਾਜੇ ਨੇ ਆਪਣੇ ਵਚਨ ਅਨੁਸਾਰ ਪੁਤ੍ਰ ਦੀ ਬਲਿ ਦੇਣੀ ਚਾਹੀ, ਤਾਂ ਰੋਹਿਤ ਨੇ ਆਪਣੇ ਪ੍ਰਾਣ ਦੇਣੇ ਨਾ ਮੰਨੇ ਅਤੇ ਘਰੋਂ ਨੱਠ ਗਿਆ ਅਰ ਛੀ ਵਰ੍ਹੇ ਬਣ ਵਿੱਚ ਰਿਹਾ. ਰੋਹਿਤ ਨੂੰ ਉਥੇ ਇੱਕ ਗਰੀਬ ਬ੍ਰਾਹਮਣ ਅਜੀਗਰਤ ਮਿਲਿਆ, ਜਿਸਦਾ ਪਤ੍ਰ ਸ਼ੁਨਹਸ਼ੇਫ, ਸੌ ਗਾਈਆਂ ਮੁੱਲ ਵਿੱਚ ਦੇ ਕੇ, ਆਪਣੀ ਥਾਂ ਤੇ ਬਲਿਦਾਨ ਦੇਣ ਲਈ ਰੋਹਿਤ ਨੇ ਮੁੱਲ ਲੈ ਲਿਆ, ਅਰ ਵਰੁਣ ਨੇ ਭੀ ਇਹ ਵਟਾਂਦਰਾ ਮੰਨ ਲਿਆ. ਜਦ ਬਲਿਦਾਨ ਦਾ ਵੇਲਾ ਆਇਆ, ਤਾਂ ਸ਼ੁਨਹਸ਼ੇਫ ਨੇ ਵਰੁਣ ਦੀ ਮਹਿਮਾ ਦੇ ਕਈ ਮੰਤ੍ਰ ਪੜ੍ਹਕੇ ਆਪਣੇ ਆਪ ਨੂੰ ਬਚਾ ਲਿਆ ਅਤੇ ਵਿਸ਼੍ਵਾਮਿਤ੍ਰ ਦੇ ਘਰ ਜਾ ਪੁੱਜਾ.#ਰਾਮਾਇਣ ਵਿੱਚ ਇਹ ਗੱਲ ਹੋਰ ਤਰਾਂ ਲਿਖੀ ਹੈ ਕਿ ਅਯੋਧ੍ਯਾ ਦਾ ਰਾਜਾ ਅੰਬਰੀਸ ਬਲਿਦਾਨ ਦੇਣ ਲੱਗਾ ਸੀ, ਕਿ ਇੰਦ੍ਰ ਉਸ ਦੇ ਪਸ਼ੂ ਨੂੰ ਚੁਰਾਕੇ ਲੈ ਗਿਆ ਪੁਰੋਹਿਤ ਨੇ ਕਿਹਾ ਕਿ ਇਸ ਦੀ ਥਾਂ ਤੇ ਕਿਸੇ ਆਦਮੀ ਦੀ ਬਲਿ ਦੇਣੀ ਜਰੂਰੀ ਹੈ. ਰਾਜੇ ਨੇ ਵਡੀ ਖੋਜ ਮਗਰੋਂ ਇੱਕ ਬ੍ਰਾਹਮਣ ਲੱਭਿਆ, ਜਿਸ ਦਾ ਨਾਉਂ ਰਿਚੀਕ ਸੀ ਅਤੇ ਉਸ ਦਾ ਛੋਟਾ ਪੁਤ੍ਰ ਸ਼ੁਨਹਸ਼ੇਫ ਸੀ. ਰਿਖੀ ਨੇ ਸ਼ੁਨਹਸ਼ੇਫ ਦੀ ਮਰਜੀ ਅਨੁਸਾਰ ਉਸ ਨੂੰ ਇੱਕ ਲੱਖ ਗਾਈਆਂ, ਇੱਕ ਕਰੋੜ ਮੋਹਰਾਂ ਅਤੇ ਹੋਰ ਕਈ ਗਹਿਣੇ ਲੈ ਕੇ ਵੇਚ ਦਿੱਤਾ. ਸ਼ੁਨਹਸ਼ੇਫ ਆਪਣੇ ਮਾਮੇ ਨੂੰ ਮਿਲਿਆ ਤਾਂ ਉਸ ਨੇ ਇਸ ਨੂੰ ਇੰਦ੍ਰ ਦੀ ਵਡਿਆਈ ਦੇ ਦੋ ਮੰਤ੍ਰ ਦੱਸੇ ਅਤੇ ਕਿਹਾ ਕਿ ਬਲਿਦਾਨ ਵੇਲੇ ਇਹ ਮੰਤ੍ਰ ਪੜ੍ਹ ਦੇਵੀਂ. ਜਦ ਭੇਟਾ ਦਿੱਤੀ ਜਾਣ ਲੱਗੀ, ਤਾਂ ਇਸ ਨੇ ਉਹ ਮੰਤ੍ਰ ਪੜ੍ਹੇ. ਇੰਦ੍ਰ ਨੇ ਪ੍ਰਸੰਨ ਹੋ ਕੇ ਸ਼ੁਨਹਸ਼ੇਫ ਨੂੰ ਵਡੀ ਉਮਰ ਹੋਣ ਦਾ ਵਰ ਦਿੱਤਾ. ਰਿਗਵੇਦ ਵਿੱਚ ਸੱਤ ਸ਼ਲੋਕ ਸ਼ੁਨਹਸ਼ੇਫ ਦੇ ਨਾਉਂ ਦੇ ਦਿੱਤੇ ਹਨ.¹
ਸਰੋਤ: ਮਹਾਨਕੋਸ਼