ਪਰਿਭਾਸ਼ਾ
ਜਿਲਾ ਗੁਰਦਾਸਪੁਰ ਦੀ ਬਟਾਲਾ ਤਸੀਲ ਵਿੱਚ ਬਿਆਸ ਦੇ ਉੱਤਰੀ ਕਿਨਾਰੇ ਤੇ ਸ਼੍ਰੀ ਗੁਰੂ ਅਰਜਨਦੇਵ ਜੀ ਦਾ ਸੰਮਤ ੧੬੪੪ ਵਿੱਚ ਵਸਾਇਆ ਇੱਕ ਨਗਰ, ਜੋ ਚੰਦੂ ਦੀ ਸ਼ਰਾਰਤ ਨਾਲ ਭਗਵਾਨ ਦਾਸ ਘੇਰੜ ਨੂੰ ਮਿਲ ਗਿਆ ਸੀ. ਗੁਰੁ ਪ੍ਰਤਾਪ ਸੂਰਯ ਵਿੱਚ ਲਿਖਿਆ ਹੈ ਕਿ ਇਹ ਨਗਰ ਛੀਵੇਂ ਸਤਿਗੁਰੂ ਨੇ ਵਸਾਇਆ ਹੈ, ਪਰ ਇਹ ਸਹੀ ਨਹੀਂ. ਕਰਤਾਰਪੁਰ ਵਾਲੇ ਪ੍ਰਾਚੀਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਕਿਨਾਰੇ ਦੇ ਪੱਤਰਿਆਂ ਉੱਤੇ ਨੋਟ ਹੈ ਕਿ ਸ਼੍ਰੀ ਗੋਬਿੰਦਪੁਰ ਸੰਮਤ ੧੬੪੪ ਵਿੱਚ ਆਬਾਦ ਹੋਇਆ ਹੈ.#ਜਦ ਛੀਵੇਂ ਸਤਿਗੁਰੂ ਜੀ ਸੰਮਤ ੧੬੮੭ ਵਿੱਚ ਇਸ ਥਾਂ ਆਏ, ਤਾਂ ਭਗਵਾਨ ਦਾਸ ਨੇ ਭਾਰੀ ਵਿਰੋਧ ਕੀਤਾ, ਜਿਸ ਦਾ ਫਲ ਉਸ ਨੇ ਅਤੇ ਉਸ ਦੇ ਸਾਥੀਆਂ ਨੇ ਸ਼੍ਰੀ ਗੋਬਿੰਦਪੁਰ ਦੇ ਜੰਗ ਵਿੱਚ ਪਾਇਆ.#ਇਸ ਦੀ ਮਾਲਕੀਯਤ ਕਰਤਾਰਪੁਰ ਦੇ ਰਈਸ ਸੋਢੀ ਸਾਹਿਬ ਦੇ ਪਾਸ ਹੈ. ਸ੍ਰੀ ਗੋਬਿੰਦਪੁਰ (ਅਥਵਾ ਹਰਿਗੋਬਿੰਦਪੁਰ) ਵਿੱਚ ਦੋ ਗੁਰੁਦ੍ਵਾਰੇ ਹਨ. ਇੱਕ ਗੁਰੂ ਕੇ ਮਹਲ ਜੋ ਗੁਰੂ ਸਾਹਿਬ ਨੇ ਆਪਣੇ ਨਿਵਾਸ ਲਈ ਬਣਵਾਏ. ਦੂਜਾ ਦਮਦਮਾ ਸਾਹਿਬ ਹੈ ਜੋ ਸ਼ਹਿਰ ਤੋਂ ਪੱਛਮ ਵੱਲ ਅੱਧ ਮੀਲ ਹੈ. ਇਹ ਗੁਰੂ ਸਾਹਿਬ ਦਾ ਜੰਗ ਸਮਾਪਤ ਕਰਕੇ ਦੀਵਾਨ ਲਾਉਣ ਦਾ ਥਾਂ ਹੈ. ਮੇਲਾ ਵੈਸਾਖੀ ਅਤੇ ਹੋਲੇ ਨੂੰ ਲਗਦਾ ਹੈ. ਰੇਲਵੇ ਸਟੇਸ਼ਨ ਬਟਾਲੇ ਤੋਂ ੨੧. ਮੀਲ ਦੱਖਣ ਵੱਲ ਇਹ ਨਗਰ ਹੈ.#ਕਈ ਲੇਖਕਾਂ ਨੇ ਇਸ ਦਾ ਨਾਉਂ ਸ਼੍ਰੀ ਹਰਿਗੋਬਿੰਦਪੁਰ ਲਿਖਿਆ ਹੈ, ਪਰ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਰੱਖਿਆ ਨਾਉਂ ਸ੍ਰੀ ਗੋਬਿੰਦਪੁਰ ਹੈ.
ਸਰੋਤ: ਮਹਾਨਕੋਸ਼