ਪਰਿਭਾਸ਼ਾ
ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਵਡੇ ਸੁਪੁਤ੍ਰ, ਜੋ ਭਾਦੋਂ ਸੁਦੀ ੯. ਸੰਮਤ ੧੫੫੧ ਨੂੰ ਮਾਤਾ ਸੁਲਖਨੀ ਤੋਂ ਸੁਲਤਾਨਪੁਰ ਵਿੱਚ ਜਨਮੇ. ਇਹ ਉਦਾਸੀ ਮਤ ਦੇ ਪ੍ਰਚਾਰਕ ਮਹਾਨ ਸਿੱਧ ਪੁਰਖ ਹੋਏ ਹਨ. ਆਪ ਦਾ ਨਿਵਾਸ ਅਸਥਾਨ ਬਾਰਠ ਪਿੰਡ ਵਿੱਚ ਸੀ, ਜੋ ਦੇਹਰਾ ਨਾਨਕ ਤੋਂ ੧੯. ਕੋਹ ਈਸ਼ਾਨ ਕੋਣ ਹੈ. ਯੋਗਿਰਾਜ ਸ਼੍ਰੀ ਚੰਦ ਜੀ ਨੇ ਸ਼ਾਦੀ ਨਹੀਂ ਕਰਾਈ.#ਗੁਰੂ ਨਾਨਕ ਦੇਵ ਦੇ ਧਰਮ ਦਾ ਪ੍ਰਚਾਰ ਦੇਸ਼ ਦੇਸ਼ਾਂਤਰਾਂ ਵਿੱਚ ਕਰਨ ਲਈ ਆਪ ਨੇ ਬਾਬਾ ਗੁਰੁਦਿੱਤਾ ਜੀ ਨੂੰ ਚੇਲਾ ਕੀਤਾ, ਜਿਨ੍ਹਾਂ ਨੇ ਅਨੇਕ ਗੁਰੁਸਿੱਖਾਂ ਨੂੰ ਉਦਾਸੀ ਲਿਬਾਸ ਵਿੱਚ ਕਈ ਇਲਾਕਿਆਂ ਵਿੱਚ ਭੇਜਕੇ ਸਤਿਨਾਮੁ ਦਾ ਪ੍ਰਚਾਰ ਕੀਤਾ.#ਬਾਬਾ ਸ਼੍ਰੀ ਚੰਦ ਜੀ ਦਾ ਦੇਹਾਂਤ ੧੫. ਅੱਸੂ ਸੰਮਤ ੧੬੬੯ ਨੂੰ ਹੋਇਆ ਹੈ. ਆਪ ਦੀ ਸਾਰੀ ਅਵਸਥਾ ੧੧੮ ਵਰ੍ਹੇ ਦੀ ਸੀ. ਦੇਖੋ, ਉਦਾਸੀ ਅਤੇ ਸਿਲਾ ਸ੍ਰੀ ਚੰਦ ਜੀ ਦੀ.
ਸਰੋਤ: ਮਹਾਨਕੋਸ਼