ਪਰਿਭਾਸ਼ਾ
ਸੰ. कामला ਕਾਮਲਾ. [ضُعف اُّلکبد] ਜੁਅ਼ਫ਼ੁਲ- ਕਬਦ Anaemia. ਇਹ ਪਾਂਡੁ ਰੋਗ ਦਾ ਹੀ ਇੱਕ ਨਾਉਂ ਹੈ. ਇਸ ਨੂੰ ਭੁੱਸ ਭੀ ਆਖਦੇ ਹਨ. ਜਿਗਰ ਜਦ ਆਪਣਾ ਕੰਮ ਛੱਡ ਬੈਠਦਾ ਹੈ ਤਾਂ ਇਸ ਦੀ ਉਤਪੱਤੀ ਹੁੰਦੀ ਹੈ.#ਇਸ ਰੋਗ ਦੇ ਕਾਰਣ ਹਨ- ਖਾਰੀਆਂ, ਖੱਟੀਆਂ, ਗਰਮ ਮਲੀਨ ਗਲੀਆਂ ਸੜੀਆਂ ਚੀਜਾਂ ਦਾ ਖਾਣਾ, ਸ਼ਰਾਬ ਆਦਿ ਨਸ਼ਿਆਂ ਦਾ ਬਹੁਤ ਵਰਤਣਾ, ਬਹੁਤਾ ਮੈਥੁਨ ਕਰਨਾ, ਚਿੰਤਾ ਸ਼ੋਕ ਡਰ ਦਾ ਹੋਣਾ, ਮਲ ਮੂਤ੍ਰ ਨੀਂਦ ਆਦਿ ਦਾ ਵੇਗ ਰੋਕਣਾ, ਮਿੱਟੀ ਖਾਣੀ ਆਦਿ.#ਪਾਂਡੁ ਰੋਗ ਦੇ ਲੱਛਣ ਹਨ- ਹਾਜਮਾ ਵਿਗੜਨਾ, ਦਿਲ ਧੜਕਣਾ, ਸ਼ਰੀਰ ਦਾ ਰੰਗ ਡੱਡੂ ਜੇਹਾ ਪੀਲਾ ਹੋਣਾ, ਲਹੂ ਦੀ ਸੁਰਖੀ ਦਾ ਜਾਂਦਿਆ ਰਹਿਣਾ, ਨੌਹਾਂ ਅਤੇ ਸ਼ਰੀਰ ਦੀ ਲਾਲੀ ਮਿਟ ਜਾਣੀ, ਸ਼ਰੀਰ ਰੁੱਖਾ ਹੋਣਾ, ਹਰ ਵੇਲੇ ਥਕਾਵਟ ਬਣੀ ਰਹਿਣੀ, ਭੁੱਖ ਨਾ ਲਗਣੀ, ਗਿਜਾ ਹਜਮ ਨਾ ਹੋਣੀ, ਭਸ (ਭੁਸੇ) ਡਕਾਰ ਆਉਣੇ, ਲੱਤਾਂ ਬਾਹਾਂ ਫੁੱਲਣੀਆਂ, ਅੰਧਾਲੀ ਆਉਣੀ, ਚੇਹਰਾ ਉਦਾਸ ਰਹਿਣਾ ਆਦਿ.#ਇਸ ਰੋਗ ਦੇ ਹੇਠ ਲਿਖੇ ਉੱਤਮ ਇਲਾਜ ਹਨ-#(੧) ਫੌਲਾਦ ਦਾ ਕੁਸ਼ਤਾ ਅਥਵਾ ਕਿਸੇ ਭੀ ਸ਼ਕਲ ਵਿੱਚ ਫੌਲਾਦ ਦਾ ਸੇਵਨ ਕਰਨਾ.#(੨) ਕੁਸ਼ਤਾ ਫੌਲਾਦ ਆਬੀ, ਤਬਾਸ਼ੀਰ, ਇਲਾਇਚੀਆਂ ਦੇ ਦਾਣੇ, ਸਤ ਗਿਲੋ, ਮਿਸ਼ਰੀ, ਸਭ ਇੱਕ ਇੱਕ ਤੋਲਾ ਪੀਸਕੇ ਪਚਾਸ ਪੁੜੀਆਂ ਬਣਾਓ. ਇੱਕ ਪੁੜੀ ਸਵੇਰੇ ਪਤਲੇ ਅਧਰਿੜਕ ਨਾਲ ਲੈਣੀ.#(੩) ਮਨੂਰ ਦੀ ਭਸਮ ਦੁੱਧ ਅਥਵਾ ਅਧਰਿੜਕ ਨਾਲ ਵਰਤਣੀ.#(੪) ਜਿਗਰ ਤੋਂ ਪਿੱਤ ਖਾਰਿਜ ਕਰਨ ਵਾਲੇ ਪਦਾਰਥ ਖਾਣੇ.#(੫) ਅੱਠ ਮਾਸ਼ੇ ਨਿਸੋਥ ਦਾ ਚੂਰਣ ਸੋਲਾਂ ਮਾਸ਼ੇ ਮਿਸ਼ਰੀ, ਦੋਹਾਂ ਨੂੰ ਮਿਲਾਕੇ ਨਿੱਤ ਸਵੇਰੇ ਜਲ ਨਾਲ ਛਕਣਾ.#(੬) ਹਰੀ ਗਿਲੋ ਦਾ ਕਾੜ੍ਹਾ ਸ਼ਹਦ ਮਿਲਾਕੇ ਪੀਣਾ.#(੭) ਸਟਕੇ ਵਾਲੇ ਨੂੰ ਪੁਰਾਣੇ ਜੌਂ ਕਣਕ ਚਾਉਲ ਮੂੰਗੀ ਮਸਰ ਫਲ ਤਕ੍ਰ (ਖੱਟੀ ਲੱਸੀ) ਅਧਰਿੜਕ ਅਤੇ ਮੱਖਣ ਆਦਿ ਪਦਾਰਥ ਵਰਤਣੇ ਚਾਹੀਏ.
ਸਰੋਤ: ਮਹਾਨਕੋਸ਼