ਸਤੀ
satee/satī

ਪਰਿਭਾਸ਼ਾ

ਵਿ- ਸਤ੍ਯ ਰੂਪ. ਅਵਿਨਾਸ਼ੀ. "ਗੁਰਿ ਨਾਮੁ ਦ੍ਰਿੜਾਇਆ ਹਰਿ ਹਰਿ ਨਾਮੁ ਹਰਿ ਸਤੀ." (ਵਡ ਛੰਤ ਮਃ ੪) ੨. ਸਤ੍ਯ ਵਕਤਾ. ਸੱਚ ਬੋਲਣ ਵਾਲਾ. ਜਿਸ ਨੇ ਝੂਠ ਦਾ ਪੂਰਾ ਤ੍ਯਾਗ ਕੀਤਾ ਹੈ. ਦੇਖੋ, ਮੁਕਤਾ. "ਮੁਖ ਕਾ ਸਤੀ." (ਰਤਨਮਾਲਾ ਬੰਨੋ) ੩. ਦਾਨੀ. ਉਦਾਰਤਮਾ. "ਸਤੀਆ ਮਨਿ ਸੰਤੋਖੁ ਉਪਜੈ ਦੇਣੈ ਕੈ ਵੀਚਾਰਿ." (ਵਾਰ ਆਸਾ ਮਃ ੧) ੪. ਸੰਜਮੀ. ਸੰਤੋਖੀ. "ਅਸੰਖ ਸਤੀ ਅਸੰਖ ਦਾਤਾਰੁ." (ਜਪੁ) ੫. ਸੰਗ੍ਯਾ- ਸ੍‍ਤ੍ਰੀ. ਇਸਤ੍ਰੀ. "ਗਊਤਮ ਸਤੀ ਸਿਲਾ ਨਿਸਤਰੀ." (ਗੌਂਡ ਨਾਮਦੇਵ) ਗੋਤਮ ਦੀ ਇਸਤ੍ਰੀ ਅਹਲ੍ਯਾ। ੬. ਸੰ. सती ਪਤਿਵ੍ਰਤ ਧਾਰਨ ਵਾਲੀ ਇਸਤ੍ਰੀ. "ਬਿਨ ਸਤ ਸਤੀ ਹੋਇ ਕੈਸੇ ਨਾਰਿ." (ਗਉ ਕਬੀਰ) "ਭੀ ਸੋ ਸਤੀਆਂ ਜਾਣੀਅਨਿ ਸੀਲ ਸੰਤੋਖਿ ਰਹੰਨਿ." (ਵਾਰ ਸੂਹੀ ਮਃ ੩) ੭. ਮਨਹਠ ਨਾਲ ਮੋਏ ਪਤੀ ਨਾਲ ਪ੍ਰਾਣ ਦੇਣ ਵਾਲੀ. "ਸਤੀਆਂ ਸਉਤ ਟੋਭੜੀ ਟੋਏ." (ਭਾਗ) ਹਿੰਦੂਮਤ ਦੇ ਧਰਮਗ੍ਰੰਥਾਂ ਵਿੱਚ ਸਤੀ ਹੋਣਾ ਵਡਾ ਪੁੰਨ- ਕਰਮ ਹੈ. ਪਾਰਾਸ਼ਰ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਲਿਖਿਆ ਹੈ ਕਿ ਜੋ ਪਤੀ ਨਾਲ ਸਤੀ ਹੁੰਦੀ ਹੈ, ਉਹ ਉਤਨੇ ਵਰ੍ਹੇ ਸ੍ਵਰਗ ਵਿੱਚ ਰਹਿੰਦੀ ਹੈ ਜਿਤਨੇ ਪਤੀ ਦੇ ਰੋਮ ਹਨ. ਐਸੀ ਹੀ ਆਗ੍ਯਾ ਦਕ੍ਸ਼੍‍ ਸਿਮ੍ਰਿਤਿ ਦੇ ਚੌਥੇ ਅਧ੍ਯਾਯ ਵਿੱਚ ਹੈ. ਗੁਰੁਬਾਣੀ ਵਿੱਚ ਸਤੀ ਹੋਣ ਦਾ ਖੰਡਨ ਹੈ- "ਸਤੀਆ ਏਹਿ ਨ ਆਖੀਅਨਿ ਜੋ ਮੜਿਆ ਲਗਿ ਜਲੰਨਿ। ਨਾਨਕ ਸਤੀਆ ਜਾਣੀਅਨਿ ਜਿ ਬਿਰਹੇ ਚੋਟ ਮਰੰਨਿ." (ਵਾਰ ਸੂਹੀ ਮਃ ੩)#ਰਾਜਾ ਰਾਮ ਮੋਹਨ ਰਾਇ, ਬ੍ਰਹਮ ਸਮਾਜ ਦੇ ਬਾਨੀ ਦੀ ਪ੍ਰੇਰਣਾ ਨਾਲ ਲਾਰਡ ਬੈਂਟਿੰਕ (W Bentinck) ਨੇ ੭. ਦਸੰਬਰ ਸਨ ੧੮੨੯ ਨੂੰ ਸਤੀ ਹੋਣ ਦੇ ਵਿਰੁੱਧ ਕਾਨੂਨ ਜਾਰੀ ਕੀਤਾ. ਪੰਜਾਬ ਅਤੇ ਰਾਜਪੂਤਾਨੇ ਵਿੱਚ ਸਤੀ ਦੀ ਬੰਦੀ ਸਨ ੧੮੪੭ ਵਿੱਚ ਹੋਈ ਹੈ.#੮. ਦਕ੍ਸ਼੍‍ ਦੀ ਪੁਤ੍ਰੀ ਮਹਾਦੇਵ ਦੀ ਇਸਤ੍ਰੀ. ਦੇਵੀ ਭਾਗਵਤ ਸਕੰਧ ੭. ਅਧ੍ਯਾਯ ੩੦ ਵਿੱਚ ਅਤੇ ਕਾਲਿਕਾ ਪੁਰਾਣ ਵਿੱਚ ਕਥਾ ਹੈ ਕਿ ਜਦ ਸਤੀ ਨੇ ਪਿਤਾ ਦੇ ਜੱਗ ਵਿੱਚ ਆਪਣੇ ਪਤੀ ਮਹਾਦੇਵ ਦਾ ਨਿਰਾਦਰ ਦੇਖਕੇ ਜੱਗਕੁੰਡ ਵਿੱਚ ਡਿਗਕੇ ਪ੍ਰਾਣ ਤਿਆਗੇ, ਤਦ ਸ਼ਿਵ ਨੇ ਆਕੇ ਦਕ੍ਸ਼੍‍ ਦਾ ਜੱਗ ਨਾਸ਼ ਕੀਤਾ ਅਰ ਮੋਹ ਦੇ ਵਸ਼ ਹੋ ਕੇ ਸਤੀ ਦੀ ਲੋਥ ਨੂੰ ਅਗਨਿਕੁੰਡ ਵਿਚੋਂ ਕੱਢਕੇ ਕੰਨ੍ਹੇ ਤੇ ਰੱਖ ਲੀਤਾ ਅਤੇ ਰਾਤ ਦਿਨ ਬਿਨਾ ਵਿਸ਼੍ਰਾਮ ਦੇ ਫਿਰਨ ਲੱਗਾ. ਵਿਸਨੁ ਨੇ ਸਤੀ ਦੀ ਲੋਥ ਦਾ ਇਸ ਤਰਾਂ ਹਾਲ ਦੇਖਕੇ ਸੁਦਰਸ਼ਨ ਚਕ੍ਰ ਨਾਲ ਲੋਥ ਦੇ ਅੰਗ ਟੁਕੜੇ ਟੁਕੜੇ ਕਰ ਦਿੱਤੇ. ਜਿਸ ਜਿਸ ਥਾਂ ਸਤੀ ਦੇ ਅੰਗ ਡਿੱਗੇ, ਉਹ ਪਵਿਤ੍ਰ ਤੀਰਥ ਮੰਨੇ ਗਏ. ਜੈਸੇ ਜੀਭ ਵਾਲਾ ਅਸਥਾਨ ਜ੍ਵਵਾਲਾਮੁਖੀ, ਨੇਤ੍ਰਾਂ ਦੀ ਥਾਂ ਨੈਣਾਦੇਵੀ ਆਦਿ. ਤੰਤ੍ਰਚੂੜਾਮਣਿ ਵਿੱਚ ਲਿਖਿਆ ਹੈ ਕਿ ਸਤੀ ਦੇ ਅੰਗ ੫੧ ਥਾਂ ਡਿੱਗੇ ਹਨ ਅਤੇ ਉਹ ਸਭ "ਦੇਵੀ ਪੀਠ" ਕਹੇ ਜਾਂਦੇ ਹਨ. ੯. ਸੰ. ਸ਼ਤੀ ( शतिन्). ਸੈਂਕੜਾ. ਸੌ ਦਾ ਸਮੂਹ.
ਸਰੋਤ: ਮਹਾਨਕੋਸ਼

ਸ਼ਾਹਮੁਖੀ : ستی

ਸ਼ਬਦ ਸ਼੍ਰੇਣੀ : adjective & noun, feminine

ਅੰਗਰੇਜ਼ੀ ਵਿੱਚ ਅਰਥ

chaste, virtuous woman, faithful wife; self-immolating widow, one who burns herself alive at her husband's funeral pyre
ਸਰੋਤ: ਪੰਜਾਬੀ ਸ਼ਬਦਕੋਸ਼