ਪਰਿਭਾਸ਼ਾ
ਕ੍ਰਿ. ਵਿ- ਸਦੈਵ. ਨਿਤ੍ਯ. "ਸਦ ਸੁਣਦਾ ਸਦ ਵੇਖਦਾ." (ਆਸਾ ਅਃ ਮਃ ੩) ੨. ਸੰਗ੍ਯਾ- ਸ਼ਬਦ. ਧ੍ਵਨਿ। ੩. ਉਪਦੇਸ਼ ੪. ਪੁਕਾਰ. ਹਾਕ. ਆਵਾਜ਼. ਗੁਹਾਰ. "ਸੁਣਕੈ ਸਦ ਮਾਹੀ ਦਾ ਮੇਹੀ ਪਾਣੀ ਘਾਹ ਮੁਤੋਨੇ." (ਦਸਮਗ੍ਰੰਥ) ੫. ਪੰਜਾਬੀ ਵਿੱਚ ਇੱਕ ਪ੍ਰਕਾਰ ਦਾ ਗੀਤ. ਇਹ ਛੰਦ ਦੀ ਕੋਈ ਖਾਸ ਜਾਤਿ ਨਹੀਂ, ਕਿੰਤੂ ਲੰਮੀ ਹੇਕ ਨਾਲ ਗਾਇਆ ਹੋਇਆ ਪੇਂਡੂ ਲੋਕਾਂ ਦਾ ਪਿਆਰਾ ਗੀਤ ਹੈ. ਸੱਦ ਵਿੱਚ ਛੰਦਾਂ ਦੇ ਅਨੇਕ ਰੂਪ ਹੋਇਆ ਕਰਦੇ ਹਨ. ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ "ਸੁੰਦਰ" ਜੀ ਦਾ ਸਦੁ ਰਾਗ ਰਾਮਕਲੀ ਵਿੱਚ ਹੈ, ਜਿਸ ਦੇ ਛੀ ਚਰਣ ਹਨ ਅਤੇ ਇਹ "ਹੁੱਲਾਸ" ਛੰਦ ਦੀ ਜਾਤਿ ਦਾ ਇੱਕ ਭੇਦ ਹੈ. ਪਹਿਲੇ ਚਰਣ ਦੀਆਂ ੨੩ ਮਾਤ੍ਰਾ, ਦੂਜੇ ਦੀਆਂ ੨੫, ਚਾਰ ਚਰਣਾਂ ਦੀਆਂ ਅਠਾਈ, ਦੂਜੀ ਤੁਕ ਦਾ ਅੰਤਿਮ ਪਦ ਸਿੰਘਾਵਲੋਕਨ ਨ੍ਯਾਯ ਨਾਲ ਤੀਜੀ ਤੁਕ ਦੇ ਮੁੱਢ.#ਉਦਾਹਰਣ-#ਜਗਦਾਤਾ ਸੋਇ ਭਗਤਵਛਲ ਤਿਹੁ ਲੋਇ ਜੀਉ,#ਗੁਰੁਸਬਦ ਸਮਾਵਏ ਅਵਰੋ ਨ ਜਾਣੈ ਕੋਇ ਜੀਉ,#ਅਵਰੋ ਨ ਜਾਣੈ ਸਬਦ ਗੁਰੁ ਕੇ ਏਕ ਨਾਮ ਧਿਆਵਹੇ,#ਪਰਸਾਦਿ ਨਾਨਕ ਗੁਰੂ ਅੰਗਦ ਪਰਮਪਦਵੀ ਪਾਵਹੇ. xx#(ਅ) ਦਸਮਗ੍ਰੰਥ ਵਿੱਚ ਵਿਖਮਪਦ "ਸਦ" ਹੈ, ਜਿਸ ਦੇ ਤਿੰਨ ਚਰਣ ਹਨ. ਪ੍ਰਤਿ ਚਰਣ ੨੯ ਮਾਤ੍ਰਾ. ਪਹਿਲਾ ਵਿਸ਼੍ਰਾਮ ੧੭. ਪੁਰ, ਦੂਜਾ ੧੨. ਪੁਰ, ਅੰਤ ਯਗਣ- .#ਉਦਾਹਰਣ-#ਸੁਣਕੈ ਸੱਦ ਮਾਹੀ ਦਾ, ਮੇਹੀ ਪਾਣੀ ਘਾਹ ਮੁਤੋਨੇ। ਕਿਸ ਹੀ ਨਾਲ ਨ ਰਲੀਆ ਕਾਈ, ਕਾਰੀ ਸ਼ੌਕ ਪਯੋਨੇ, ਗ੍ਯਾ ਫਿਰਾਕ ਮਿਲਾ ਮਿੱਤ ਮਾਹੀ, ਤਾਹੀ ਸ਼ੁਕਰ ਕਿਤੋਨੇ. ੬. ਸੰ. सद् ਧਾ- ਜਾਣਾ. ਚੜ੍ਹਾਈ ਕਰਨਾ. ਪੁਕਾਰ ਕਰਨਾ. ਮਿਲਨਾ. ਉੱਪਰ ਚੜ੍ਹਨਾ. ਪਾਲਨ ਕਰਨਾ. ਖ਼ੁਸ਼ ਹੋਣਾ. ਸ਼ੁੱਧ ਕਰਨਾ. ਸ਼ਾਂਤਚਿੱਤ ਹੋਣਾ. ਸਾਥ ਰਹਿਣਾ। ੭. ਫ਼ਾ. [صد] ਸਦ. ਸੌ. ਸ਼ਤ. "ਬਲਿਹਾਰੀ ਗੁਰੁ ਆਪਣੇ ਦਿਉਹਾੜੀ ਸਦ ਵਾਰ." (ਵਾਰ ਆਸਾ ਮਃ ੧)
ਸਰੋਤ: ਮਹਾਨਕੋਸ਼