ਸਬੇਗ ਸਿੰਘ
sabayg singha/sabēg singha

ਪਰਿਭਾਸ਼ਾ

ਇਹ ਪਿੰਡ ਜੰਬਰ ਇਲਾਕਾ ਲਹੌਰ ਦੇ ਵਸਨੀਕ ਫਾਰਸੀ ਵਿਦ੍ਵਾਨ, ਬਾਦਸ਼ਾਹੀ ਨੌਕਰ ਸਨ. ਸੰਮਤ ੧੭੯੦ ਵਿੱਚ. ਖਾਨਬਹਾਦੁਰ (ਜ਼ਕਰੀਆ ਖਾਨ) ਸੂਬਾ ਲਹੌਰ ਨੇ ਇਨ੍ਹਾਂ ਨੂੰ ਆਪਣੀ ਵੱਲੋਂ ਵਕੀਲ ਬਣਾਕੇ ਲੱਖ ਰੁਪਯੇ ਦੀ ਜਾਗੀਰ ਦੀ ਸਨਦ, ਨਵਾਬੀ ਖਤਾਬ ਅਤੇ ਵਡਮੁੱਲਾ ਖਿਲਤ ਪੰਥ ਨੂੰ ਦੇਣ ਲਈ ਅੰਮ੍ਰਿਤਸਰ ਭੇਜਿਆ ਸੀ ਤਾਕਿ ਖਾਲਸਾ ਮਾਰ ਧਾੜ ਛੱਡਕੇ ਸ਼ਾਂਤਿ ਨਾਲ ਬੈਠੇ. ਇਨ੍ਹਾਂ ਨੇ ਇਸ ਵੇਲੇ ਕਪੂਰ ਸਿੰਘ ਜੀ ਨੂੰ ਨਵਾਬ ਪਦ ਦੇ ਕੇ ਆਪਣੀ ਵਕਾਲਤ ਪੂਰੀ ਕੀਤੀ, ਇਸ ਲਈ ਸਿੱਖ ਇਤਿਹਾਸ ਵਿੱਚ ਸਬੇਗ ਸਿੰਘ ਜੀ ਦਾ ਨਾਉਂ " ਵਕੀਲ" ਸੱਦੀਦਾ ਹੈ.#ਕੁਝ ਚਿਰ ਇਹ ਲਾਹੌਰ ਦੇ ਕੋਤਵਾਲ ਭੀ ਰਹੇ, ਜਿਸ ਸਮੇਂ ਕਈ ਸ਼ਹੀਦਗੰਜ ਅਤੇ ਗੁਰੁਦ੍ਵਾਰੇ ਬਣਾਏ. ਅੰਤ ਨੂੰ ਕਾਜੀਆਂ ਦੀ ਸ਼ਕਾਇਤ ਪੁਰ, ਪੁਤ੍ਰ ਸ਼ਾਹਬਾਜ਼ ਸਿੰਘ ਸਮੇਤ ਚਰਖੀ ਚੜ੍ਹਾਕੇ ਸੰਮਤ ੧੮੦੨ ਵਿੱਚ ਲਹੌਰ ਸ਼ਹੀਦ ਕੀਤੇ ਗਏ. ਦੇਖੋ, ਸ਼ਾਹਬਾਜ ਸਿੰਘ.
ਸਰੋਤ: ਮਹਾਨਕੋਸ਼