ਸਰਮਾ
saramaa/saramā

ਪਰਿਭਾਸ਼ਾ

ਸੰ. ਸੰਗ੍ਯਾ- ਦੇਵਸ਼ੁਨੀ. ਰਿਗਵੇਦ ਵਿੱਚ ਇਹ ਇੰਦ੍ਰ ਦੀ ਕੁੱਤੀ ਲਿਖੀ ਹੈ. ਯਮਰਾਜ ਪਾਸ ਜੋ ਦੋ ਕੁੱਤੇ ਚਾਰ ਚਾਰ ਅੱਖਾਂ ਵਾਲੇ ਸਾਰਮੇਯ ਨਾਉਂ ਕਰਕੇ ਹਨ, ਇਹ ਉਨ੍ਹਾਂ ਦੀ ਮਾਂ ਹੈ. ੨. ਕੁੱਤੀ ਮਾਤ੍ਰ ਵਾਸਤੇ ਭੀ ਸਰਮਾ ਸ਼ਬਦ ਵਰਤੀਦਾ ਹੈ. "ਹੋਇ ਗਈ ਸਰਮਾ ਤਨ ਤੂਰਨ." (ਨਾਪ੍ਰ) ੩. ਸੈਲੂਸ ਗੰਧਰਵ ਦੀ ਪੁਤ੍ਰੀ ਅਤੇ ਵਿਭੀਸ਼ਣ ਦੀ ਇਸਤ੍ਰੀ, ਜੋ ਅਸ਼ੋਕਵਾਟਿਕਾ ਵਿੱਚ ਸੀਤਾ ਦੀ ਰਾਖੀ ਲਈ ਛੱਡੀ ਹੋਈ ਸੀ ਅਤੇ ਸੀਤਾ ਦਾ ਹਿਤ ਚਾਹੁਣ ਵਾਲੀ ਸੀ. "ਉਤ ਤ੍ਰਿਜਟੀ ਸਰਮਾ ਸਹਿਤ ਸੁਨਹਿਂ ਸੀਯ ਕੀ ਬਾਤ." (ਹਨੂ)#੪. ਅਗਨਿ ਪੁਰਾਣ ਅਤੇ ਭਾਗਵਤ ਵਿੱਚ ਸਰਮਾ ਦਕ੍ਸ਼੍‍ ਦੀ ਇੱਕ ਪੁਤ੍ਰੀ ਅਤੇ ਕਸ਼੍ਯਪ ਦੀ ਇਸਤ੍ਰੀ ਲਿਖੀ ਹੈ, ਜੋ ਜੰਗਲੀ ਜੀਵਾਂ ਦੀ ਮਾਂ ਹੈ। ੫. ਦਸਮਗ੍ਰੰਥ ਵਿੱਚ ਤਰੰਗ (ਮੌਜ) ਦਾ ਨਾਉਂ ਸਰਮਾ ਆਇਆ ਹੈ. ਇਸ ਦਾ ਮੂਲ ਸੰ. सरिमन् ਹੈ, ਜਿਸਦਾ ਅਰਥ ਪਵਨ ਅਤੇ ਗਤਿ ਹਨ. "ਸੇਤ ਸਰੋਵਰ ਹੈ ਅਤਿ ਹੀ ਤਿਹ ਮੇ ਸਰਮਾ ਸਸਿ ਸੀ ਦਮਕਾਈ." (ਕ੍ਰਿਸਨਾਵ)#੬. ਸੰ. शर्मन्. ਪਨਾਹ. ਓਟ ੭. ਘਰ. ਮਕਾਨ। ੮. ਆਨੰਦ। ੯. ਬ੍ਰਾਹਮਣ ਦੀ ਅੱਲ, ਜੋ ਨਾਮ ਦੇ ਪਿੱਛੇ ਲਗਦੀ ਹੈ, ਯਥਾ- ਦੇਵਦੱਤ ਸ਼ਰਮਾ ਆਦਿ.
ਸਰੋਤ: ਮਹਾਨਕੋਸ਼