ਸਰਸਵਤੀ
sarasavatee/sarasavatī

ਪਰਿਭਾਸ਼ਾ

ਸੰ. ਸੰਗ੍ਯਾ- ਜਲ ਵਾਲੀ ਤਰ ਜਮੀਨ। ੨. ਵੇਦਾਂ ਵਿੱਚ ਸਰਸ੍ਵਤੀ ਇੱਕ ਨਦੀ ਦਾ ਨਾਉਂ ਹੈ ਜੋ ਬ੍ਰਹਮਾਵਰਤ ਦੀ ਹੱਦ ਸੀ, ਜਿਸ ਵਿੱਚ ਆਰਯ ਲੋਕ ਪਹਿਲਾਂ ਵਸਦੇ ਸਨ ਅਤੇ ਇਸ ਨੂੰ ਇਸੇ ਤਰਾਂ ਪਵਿਤ੍ਰ ਜਾਣਦੇ ਸਨ, ਜਿਸ ਤਰਾਂ ਹੁਣ ਉਨ੍ਹਾਂ ਦੀ ਵੰਸ਼ ਗੰਗਾ ਨਦੀ ਨੂੰ ਜਾਣਦੀ ਹੈ. ਹੁਣ ਇਹ ਸਰਮੌਰ ਦੇ ਇਲਾਕੇ ਤੋਂ ਨਿਕਲਕੇ ਕਈ ਥਾਈਂ ਰੇਤੇ ਵਿੱਚ ਲੋਪ ਪ੍ਰਗਟ ਹੁੰਦੀ ਹੋਈ ਪਟਿਆਲੇ ਦੇ ਇਲਾਕੇ ਘੱਗਰ ਵਿੱਚ ਜਾ ਮਿਲਦੀ ਹੈ. ੩. ਪੁਰਾਣਾਂ ਅਨੁਸਾਰ ਬ੍ਰਹਮਾ ਦੀ ਇਸਤ੍ਰੀ. ਵਿਦ੍ਯਾ ਅਤੇ ਬਾਣੀ ਦੀ ਦੇਵੀ. ਇਸ ਦਾ ਰੂਪ ਐਸਾ ਦੱਸਿਆ ਹੈ- "ਚਿੱਟਾ ਰੰਗ, ਅੰਗ ਸਜੀਲੇ, ਮਸਤਕ ਤੇ ਚੰਦ੍ਰਮਾ, ਹੱਥ ਵਿੱਚ ਵੀਣਾ, ਕਮਲ ਫੁੱਲ ਵਿੱਚ ਵਿਰਾਜਮਾਨ."#ਬੰਗਾਲ ਦੇ ਵੈਸਨਵ ਮੰਨਦੇ ਹਨ ਕਿ ਇਹ ਲੱਛਮੀ ਅਤੇ ਗੰਗਾ ਸਮਾਨ ਵਿਸਨੁ ਦੀ ਇਸਤ੍ਰੀ ਸੀ. ਇੱਕ ਵੇਰ ਤਿੰਨੇ ਆਪਸ ਵਿੱਚ ਲੜ ਪਈਆਂ, ਤਾਂ ਸਰਸ੍ਵਤੀ ਨੂੰ ਲੜਾਕੀ ਜਾਣਕੇ ਅਤੇ ਇਹ ਭੀ ਸਮਝਕੇ ਕਿ ਮੈ ਇੱਕ ਤੋਂ ਵੱਧ ਇਸਤ੍ਰੀਆਂ ਸੰਭਾਲ ਨਹੀਂ ਸਕਦਾ, ਵਿਸਨੁ ਨੇ ਸਰਸ੍ਵਤੀ ਬ੍ਰਹਮਾ ਨੂੰ ਅਤੇ ਗੰਗਾ ਸ਼ਿਵ ਨੂੰ ਦੇ ਦਿੱਤੀ ਅਤੇ ਆਪਣੇ ਪਾਸ ਕੇਵਲ ਲੱਛਮੀ ਰੱਖ ਲਈ। ੪. ਬ੍ਰਾਹਮੀ ਬੂਟੀ। ੫. ਮਾਲਕੰਗਨੀ। ੬. ਗਊ. ੭. ਵਿ- ਗ੍ਯਾਨ ਵਾਲੀ.
ਸਰੋਤ: ਮਹਾਨਕੋਸ਼