ਪਰਿਭਾਸ਼ਾ
ਦਸਮਗ੍ਰੰਥ ਵਿੱਚ ਇਸ ਨਾਉਂ ਦਾ ਇੱਕ ਗ੍ਰੰਥ ਹੈ, ਜਿਸ ਵਿੱਚ ਅਦ੍ਰਿਸ੍ਟਕੂਟ (ਪਹੇਲੀ) ਦੀ ਰੀਤਿ ਕਰਕੇ ਖੜਘ, ਕਟਾਰ, ਬਰਛੀ, ਚਕ੍ਰ, ਵਾਣ (ਤੀਰ), ਪਾਸ਼ (ਫਾਹੀ) ਅਤੇ ਬੰਦੂਕ ਦੇ ਨਾਉਂ ਲਿਖੇ ਹਨ, ਜਿਨ੍ਹਾਂ ਦਾ ਸਮਝਣਾ ਸਾਧਾਰਣ ਵਿਦ੍ਵਵਾਨ ਲਈ ਬਹੁਤ ਔਖਾ ਹੈ. ਇਸ ਦਾ ਮੁੱਖ ਕਾਰਣ ਇਹ ਹੈ ਕਿ ਅਜਾਣ ਲਿਖਾਰੀਆਂ ਦੇ ਬਿਗਾੜੇ ਹੋਏ ਪਦਾਂ ਦਾ ਮੂਲ ਜਾਣਨ ਲਈ ਸੂਖਮ ਬੁੱਧਿ ਦੀ ਲੋੜ ਹੈ.#ਦਯਾਰਹਿਤ ਲੇਖਕਾਂ ਨੇ- ਸ੍ਰਾਵੀ ਦੀ ਥਾਂ ਸਾਵੀ, ਛਤਜ ਦੀ ਥਾਂ ਛਿਤਜ, ਛੇਦਕ ਦੀ ਥਾਂ ਛਾਦਕ, ਸਿਪਿਹਿਰ ਦੀ ਥਾਂ ਸਿਪੈਹਰ, ਸ਼ਸਨ ਕੁੰਭੇਸ਼ ਦੀ ਥਾਂ ਸਸਨ ਕੇ ਭੇਸ, ਅਸ੍ਰ ਦੀ ਥਾਂ ਅਸੁਰ, ਵ੍ਰਿਸ੍ਠਿ ਅਧਿਪ ਦੀ ਥਾਂ ਬਿਸਨਾਧਪ, ਸ਼ੂਤਰਿ ਦੀ ਥਾਂ ਸੱਤਰ, ਆਰਵਲਾ ਅਰਿ ਦੀ ਥਾਂ ਅਰਬਲਾਰ, ਧ੍ਵਨਨਿ ਦੀ ਥਾਂ ਧਨਨੀ, ਸੂਰਜਜ ਦੀ ਥਾਂ ਸਰਜਜ, ਸੁਧੁਨਿ ਦੀ ਥਾਂ ਸੁਧਨ, ਸੰਕ੍ਰੰਦਨ ਦੀ ਥਾਂ ਸਕ੍ਰਰਦਨ, ਹਰ ਥੀ ਥਾਂ ਹਰਿ, ਹਰਿ ਦੀ ਥਾਂ ਹਰ, ਯਾਗ੍ਯਸੇਨੀ ਦੀ ਥਾਂ ਯਾਗਮੇਨ, ਬਾਸੀ ਦੀ ਥਾਂ ਬੰਸੀ, ਵਿਬੁਧ ਦੀ ਥਾਂ ਬਿਬਿਧ, ਬਿਹਸ ਦੀ ਥਾਂ ਬਹਸਿ, ਸਹਸ ਦੀ ਥਾਂ ਸਪਤ, ਤੁਰੰਗਨਿ ਦੀ ਥਾਂ ਤਰੰਗਨਿ ਆਦਿ ਸੈਂਕੜੇ ਸ਼ਬਦ ਬਿਗਾੜਕੇ ਅਰਥ ਤੋਂ ਅਨਰਥ ਕਰ ਦਿੱਤਾ ਹੈ.#ਪਾਠਕਾਂ ਦੇ ਹਿਤ ਲਈ ਭਾਵੇਂ ਇਸ ਕੋਸ਼ ਅੰਦਰ ਅੱਖਰ ਕ੍ਰਮ ਅਨੁਸਾਰ ਬਹੁਤ ਕਠਿਨ ਪਦਾਂ ਦੀ ਵ੍ਯਾਖ੍ਯਾ ਕੀਤੀ ਗਈ ਹੈ, ਪਰ ਇਸ ਥਾਂ ਜੋਗ ਮਲੂਮ ਹੁੰਦਾ ਹੈ ਕਿ ਸ਼ਸਤ੍ਰਨਾਮਮਾਲਾ ਦੀ ਕੁੰਜੀ ਦੱਸਕੇ ਮੁਸ਼ਕਲ ਨੂੰ ਆਸਾਨ ਕੀਤਾ ਜਾਵੇ, ਅਤੇ ਉਹ ਨਿਯਮ ਦੱਸੇ ਜਾਣ ਜਿਨ੍ਹਾਂ ਅਨੁਸਾਰ ਸ਼ਸਤ੍ਰਾਂ ਦੇ ਨਾਉਂ ਕਲਪੇ ਹਨ-#(ੳ) ਖੜਗ ਦਾ ਨਾਉਂ ਸ੍ਰਿਸਟੇਸ (ਸ੍ਰਿਸ੍ਟਿ- ਈਸ਼) ਲਿਖਿਆ ਹੈ. ਪਾਠਕ ਨੂੰ ਚਾਹੀਏ ਕਿ ਵਿਸ਼੍ਵ, ਜਗਤ, ਸੰਸਾਰ, ਦੁਨੀਆਂ ਆਦਿ ਜਿਤਨੇ ਨਾਉਂ ਸ੍ਰਿਸ੍ਟਿ ਦੇ ਹਨ ਉਨ੍ਹਾਂ ਨਾਲ ਈਸ਼, ਏਸ਼, ਪਤਿ ਆਦਿ ਪਦ ਜੁੜਨ ਤੋਂ ਖੜਗ ਦੇ ਨਾਉਂ ਜਾਣੇ. ਖੜਗ ਦਾ ਹੋਰ ਨਾਉਂ ਹੈ- ਪ੍ਰਿਥੀਪਾਲਕ, ਤਦ ਭੂਮਿ, ਵਸੁਧਾ, ਵਸੁੰਧਰਾ, ਥਿਰਾ ਆਦਿ ਪ੍ਰਿਥਿਵੀ ਦੇ ਨਾਉਂ ਨਾਲ ਪਾਲਕ ਪਦ ਲਗਾਕੇ ਖੜਗ ਨਾਉਂ ਸਮਝੇ. ਇਵੇਂ ਹੀ ਤਲਵਾਰ ਨੂੰ ਗ੍ਰੀਵਾ ਅਰਿ ਦੱਸਿਆ ਹੈ, ਤਦ ਜਾਣਨਾ ਚਾਹੀਏ ਕਿ ਗਰਦਨ, ਨਾਰ, ਕੰਠ, ਆਦਿ ਪਦਾਂ ਨਾਲ ਅਰਿ, ਸਤ੍ਰੁ, ਵੈਰੀ ਆਦਿ ਪਦ ਲਾਉਣ ਤੋ ਖੜਗ ਬੋਧਕ ਨਾਮ ਬਣਦੇ ਹਨ। ਇਸੇ ਤਰਾਂ- ਜਗਮਾਤ ਸਸਤ੍ਰਪਤਿ, ਕਵਚਾਂਤਕ, ਖੇਲਾਂਤਕ, ਖਲਮਾਰਕ, ਭੂਤਾਂਤਕ, ਭਵਹਾ, ਖਗਅਰਿ, ਮ੍ਰਿਗਅਰਿ ਆਦਿ ਖੜਗ ਦੇ ਨਾਮਾਂ ਬਾਬਤ ਸਮਝ ਲੈਣਾ ਚਾਹੀਏ.#ਕਈ ਪਾਠਕ ਖ਼ਾਸ ਸੰਕੇਤ ਜਾਣੇ ਬਿਨਾ, ਭਰਮ ਵਿੱਚ ਪੈ ਜਾਂਦੇ ਹਨ, ਜੈਸੇ- "ਜਗਤਮਾਤ" ਨਾਉਂ ਮਾਇਆ ਅਤੇ ਭਵਾਨੀ ਦਾ ਹੈ, ਕਵਚਾਂਤਕ ਬੰਦੂਕ ਭੀ ਹੈ, ਭੂਤਾਂਤਕ ਸ਼ਿਵ ਹੈ, ਖਗਅਰਿ ਬਾਜ਼ ਹੈ, ਮ੍ਰਿਗਅਰਿ ਸ਼ੇਰ ਹੈ ਆਦਿ. ਪਰ ਨਿਸਚੇ ਕਰਣਾ ਚਾਹੀਏ ਕਿ ਖੜਗ ਦਾ ਖਾਸ ਅਰਥ ਬੋਧ ਕਰਨ ਲਈ ਇਨ੍ਹਾਂ ਪਦਾਂ ਵਿੱਚ ਰੂਢੀ ਸ਼ਕਤਿ ਹੈ. ਐਸੇ ਹੀ ਬਰਛੀ ਦਾ ਨਾਉਂ ਭਟਹਾ, ਵਰੁਣ ਦਾ ਨਾਉਂ ਜਮੁਨਾਈਸ਼, ਮ੍ਰਿਗ ਦਾ ਨਾਉਂ ਤ੍ਰਿਣਰਿਪੁ, ਚੰਦ੍ਰਮਾ ਦਾ ਨਾਉਂ ਤਿਮਿਰਹਾ, ਘਾਹ ਦਾ ਨਾਉਂ ਨਦੀਜ, ਬਿਰਛ ਦਾ ਨਾਉਂ ਜਲਜ ਆਦਿ ਚੰਗੀ ਤਰਾਂ ਸਮਝ ਲੈਣੇ ਚਾਹੀਏ.#(ਅ) ਕਟਾਰ ਦੇ ਨਾਮ ਜਮਧਰ ਜਮਦਾੜ ਉਦਰ ਅਰਿ ਆਦਿ ਲਿਖੇ ਹਨ. ਪਾਠਕ ਨੂੰ ਜਾਣਨਾ ਚਾਹੀਏ ਕਿ ਜਮ (ਯਮ) ਦੇ ਨਾਉਂ ਨਾਲ ਦਾੜ੍ਹ ਅਤੇ ਪੇਟ ਦੇ ਨਾਮਾਂ ਨਾਲ ਅਰਿ ਸਤ੍ਰੁ ਆਦਿ ਪਦ ਲਗਾਕੇ ਕਟਾਰ ਦੇ ਨਾਉਂ ਬਣਦੇ ਹਨ.#(ੲ) ਬਰਛੀ ਨੂੰ ਸੈਹਥੀ, ਸ਼ਕਤਿ, ਸੁਭਟਅਰਿ, ਸੈਨਾਰਿਪੁ, ਕੁੰਭਅਰਿ, ਯਸਟੀਅਰਧੰਗ, ਭਟਹਾ, ਕੁੰਭਹਾ, ਕੁੰਭੀਰਿਪੁ, ਲਛਮਨ ਅਰਿ, ਘਟੋਤਕਚ ਅਰਿ ਆਦਿ ਨਾਉਂ ਦਿੱਤੇ ਹਨ. ਪਾਠਕ ਨੂੰ ਸਮਝਣਾ ਚਾਹੀਏ ਕਿ ਸੁਭਟ ਅਰਿ ਦੀ ਥਾਂ ਜੇ ਯੋਧਾ ਰਿਪੁ ਹੋਵੇ ਅਥਵਾ ਕੁੰਭੀ ਅਰਿ ਦੀ ਥਾਂ ਕੁੰਜਰ ਰਿਪੁ ਹੋਵੇ ਤਦ ਕੇਵਲ ਪਦਾਂ ਦਾ ਹੇਰ ਫੇਰ ਹੈ, ਵਾਸਤਵ ਵਿੱਚ ਅਰਥ ਇੱਕੋ ਹੈ.#ਸਸਤ੍ਰਨਾਮਮਾਲਾ ਦੇ ਨਾਮਾਂ ਦੇ ਗ੍ਯਾਨ ਲਈ ਇਤਿਹਾਸ ਦਾ ਗ੍ਯਾਨ ਹੋਣਾ ਭੀ ਜਰੂਰੀ ਹੈ, ਕਿਉਂਕਿ ਉਸ ਬਿਨਾ ਇਹ ਨਹੀਂ ਜਾਣਿਆ ਜਾਂਦਾ ਕਿ ਲਛਮਨ ਬਰਛੀ ਨਾਲ ਮੂਰਛਿਤ ਹੋਇਆ ਅਤੇ ਘਟੋਤਕਚ ਮੋਇਆ ਸੀ, ਜਿਸ ਕਾਰਣ ਸੈਹਥੀ ਦਾ ਨਾਉਂ ਲਛਮਨ ਰਿਪੁ ਅਤੇ ਘਟੋਤਕਚ ਰਿਪੁ ਹੋਇਆ.#(ਸ) ਚਕ੍ਰ ਦੇ ਨਾਉਂ ਬਣਾਉਣ ਵਾਸਤੇ ਵਿਸਨੁ ਅਤੇ ਕ੍ਰਿਸਨ ਦੇ ਸਭ ਨਾਮਾਂ ਦੇ ਅੰਤ ਸਸਤ੍ਰ ਅਥਵਾ ਆਯੁਧ ਪਦ ਜੋੜਿਆ ਹੈ, ਅਥਵਾ ਜੋ ਵੈਰੀ ਚਕ੍ਰ ਨਾਲ ਮਾਰੇ ਹਨ ਉਨ੍ਹਾਂ ਦਾ ਨਾਸ਼ਕ ਚਕ੍ਰ ਦਾ ਨਾਉਂ ਠਹਿਰਾਇਆ ਹੈ, ਜਿਵੇਂ- ਵਿਸਨੁ ਸਸਤ੍ਰ, ਕ੍ਰਿਸਨਾਯੁਧ, ਮੁਰਮਰਦਨ, ਮਧੁਹਾ ਨਰਕਾਸੁਰ ਰਿਪੁ, ਇਤ੍ਯਾਦਿ. ਜੇ ਪਾਠਕ ਨੂੰ ਕ੍ਰਿਸਨ ਅਤੇ ਵਿਸਨੁ ਦੇ ਨਾਮਾਂ ਦਾ ਪੂਰਣ ਗ੍ਯਾਨ ਹੋਵੇ, ਤਦ ਚਕ੍ਰ ਦੇ ਨਾਮ ਸਮਝਣ ਵਿੱਚ ਕਠਿਨਾਈ ਨਹੀਂ#(ਹ) ਤੀਰ ਦੇ ਨਾਮ ਜੋ ਕੋਸ਼ਾਂ ਵਿੱਚ ਲਿਖੇ ਹਨ ਉਨ੍ਹਾਂ ਤੋਂ ਛੁੱਟ ਧਨੁਖਗ੍ਰਜ, ਚਰਮਛੇਦਕ, ਮ੍ਰਿਗਹਾ, ਆਦਿਕ ਅਨੇਕ ਕਲਪੇ ਹਨ, ਪਰ ਵਾਣ ਨੂੰ ਆਕਾਸਚਾਰੀ ਮੰਨਕੇ ਜੋ ਸਭ ਤੋਂ ਔਖੇ ਨਾਮ ਬਣਾਏ ਹਨ ਉਹ ਅਣੋਖੇ ਢੰਗ ਦੇ ਹਨ, ਯਥਾ- "ਰਜਨੀਸੁਰ ਧਰਧਰ", "ਚੰਦ੍ਰਧਰਚਰ", ਅਰਥਾਤ ਚੰਦ੍ਰਮਾ ਦੇ ਧਾਰਣ ਵਾਲਾ ਆਕਾਸ਼, ਤਿਸ ਵਿੱਚ ਵਿਚਰਣ ਵਾਲਾ ਤੀਰ. ਇਸ ਸਿਲਸਿਲੇ ਵਿੱਚ ਚੰਦ੍ਰਮਾ ਦੇ ਨਾਉਂ ਬਹੁਤ ਹੀ ਔਖੇ ਹਨ, ਜੈਸੇ- ਝਖਧਰਸੁਤ, ਵਾਸਵ ਅਰਿ¹ ਧਰ ਤਨਯ, ਅਰਥਾਤ ਮੱਛੀਆਂ ਦੇ ਧਾਰਣ ਵਾਲਾ ਸਮੁੰਦਰ ਉਸ ਦਾ ਪੁਤ੍ਰ ਚੰਦ੍ਰਮਾ, ਅਤੇ ਇੰਦ੍ਰ ਹੈ ਜਿਸ ਦਾ ਵੈਰੀ, ਮੈਨਾਕ ਪਰਬਤ, ਉਸ ਦੇ ਧਾਰਣ ਵਾਲਾ ਸਮੁੰਦਰ, ਉਸ ਤੋਂ ਉਪਜਿਆ ਚੰਦ੍ਰਮਾ, ਇਤ੍ਯਾਦਿ.#ਕਾਮ ਦੇ ਸਭ ਨਾਮ ਲੈ ਕੇ ਅੰਤ ਸ਼ਸਤ੍ਰ ਪਦ ਜੋੜਕੇ ਭੀ ਤੀਰ ਦੇ ਨਾਮ ਥਾਪੇ ਹਨ, ਯਥਾ-#ਪੁਹਪਧਨੁਖਾਯੁਧ, ਮੀਨਕੇਤ੍ਵਾਯੁਧ, ਸ਼ਿਵਅਰਿ ਸ਼ਸਤ੍ਰ, ਆਦਿ.#ਅਰਜੁਨ ਦੇ ਨਾਮਾਂ ਨਾਲ ਸ਼ਸਤ੍ਰ ਪਦ ਲਗਾਕੇ ਭੀ ਬਾਣ ਦੇ ਨਾਮ ਬਣਾਏ ਹਨ, ਯਥਾ- ਇੰਦ੍ਰਸੁਤ ਆਯੁਧ, ਗੁੜਾਕੇਸ਼ ਸ਼ਸਤ੍ਰ, ਧਨੰਜਯ ਅਸਤ੍ਰ, ਆਦਿ.#ਕਰਣ, ਸ਼੍ਰੀ ਕ੍ਰਿਸਨ ਅਤੇ ਰਾਵਣ ਦਾ ਦੇਹਾਂਤ ਤੀਰ ਨਾਲ ਹੋਇਆ ਸੀ, ਇਸ ਲਈ ਕਰਣਾਂਤਕ, ਸੂਰਯਸੁਤਅਰਿ, ਕ੍ਰਿਸਨਾਂਤਕ, ਹਲਧਰ ਅਨੁਜ ਅਰਿ ਆਦਿ ਬਾਣ ਦੇ ਨਾਮ ਹਨ.#ਕ੍ਰਿਸਨ ਜੀ ਅਰਜੁਨ ਦੇ ਰਥਵਾਹੀ ਹੋਏ ਸਨ ਇਸ ਲਈ ਭੀਖਮ ਅਰਿ ਸੂਤ ਅਰਿ, ਗੰਗਾਪੁਤ੍ਰ ਅਰਿ ਸੂਤ ਅਰਿ, ਇੰਦ੍ਰ ਤਾਤ ਸੂਤਰਿ, ਯੁਧਿਸਟਿਰ ਅਨੁਜ ਸੂਤਰਿ ਆਦਿ ਬਹੁਤ ਨਾਉਂ ਰਚੇ ਹਨ.#ਸਸਤ੍ਰਨਾਮਮਾਲਾ ਵਿੱਚ ਕਈ ਥਾਈਂ ਅੱਗਾਪਿੱਛਾ ਦੇਖਕੇ ਪਦਾਂ ਦਾ ਅਧ੍ਯਾਹਾਰ² ਕਰਨਾ ਪੈਦਾ ਹੈ, ਯਥਾ- "ਪ੍ਰਿਥਮ ਜੁਧਿਸਟਰ ਭਾਖ, ਬੰਧੁ ਸ਼ਬਦ ਪੁਨ ਭਾਖੀਏ। ਜਾਨ ਹ੍ਰਿਦੈ ਮੇ ਰਾਖ, ਸਕਲ ਨਾਮ ਏ ਬਾਨ ਕੇ." (੧੬੮) ਯੁਧਿਸ੍ਠਿਰ ਦਾ ਭਾਈ ਹੋਇਆ ਅਰਜੁਨ, ਪਰ ਇਸ ਤੋਂ ਕੁਝ ਅਰਥ ਸਿੱਧ ਨਾ ਹੋਇਆ, ਇਸ ਲਈ "ਸੂਤਰਿ" ਪਦ ਬਾਹਰੋਂ ਜੋੜਨਾ ਚਾਹੀਏ, ਅਰਥਾਤ ਅਰਜੁਨ ਦੇ ਸੂਤ ਦਾ ਵੈਰੀ ਤੀਰ. ਐਸੇ ਹੀ ਬੰਦੂਕ ਦੇ ਨਾਮਾਂ ਵਿੱਚ ਪਾਠ ਹੈ-#"ਪ੍ਰਿਥੀ ਸ਼ਬਦ ਕੋ ਆਦਿ ਉਚਾਰੋ।#ਤਾਂ ਪਾਛੇ ਜਾ ਪਦ ਦੈ ਡਾਰੋ।#ਨਾਮ ਤੁਫੰਗ ਜਾਨ ਹਿਯ ਲੀਜੈ।#ਚਹਿਯੈ ਜਹਾਂ ਤਹਾਂ ਪਦ ਦੀਜੈ." (੭੨੧) ਇਸ ਥਾਂ ਪ੍ਰਿਥੀਜ ਦੇ ਨਾਲ ਪ੍ਰਿਸਟਨਿ ਪਦ ਵਾਧੂ ਜੋੜਨ ਤੋਂ ਬੰਦੂਕ ਨਾਉਂ ਬਣੇਗਾ, ਕਿਉਂਕਿ ਪ੍ਰਿਥੀ ਤੋਂ ਪੈਦਾ ਹੋਇਆ ਕਾਠ, ਉਸ ਦੇ ਕੁੰਦੇ ਵਾਲੀ ਤੁਫੰਗ.#ਕਦੇ ਕਦੇ ਅਨ੍ਵਯ ਦੀ ਲੋੜ ਹੁੰਦੀ ਹੈ, ਜੈਸੇ- "ਤਿਮਰ ਉਚਰ ਹਾ ਭਗਣਿ ਬਖਾਨੋ." (੧੦੦੬) ਅਰਥ ਲਈ ਪਾਠ ਹੋਵੇਗਾ ਤਿਮਰਹਾ ਉਚਰ ਭਗਣਿ ਬਖਾਨੋ, ਅਰਥਾਤ ਅੰਧਕਾਰ ਵਿਨਾਸ਼ਕ ਆਖਕੇ ਭੈਣ ਪਦ ਕਹੋ³ ਆਦਿ.#(ਕ) ਪਾਸ਼ (ਫਾਹੀ) ਦੇ ਨਾਉਂ ਵਰੁਣਾਸਤ੍ਰ, ਯਮ ਸ਼ਸਤ੍ਰ ਆਦਿ ਕਲਪੇ ਹਨ, ਯਥਾ- ਗੰਗਾਈਸੁਰਾਸਤ੍ਰ, ਕ੍ਰਿਸਨ ਬੱਲਭਾ ਈਸੁਰਾਸਤ੍ਰ, ਅਰਥਾਤ ਗੰਗਾ ਅਤੇ ਕ੍ਰਿਸਨ ਦੀ ਪਿਆਰੀ ਯਮੁਨਾ ਦਾ ਈਸ਼੍ਵਰ ਵਰੁਣ, ਉਸ ਦਾ ਸ਼ਸਤ੍ਰ ਪਾਸ਼, ਅਤੇ ਅੰਤਕਾਸਤ੍ਰ, ਰਵਿਸੁਤਾਸ੍ਤ੍ਰ, ਪ੍ਰਾਣਾਂਤਕ ਸ਼ਸਤ੍ਰ ਆਦਿ, ਯਮ ਦਾ ਸ਼ਸਤ੍ਰ ਸਿੱਧ ਕਰਨ ਲਈ ਫਾਸੀ ਦੇ ਨਾਉਂ ਥਾਪੇ ਹਨ.#ਸੈਨਾ ਦੀ ਵੈਰਣ ਭੀ ਪਾਸ਼ ਦਾ ਨਾਉਂ ਹੈ, ਪਰ ਸੈਨਾ ਦੇ ਨਾਉਂ ਣੀ- ਨੀ- ਪ੍ਰਤ੍ਯਯ ਲਗਾਕੇ ਅਦਭੁਤ ਰੀਤਿ ਨਾਲ ਰਚੇ ਹਨ, ਜੈਸੇ- ਬੀਰਣੀ, ਭਟਨੀ, ਤਨੁਤ੍ਰਾਣਨੀ, ਆਦਿ. ਇਨ੍ਹਾਂ ਦੇ ਅੰਤ ਅਰਿ ਅਥਵਾ ਅਰਿਣੀ ਜੋੜਕੇ ਪਾਸ਼ ਦੇ ਨਾਉਂ ਹਨ.#ਫਾਸੀ ਦਾ ਨਾਉਂ ਠਗਆਯੁਧ ਭੀ ਆਇਆ ਹੈ. ਪਾਠਕ ਨੂੰ ਜਾਣਨਾ ਚਾਹੀਏ ਕਿ ਬਾਟਪਾਰ, ਧਨਹਾਰਕ, ਪਥਘਾਤਕ, ਮਗਹਾ, ਮਾਯਾਹਰ, ਵਿਖਦਾਯਕ ਆਦਿ ਪਦਾਂ ਨਾਲ ਸਸਤ੍ਰ ਪਦ ਜੋੜਨ ਤੋਂ ਪਾਸ਼ ਦੇ ਨਾਉਂ ਹੋ ਜਾਂਦੇ ਹਨ.#(ਖ) ਸਭ ਤੋਂ ਪਿੱਛੋਂ ਤੁਫੰਗ (ਬੰਦੂਕ) ਦੇ ਨਾਉਂ ਆਏ ਹਨ, ਜੋ ਗਿਣਤੀ ਵਿੱਚ ਸਭ ਤੋਂ ਵੱਧ ਹਨ ਅਤੇ ਅਲੌਕਿਕ ਰੀਤਿ ਨਾਲ ਰਚੇ ਹਨ, ਜੈਸੇ- ਜਲਜ- ਕੁੰਦਿਨੀ, ਧਰਾਰਾਟ ਪ੍ਰਿਸਟਿਣੀ, ਅਰਥਾਤ ਕਾਠ ਦਾ ਕੁੰਦਾ ਧਾਰਣ ਵਾਲੀ. ਬੰਦੂਕ ਦਾ ਹੋਰ ਨਾਉਂ ਲਿਖਿਆ ਹੈ ਫੌਜ ਦੀ ਵੈਰਣ, ਅਰ ਣੀ- ਨੀ- ਪ੍ਰਤ੍ਯਯ ਨਾਲ ਸੈਨਾ ਦੇ ਅਨੰਤ ਨਾਮ ਕਲਪੇ ਹਨ. ਜੈਸੇ- ਬਾਰਨਿ, ਹਥਨੀ, ਰਥਨਿ, ਹਯਨੀ, ਘੋਰਨਿ, ਪਦਾਤਨਿ, ਬਰਮਣੀ, ਚਕ੍ਰਣੀ, ਖੜਗਣੀ, ਪੰਚਾਨਨ ਘੋਖਨੀ, ਅਭਿਮਾਨਿਨੀ, ਸਮਯਨੀ, ਸੋਭਨੀ, ਪ੍ਰਭਾਧਰਨਿ, ਭਾਨੀ, ਮੇਧਣੀ, ਧਿਖਣੀ, ਨ੍ਰਿਪਣੀ, ਭੂਪਣੀ, ਧਨੁਨੀ, ਕੋਵੰਡਨੀ ਆਦਿ, ਇਨ੍ਹਾਂ ਦੇ ਅੰਤ ਰਿਪੁ ਸਤ੍ਰੁ ਅਰਿ ਅੰਤਕ ਆਦਿ ਪਦ ਲਗਾਕੇ ਬੰਦੂਕ ਦੇ ਨਾਮ ਬਣਾਏ ਹਨ.#ਤੁਫੰਗ ਦਾ ਹੋਰ ਨਾਉਂ ਥਾਪਿਆ ਹੈ ਸ਼ੇਰ ਦੀ ਵੈਰਣ, ਇਸ ਪ੍ਰਸੰਗ ਵਿੱਚ ਸ਼ੇਰ ਦੇ ਨਾਉਂ ਇਉਂ ਲਿਖੇ ਹਨ-#"ਆਦਿ ਤਰੰਗਨਿ ਸਬਦ ਉਚਾਰੋ ਜਾਨਕੈ.#ਜਾਚਰ ਕਹਿ ਨਾਇਕ ਪਦ ਬਹੁਰੋ ਠਾਨਕੈ,#ਸਤ੍ਰੁ ਸ਼ਬਦ ਕੋ ਤਾਂਕੇ ਅੰਤ ਉਚਾਰੀਐ,#ਹੋ! ਸਕਲ ਤੁਪਕ ਕੇ ਨਾਮ ਸੁਮਿਤ੍ਰ ਵਿਚਾਰੀਐ."#(੮੧੧)#ਤਰੰਗਿਨੀ (ਨਦੀ) ਤੋਂ ਜਾ (ਉਤਪੰਨ ਹੋਇਆ) ਘਾਸ, ਉਸ ਨੂੰ ਚਰਣ ਵਾਲਾ ਮ੍ਰਿਗ, ਉਸ ਦਾ ਨਾਇਕ ਸ਼ੇਰ, ਉਸ ਦੀ ਸਤ੍ਰੁ (ਵੈਰਣ) ਬੰਦੂਕ.#ਨਦੀਆਂ ਦੇ ਨਾਮ ਭੀ ਸਾਧਾਰਣ ਨਹੀਂ ਹਨ. ਕਿਤੇ ਨਦੀ ਨੂੰ ਕਿਨਾਰੇ ਢਾਹੁਣ ਵਾਲੀ ਮੰਨਕੇ ਅਭਿਮਾਨਿਨੀ ਆਖਿਆ ਹੈ, ਕਿਤੇ ਪਰਬਤਾਂ ਨੂੰ ਵਿਦਾਰਣ ਵਾਲੀ ਦੱਸਿਆ ਹੈ ਅਤੇ ਕਿਤੇ ਜਮੁਨਾ ਆਦਿਕ ਨਦੀਆਂ ਦੇ ਪੁਰਾਣਾਂ ਨਾਲ ਸੰਬੰਧ ਰੱਖਣ ਵਾਲੇ ਨਾਉਂ ਲਿਖੇ ਹਨ, ਯਥਾ- ਦ੍ਵਾਰਾਵਤਿਨਾਇਕ ਪ੍ਰਿਯਾ ਜਮੁਨਾ ਦਾ, ਭੀਸਮ ਮਾਤਾ ਗੰਗਾ ਦਾ, ਸਸਿਅਨੁਜਨਨਿ ਚੰਦ੍ਰਭਾਗਾ ਦਾ ਆਦਿ.#ਕਿਤੇ ਪ੍ਰਿਥਵੀ ਤੋਂ ਘਾਸ ਦੀ ਉਤਪੱਤੀ ਦੱਸਣ ਲਈ ਬਹੁਤ ਪੇਚਦਾਰ ਨਾਉਂ ਰਚੇ ਹਨ, ਯਥਾ- "ਨਿਸਨਾਇਕਨਨਿ ਸੂਨਚਰ ਪਤਿ ਅਰਿ." ਚੰਦ੍ਰਭਾਗਾ ਵਾਲੀ (ਅਰਥਾਤ ਚੰਦ੍ਰਭਾਗਾ ਨੂੰ ਧਾਰਣ ਵਾਲੀ) ਪ੍ਰਿਥਿਵੀ, ਉਸ ਦਾ ਬੱਚਾ ਘਾਸ, ਉਸ ਦੇ ਚਰਣ ਵਾਲਾ ਮ੍ਰਿਗ, ਉਸ ਦਾ ਪਤਿ ਸ਼ੇਰ, ਉਸ ਦੀ ਵੈਰਣ ਬੰਦੂਕ.#ਪ੍ਰਿਥਿਵੀ ਨੂੰ ਕਸ਼੍ਯਪ ਪ੍ਰਜਾਪਤਿ ਦੀ ਮੰਨਕੇ ਜੋ ਨਾਉਂ ਬੰਦੂਕ ਦੇ ਲਿਖੇ ਹਨ, ਉਹ ਸਭ ਤੋਂ ਔਖੇ ਹਨ, ਯਥਾ- "ਉੱਚਸ੍ਰਵਾਇਸ ਏਸ ਏਸਣੀ ਇਸਣੀ ਅਰਣੀ." ਉਚੈਃ ਸ੍ਰਵਾ ਘੋੜੇ ਦਾ ਈਸ਼੍ਵਰ ਇੰਦ੍ਰ, ਉਸ ਦਾ ਈਸ਼੍ਵਰ ਕਸ਼੍ਯਪ, ਉਸ ਦੀ ਮਾਲਕੀਯਤ ਪ੍ਰਿਥਿਵੀ, ਉਸ ਦੇ ਈਸ਼੍ਵਰ ਰਾਜਾ ਦੀ ਸੈਨਾ, ਉਸ ਦੀ ਵੈਰਣ ਬੰਦੂਕ.#ਕਈ ਥਾਈਂ ਚਾਰ ਬਾਰ ਨ੍ਰਿਪ ਪਦ ਦੇਕੇ ਤੁਫੰਗ ਦਾ ਨਾਉਂ ਬਣਾਇਆ ਹੈ. ਯਥਾ-#ਆਦਿ ਸ਼ਬਦ ਮਾਤੰਗ ਭਣੀਜੈ,#ਚਾਰ ਬਾਰ ਨ੍ਰਿਪ ਪਦ ਕੋ ਦੀਜੈ,#ਅਰਣੀ ਤਾਂਕੇ ਅੰਤ ਬਖਾਨੋ,#ਸਭ ਸ੍ਰੀ ਨਾਮ ਤੁਪਕ ਕੇ ਜਾਨੋ. (੧੨੫੧)#ਮਾਤੰਗ (ਐਰਾਵਤ ਹਾਥੀ) ਦਾ ਨ੍ਰਿਪ (ਭਾਵ- ਸ੍ਵਾਮੀ) ਇੰਦ੍ਰ, ਉਸ ਦਾ ਸ੍ਵਾਮੀ ਕਸ਼੍ਯਪ, ਉਸ ਦੀ ਮਾਲਕੀਯਤ ਪ੍ਰਿਥਿਵੀ, ਉਸ ਦੀ ਰੱਛਕ ਰਾਜਸੈਨਾ, ਉਸ ਦੀ ਘਾਤਕ ਬੰਦੂਕ.#ਜੇ ਪਾਠਕ ਉੱਪਰ ਦੱਸੇ ਨਿਯਮਾਂ ਨੂੰ ਵਿਚਾਰਕੇ ਸਸਤ੍ਰਨਾਮਮਾਲਾ ਦਾ ਪਾਠ ਕਰਨਗੇ, ਤਦ ਅਰਥ ਸਮਝਣ ਵਿੱਚ ਬਹੁਤ ਆਸਾਨੀ ਹੋਵੇਗੀ.
ਸਰੋਤ: ਮਹਾਨਕੋਸ਼