ਸਿਰਪੀੜ
sirapeerha/sirapīrha

ਪਰਿਭਾਸ਼ਾ

ਸਿਰਸ਼ੂਲ. ਦਰਦੇਸਰ. Headache. ਇਸ ਰੋਗ ਦੇ ਕਾਰਣ ਅਰਧਸਿਰਾ ਸ਼ਬਦ ਵਿੱਚ ਦੇਖੋ. ਸਿਰਪੀੜ ਦੇ ਅਨੇਕ ਭੇਦ ਹਨ ਅਤੇ ਉਨ੍ਹਾਂ ਦੇ ਅਨੇਕ ਕਾਰਣ ਹਨ, ਪਰ ਮੁੱਖ ਕਾਰਣ ਮੇਦੇ ਦੀ ਖਰਾਬੀ ਅਤੇ ਅੰਤੜੀ ਅੰਦਰ ਮੈਲ ਜਮਾ ਹੋਣਾ ਹੈ. ਜੋ ਹਾਜਮਾ ਠੀਕ ਕਰਨ ਵਾਲੀਆਂ ਅਤੇ ਕਬਜ ਖੋਲਣ ਵਾਲੀਆਂ ਦਵਾਈਆਂ ਹਨ ਉਨ੍ਹਾਂ ਦਾ ਵਰਤਣਾ ਸਿਰਪੀੜ ਹਟਾਉਂਦਾ ਹੈ. ਖਾਸ ਕਰਕੇ ਹੇਠ ਲਿਖੇ ਉਪਾਉ ਕਰਨੇ ਚਾਹੀਏ-#੧. ਗਊ ਦਾ ਗਰਮ ਦੁੱਧ ਮਿਸ਼ਰੀ ਪਾਕੇ ਪੀਣਾ.#੨. ਨਸਾਦਰ ਤੇ ਕਲੀ (ਚੂਨਾ) ਅੱਡ ਅੱਡ ਪੀਸਕੇ ਸ਼ੀਸ਼ੀ ਵਿੱਚ ਮਿਲਾਕੇ ਸੁੰਘਣਾ.#੩. ਆਂਡਿਆਂ ਦਾ ਕੜਾਹ ਖਾਣਾ.#੪. ਰੀਠੇ ਦਾ ਛਿਲਕਾ ਪਾਣੀ ਵਿੱਚ ਘਸਾਕੇ ਨਸਵਾਰ ਲੈਣੀ.#੫. ਮੁਲੱਠੀ ਤਿੰਨ ਮਾਸ਼ੇ, ਮਿੱਠਾ ਤੇਲੀਆ ਇੱਕ ਮਾਸ਼ਾ, ਦੋਹਾਂ ਨੂੰ ਬਹੁਤ ਬਹੀਕ ਪੀਸਕੇ ਅੱਧਾ ਚਾਉਲ ਭਰ ਨਸਵਾਰ ਲੈਣੀ.#੬. ਘੀ ਵਿੱਚ ਲੂਣ ਮਿਲਾਕੇ ਮੱਥੇ ਤੇ ਮਲਨਾ.#੭. ਗਰਮੀ ਨਾਲ ਸਿਰਪੀੜ ਹੋਵੇ ਤਾਂ ਚਿੱਟਾ ਚੰਦਨ ਘਸਾਕੇ ਮੱਥੇ ਤੇ ਲੇਪਣਾ. ਸਰਦੀ ਨਾਲ ਹੋਵੇ ਤਾਂ ਕੇਸਰ ਜਾਂ ਸੁੰਢ ਦਾ ਲੇਪ ਕਰਨਾ.
ਸਰੋਤ: ਮਹਾਨਕੋਸ਼