ਪਰਿਭਾਸ਼ਾ
ਸਿਆਲਕੋਟ ਨਿਵਾਸੀ ਬਾਘ ਮੱਲ (ਬਾਗ ਮੱਲ) ਪੁਰੀ ਖਤ੍ਰੀ ਦੇ ਘਰ, ਸਿੱਖ ਪੁਤ੍ਰੀ ਗੌਰਾਂ ਦੇ ਉਦਰ ਤੋਂ ਸੰਮਤ ੧੭੮੧ ਵਿੱਚ ਹਕੀਕਤ ਰਾਇ ਦਾ ਜਨਮ ਹੋਇਆ. ਵਟਾਲਾ ਨਿਵਾਸੀ ਸਹਿਜਧਾਰੀ ਸਿੱਖ ਕਿਸਨ ਚੰਦ ਉੱਪਲ ਖਤ੍ਰੀ ਦੀ ਸੁਪੁਤ੍ਰੀ ਦੁਰਗਾ ਦੇਵੀ ਨਾਲ ਵਿਆਹ ਹੋਇਆ ਅਤੇ ਭਾਈ ਬੁਧ ਸਿੰਘ ਵਟਾਲੀਏ ਦੀ ਸੰਗਤਿ ਤੋਂ ਸਿੱਖਧਰਮ ਦੇ ਨਿਯਮਾਂ ਦਾ ਵਿਸ਼੍ਵਾਸੀ ਹੋਇਆ. ਪਿਤਾ ਨੇ ਪੁਤ੍ਰ ਨੂੰ ਉਸ ਸਮੇਂ ਦੀ ਰਾਜਭਾਸਾ ਪੜ੍ਹਾਉਣ ਲਈ ਸ਼ਹਿਰ ਦੇ ਮਕਤਬ ਵਿੱਚ ਬੈਠਾਇਆ. ਇੱਕ ਦਿਨ ਜਮਾਤ ਦੇ ਮੁਸਲਮਾਨ ਮੁੰਡਿਆਂ ਨਾਲ ਹਕੀਕਤ ਦੀ ਧਰਮਚਰਚਾ ਛਿੜ ਪਈ. ਮੁਸਲਮਾਨਾਂ ਨੇ ਦੇਵੀ ਨੂੰ ਕੁਝ ਅਯੋਗ ਸ਼ਬਦ ਕਹੇ, ਇਸ ਪੁਰ ਹਕੀਕਤਰਾਇ ਨੇ ਆਖਿਆ ਕਿ ਜੇ ਅਜੇਹੇ ਅਪਮਾਨ ਭਰੇ ਸ਼ਬਦ ਮੁਹ਼ੰਮਦ ਸਾਹਿਬ ਦੀ ਪੁਤ੍ਰੀ ਫ਼ਾਤਿਮਾ ਦੀ ਸ਼ਾਨ ਵਿੱਚ ਵਰਤੇ ਜਾਣ ਤਾਂ ਤੁਹਾਨੂੰ ਕਿੰਨਾ ਦੁੱਖ ਹੋਵੇਗਾ. ਇਹ ਯੋਗ ਬਾਤ ਭੀ ਮੁੰਡਿਆਂ ਅਤੇ ਮੌਲਵੀ ਤੋਂ ਨਾ ਸਹਾਰੀ ਗਈ, ਅਰ ਸਿਆਲਕੋਟ ਦੇ ਹਾਕਮ ਅਮੀਰ ਬੇਗ ਤੋਂ ਹਕੀਕਤ ਰਾਇ ਦਾ ਚਾਲਾਨ ਲਹੌਰ ਦੇ ਸੂਬੇ ਪਾਸ ਕਰਵਾਇਆ. ਮੁਸਲਮਾਨ ਹਾਕਿਮਾਂ ਨੇ ਇਸ ਨੂੰ ਇਸਲਾਮ ਕਬੂਲ ਕਰਨ ਲਈ ਆਖਿਆ, ਪਰ ਹਕੀਕਤ ਨੇ ਇਨਕਾਰ ਕੀਤਾ. ਇਸ ਪੁਰ ਬਾਲਕ ਹਕੀਕਤ ਮਾਘ ਸੁਦੀ ੫. ਸੰਮਤ ੧੭੯੮ (ਸਨ ੧੮੪੧) ਨੂੰ ਖਾਨਬਹਾਦੁਰ (ਜਕਰੀਆਖ਼ਾਨ) ਗਵਰਨਰ ਦੇ ਹੁਕਮ ਨਾਲ ਕਤਲ ਕੀਤਾ ਗਿਆ. ਹਕੀਕਤ ਰਾਇ ਧਰਮੀ ਦੀ ਸਮਾਧਿ ਲਹੌਰ ਤੋਂ ਦੋ ਮੀਲ ਚੜ੍ਹਦੇ ਵੱਲ ਹੈ, ਜਿਸ ਤੇ ਬਸੰਤ ਪੰਚਮੀ ਦਾ ਹਰ ਸਾਲ ਭਾਰੀ ਮੇਲਾ ਜੁੜਦਾ ਹੈ.
ਸਰੋਤ: ਮਹਾਨਕੋਸ਼