ਪਰਿਭਾਸ਼ਾ
ਅ਼. [ہمیر] ਵਿ- ਸ਼ਿਕਸ੍ਤ ਦੇਣ ਵਾਲਾ. ਜਿੱਤਣ ਵਾਲਾ. "ਹਾਠ ਹਮੀਰ." (ਕਲਕੀ) ਹਠੀਆ ਅਤੇ ਵਿਜਯੀ। ੨. ਸੰਗ੍ਯਾ- ਰਨਥੰਭੌਰ ਦਾ ਰਾਜਪੂਤ ਰਾਜਾ, ਜੋ ਸੰਃ ੧੩੫੭ ਵਿੱਚ ਗੱਦੀ ਬੈਠਾ. ਬਾਦਸ਼ਾਹ ਅਲਾਉੱਦੀਨ ਖਿਲਜੀ ਦਾ ਇੱਕ ਅਹਿਲਕਾਰ ਮੀਰਮੁਹੰਮਦ ਬਾਗੀ ਹੋਗਿਆ ਅਤੇ ਭੱਜਕੇ ਹਮੀਰ ਪਾਸ ਪਹੁੰਚਿਆ. ਅਲਾਉੱਦੀਨ ਨੇ ਹਮੀਰ ਪਾਸੋਂ ਮੀਰ ਮੁਹ਼ੰਮਦ ਮੰਗਿਆ. ਹਮੀਰ ਨੇ ਕਿਹਾ ਕਿ ਭਾਵੇਂ ਸੂਰਜ ਅਪਨੀ ਚਾਲ ਬਦਲ ਲਵੇ, ਪਰ ਹਮੀਰ ਸ਼ਰਣਾਗਤ ਨੂੰ ਨਹੀਂ ਦੇਵੇਗਾ. ਇਸ ਪੁਰ ਅਲਾਉੱਦੀਨ ਨੇ ਚੜ੍ਹਾਈ ਕੀਤੀ ਅਤੇ ਹਮੀਰ ਵਡੀ ਵੀਰਤਾ ਨਾਲ ਸ਼ਹੀਦ ਹੋਇਆ. "ਤਿਰਿਯਾ ਤੇਲ ਹਮੀਰ ਹਠ ਚਢਤ ਨ ਦੂਜੀ ਵਾਰ." (ਲੋਕੋ) ੩. ਇੱਕ ਮੇਵਾਰ ਦਾ ਰਾਜਾ, ਇਹ ਭੀ ਅਲਾਉੱਦੀਨ ਖਿਲਜੀ ਦੇ ਸਮੇਂ ਹੋਇਆ ਹੈ. ਇਹ ਬਾਦਸ਼ਾਹ ਦੇ ਸੂਬੇਦਾਰ ਮਾਲਦੇਵ ਝਲੋਰ ਦੇ ਇਲਾਕੇ ਉੱਤੇ ਹਮਲੇ ਕਰਦਾ ਰਹਿੰਦਾ. ਮਾਲਦੇਵ ਨੇ ਹੋਰ ਤਰਾਂ ਹਮੀਰ ਨੂੰ ਕਾਬੂ ਆਉਂਦਾ ਨਾ ਵੇਖਕੇ ਆਪਣੀ ਬੇਟੀ ਦਾ ਨਾਤਾ ਭੇਜਿਆ, ਜੋ ਹਮੀਰ ਨੇ ਮਨਜ਼ੂਰ ਕਰ ਲਿਆ. ਵਿਆਹ ਹੋਣ ਪੁਰ ਲੜਕੀ ਨੇ ਦੱਸਿਆ ਕਿ ਮੈਂ ਪਹਿਲਾਂ ਵਿਆਹੀ ਹੋਈ ਅਤੇ ਵਿਧਵਾ ਹਾਂ. ਹਮੀਰ ਨੇ ਇੱਕ ਵਾਰ ਮਾਲਦੇਵ ਦੀ ਗੈਰ ਹਾਜਿਰੀ ਵਿੱਚ ਉਸਦੇ ਇਲਾਕੇ ਜਾਕੇ ਸਾਰੀ ਫੌਜ ਨੂੰ ਆਪਣੀ ਵੱਲ ਕਰਕੇ ਸਾਰਾ ਸੂਬਾ ਆਪਣੇ ਕਬਜੇ ਕਰ ਲਿਆ।
ਸਰੋਤ: ਮਹਾਨਕੋਸ਼