ਹਮੀਰ ਸਿੰਘ
hameer singha/hamīr singha

ਪਰਿਭਾਸ਼ਾ

ਨਾਭੇ ਦਾ ਪਹਿਲਾ ਰਾਜਾ, ਜੋ ਸੂਰਤੀਏ ਦਾ ਛੋਟਾ ਪੁਤ੍ਰ ਅਤੇ ਬਾਬੇ ਤ੍ਰਿਲੋਕ ਸਿੰਘ ਦਾ ਪੜੋਤਾ ਸੀ. ਇਹ ਆਪਣੇ ਦਾਦੇ ਗੁਰੁਦਿੱਤੇ ਦੇ ਮਰਨ ਤੇ ਧਨੌਲੇ, ਪੱਖੋ, ਕਪੂਰਗੜ੍ਹ ਆਦਿਕ ਇਲਾਕਿਆਂ ਦਾ ਸ੍ਵਾਮੀ ਹੋਇਆ. ਇਹ ਵਡਾ ਬਹਾਦੁਰ ਅਤੇ ਚਤੁਰ ਸੀ. ਸਨ ੧੭੫੫ ਵਿੱਚ ਇਸ ਨੇ ਨਾਭਾ ਨਗਰ ਵਸਾਇਆ ਅਤੇ ਉਸ ਨੂੰ ਰਾਜਧਾਨੀ ਥਾਪਿਆ. ਹਮੀਰ ਸਿੰਘ ਨੇ ਆਪਣੀ ਬਾਹਾਂ ਦੇ ਬਲ ਨਾਲ ਕਈ ਇਲਾਕੇ ਰਾਜ ਨਾਲ ਮਿਲਾਏ. ਸਨ ੧੭੬੩ ਵਿੱਚ ਸਰਹਿੰਦ ਦੇ ਗਵਰਨਰ ਜੈਨ ਖਾਨ ਨੂੰ ਮਾਰਨ ਵੇਲੇ ਇਹ ਆਪਣੇ ਖਾਲਸਾ ਭਾਈਆਂ ਦੇ ਨਾਲ ਸੀ ਅਤੇ ਇਸ ਫਤੇ ਵਿੱਚ ਅਮਲੋਹ ਦਾ ਇਲਾਕਾ ਇਸ ਦੇ ਹੱਥ ਆਇਆ. ਰਾਜਾ ਹਮੀਰ ਸਿੰਘ ਦਾ ਦੇਹਾਂਤ ਸਨ ੧੭੮੩ ਵਿੱਚ ਨਾਭੇ ਹੋਇਆ. ਸਮਾਧ ਕਿਲੇ ਦੇ ਪਾਸ ਹੀ ਪੂਰਵ ਵੱਲ ਹੈ.
ਸਰੋਤ: ਮਹਾਨਕੋਸ਼