ਪਰਿਭਾਸ਼ਾ
ਸਿੱਖ ਕੌਮ ਦੇ ਅੱਠਵੇਂ ਪਾਤਸ਼ਾਹ. ਆਪ ਦਾ ਜਨਮ ਸੋਮਵਾਰ ੮. ਸਾਵਣ (ਬਦੀ ੧੦) ਸੰਮਤ ੧੭੧੩ (੭ ਜੁਲਾਈ ਸਨ ੧੬੫੬) ਨੂੰ ਕੀਰਤਪੁਰ ਵਿੱਚ ਸ਼੍ਰੀ ਗੁਰੂ ਹਰਿਰਾਇ ਜੀ ਦੇ ਘਰ ਮਾਤਾ ਕ੍ਰਿਸਨ ਕੌਰ ਜੀ ਤੋਂ ਹੋਇਆ. ੮. ਕੱਤਕ ਸੰਮਤ ੧੭੧੮ (੭ ਅਤੂਬਰ ਸਨ ੧੬੬੧) ਨੂੰ ਗੁਰੁਗੱਦੀ ਤੇ ਵਿਰਾਜੇ. ਬਾਬਾ ਰਾਮਰਾਇ ਦੀ ਸ਼ਕਾਇਤ ਪੁਰ ਔਰੰਗਜ਼ੇਬ ਨੇ ਇਨ੍ਹਾਂ ਨੂੰ ਦਿੱਲੀ ਬੁਲਾਇਆ. ਉੱਥੇ ਚੇਚਕ ਨਾਲ ਚੇਤ ਸੁਦੀ ੧੪. (੩ ਵੈਸਾਖ) ਸੰਮਤ ੧੭੨੧ (੩੦ ਮਾਰਚ ਸਨ ੧੬੬੪) ਨੂੰ ਜੋਤੀ ਜੋਤਿ ਸਮਾਏ. ਆਪ ਦੇ ਪਵਿਤ੍ਰ ਅਸਥਾਨ ਬਾਲਾ ਸਾਹਿਬ ਅਤੇ ਬੰਗਲਾ ਸਾਹਿਬ ਦਿੱਲੀ ਵਿਦ੍ਯਮਾਨ ਹਨ. ਸ਼੍ਰੀ ਗੁਰੂ ਹਰਿਕ੍ਰਿਸਨ ਜੀ ਨੇ ੨. ਵਰ੍ਹੇ ੫. ਮਹੀਨੇ ਤੇ ੨੬ ਦਿਨ ਗੁਰਿਆਈ ਕੀਤੀ. ਆਪ ਦੀ ਸਾਰੀ ਅਵਸਥਾ ੭. ਵਰ੍ਹੇ ੮. ਮਹੀਨੇ ਤੇ ੨੬ ਦਿਨ ਸੀ. "ਸ਼੍ਰੀ ਹਰਿਕ੍ਰਿਸਨ ਧਿਆਈਐ ਜਿਤੁ ਡਿਠੈ ਸਭ ਦੁਖ ਜਾਇ." (ਚੰਡੀ ੩)
ਸਰੋਤ: ਮਹਾਨਕੋਸ਼