ਹਰਿਦਾਸ
harithaasa/haridhāsa

ਪਰਿਭਾਸ਼ਾ

ਸੰਗ੍ਯਾ- ਤਲਵੰਡੀ ਨਿਵਾਸੀ ਵੈਦ੍ਯ, ਜੋ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ ਰੋਗ ਦੂਰ ਕਰਨ ਆਇਆ ਸੀ. ਜਿਸ ਪਰਥਾਇ "ਵੈਦ ਬੁਲਾਇਆ ਵੈਦਗੀ" ਸਲੋਕ ਉਚਾਰਿਆ ਹੈ। ੨. ਦੇਖੋ, ਰਾਮ ਦਾਸ ਸਤਿਗੁਰੂ. ਸ਼੍ਰੀ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਉਂ ਹਰਦਾਸ ਅਤੇ ਹਰਿਦਾਸ ਲਿਖਿਆ ਜਾਂਦਾ ਹੈ। ੩. ਵਿੱਜ ਗੋਤ ਦਾ ਪ੍ਰੇਮੀ, ਜੋ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਸੀ. ਇਸ ਨੂੰ ਵਰਤਾਕੇ ਛਕਣ ਦਾ ਉਪਦੇਸ਼ ਹੋਇਆ। ੪. ਗਵਾਲੀਯਰ ਦੇ ਕਿਲੇ ਦਾ ਦੁਰਗਪਾਲ (ਦਾਰੋਗ਼ਾ), ਜੋ ਗੁਰੂ ਹਰਿਗੋਬਿੰਦ ਸਾਹਿਬ ਦਾ ਸਿੱਖ ਸੀ। ੫. ਕਨਖਲ ਨਿਵਾਸੀ ਇੱਕ ਜੋਗੀ, ਜਿਸ ਨੇ ਫਰਵਰੀ ਸਨ ੧੮੩੭ ਵਿੱਚ ਮਹਾਰਾਜਾ ਰਣਜੀਤ ਸਿੰਘ ਜੀ ਨੂੰ ੪੦ ਦਿਨ ਸਮਾਧੀ ਲਗਾਕੇ ਦਿਖਾਈ ਸੀ. ਮਹਾਰਾਜੇ ਨੇ ਹਰਿਦਾਸ ਨੂੰ ਇੱਕ ਸੰਦੂਕ ਵਿੱਚ ਬੰਦ ਕਰਕੇ ਜ਼ਮੀਨ ਵਿੱਚ ਦਬਵਾ ਦਿੱਤਾ ਅਤੇ ਉੱਪਰ ਸਾਵਧਾਨ ਪਹਿਰਾ ਰੱਖਿਆ. ਚਾਲ੍ਹੀਵੇਂ ਦਿਨ ਜਦ ਸੰਦੂਕ ਵਿੱਚੋਂ ਕੱਢਿਆ ਤਦ ਮੁਰਦੇ ਦੀ ਸ਼ਕਲ ਸੀ. ਮਾਲਿਸ਼ ਆਦਿ ਅਨੇਕ ਯਤਨ ਕਰਕੇ ਉਸ ਦੇ ਚੇਲਿਆਂ ਨੇ ਹੋਸ਼ ਵਿੱਚ ਲਿਆਂਦਾ. ਮਹਾਰਾਜੇ ਨੇ ਇਸ ਯੋਗੀ ਨੂੰ ਬਹੁਤ ਧਨ ਦਿੱਤਾ. ਇਸ ਘਟਨਾ ਨੂੰ ਡਾਕਟਰ Mac Gregor ਆਦਿ ਕਈ ਯੂਰਪ ਨਿਵਾਸੀ ਇਤਿਹਾਸਕਾਰਾਂ ਨੇ ਅੱਖੀਂ ਡਿੱਠਾ ਵਰਣਨ ਕੀਤਾ ਹੈ। ੬. ਵਿ- ਕਰਤਾਰ ਦਾ ਸੇਵਕ. "ਹਰਿਦਾਸਨ ਕੀ ਆਗਿਆ ਮਾਨਤ, ਤੇ ਨਾਹੀ ਫੁਨਿ ਗਰਭ ਪਰਨ." (ਸਾਰ ਮਃ ੫)
ਸਰੋਤ: ਮਹਾਨਕੋਸ਼