ਪਰਿਭਾਸ਼ਾ
ਵਾਹਗੁਰੂ ਦਾ ਮਹਲ. ਜਗਤ. "ਹਰਿਮੰਦਰ ਏਹੁ ਜਗਤ ਹੈ." (ਪ੍ਰਭਾ ਅਃ ਮਃ ੩) ੨. ਮਾਨੁਸ ਦੇਹ. "ਹਰਿਮੰਦਰੁ ਏਹੁ ਸਰੀਰ ਹੈ." (ਪ੍ਰਭਾ ਅਃ ਮਃ ੩) ੩. ਸਤਸੰਗ. "ਹਰਿਮੰਦਰ ਸੋਈ ਆਖੀਐ ਜਿਥਹੁ ਹਰਿ ਜਾਤਾ." (ਵਾਰ ਰਾਮ ੧. ਮਃ ੩) ੪. ਗੁਰੂ ਅਰਜਨ ਸਾਹਿਬ ਜੀ ਦਾ ਰਚਿਆ ਅਮ੍ਰਿਤ ਸਰੋਵਰ ਦੇ ਵਿਚਕਾਰ ਕਰਤਾਰ ਦਾ ਮੰਦਿਰ. "ਹਰਿ ਜਪੇ ਹਰਿਮੰਦਰ ਸਾਜਿਆ ਸੰਤ ਭਗਤ ਗੁਣ ਗਾਵਹਿ ਰਾਮ." (ਸੂਹੀ ਛੰਤ ਮਃ ੫) ਦੇਖੋ, ਅਮ੍ਰਿਤਸਰ। ੫. ਕੀਰਤਪੁਰ ਵਿੱਚ ਛੀਵੇਂ ਸਤਿਗੁਰੂ ਜੀ ਦਾ ਨਿਵਾਸ ਅਸਥਾਨ। ੬. ਪਟਨੇ ਦਾ ਉਹ ਮੰਦਿਰ ਜਿੱਥੇ ਸ਼੍ਰੀ ਦਸ਼ਮੇਸ਼ ਜੀ ਨੇ ਜਨਮ ਲਿਆ। ੭. ਠਾਕੁਰਦ੍ਵਾਰਾ. ਦੇਵਾਲਯ. "ਕਾਹੁਁ ਕਹ੍ਯੋ ਹਰਿਮੰਦਰ ਮੇ ਹਰਿ, ਕਾਹੁਁ ਮਸੀਤ ਕੇ ਬੀਚ ਪ੍ਰਮਾਨ੍ਯੋ." (੩੩ ਸਵੈਯੇ)
ਸਰੋਤ: ਮਹਾਨਕੋਸ਼