ਪਰਿਭਾਸ਼ਾ
ਜ਼ਿਲ੍ਹਾ ਹੁਸ਼ਿਆਰਪੁਰ ਵਿੱਚ ਰੇਲਵੇ ਸਟੇਸ਼ਨ ਹੁਸ਼ਿਆਰਪੁਰ ਤੋਂ ਛੇ ਮੀਲ ਦੱਖਣ ਵੱਲ ਸ੍ਰੀ ਗੁਰੂ ਹਰਿਰਾਇ ਸਾਹਿਬ ਦਾ ਗੁਰੁਦ੍ਵਾਰਾ, ਜੋ ਪਿੰਡ ਚੱਗਰਾਂ, ਬੋਹਣ, ਚੱਬੇ ਵਾਲ ਅਤੇ ਬਜਰੌਰ ਦੇ ਵਿਚਕਾਰ ਹੈ. ਇਸ ਸੰਬੰਧੀ ਪ੍ਰਸੰਗ ਹੈ ਕਿ ਗੁਰੂ ਸਾਹਿਬ ਦੇ ਵਚਨ ਕਰਕੇ ਸੁੱਕੀਆਂ ਬੇਲਾਂ ਇੱਥੇ ਹਰੀਆਂ ਹੋ ਗਈਆਂ ਸਨ, ਜਿਸ ਤੋਂ ਇਹ ਨਾਉਂ ਹੋਇਆ. ਗੁਰੁਦ੍ਵਾਰੇ ਨਾਲ ੭੧ ਘੁਮਾਉਂ ਜਮੀਨ ਸਿੱਖਰਾਜ ਸਮੇਂ ਦੀ ਹੈ. ਵੈਸਾਖੀ ਅਤੇ ਮਾਘੀ ਨੂੰ ਮੇਲਾ ਲਗਦਾ ਹੈ.#ਬਾਬਾ ਅਜੀਤ ਸਿੰਘ ਜੀ ਭੀ ਇਸ ਥਾਂ ਆਏ ਹਨ ਜਿਸ ਬਾਬਤ ਕਥਾ ਇਉਂ ਹੈ-#ਬਸੀ ਕਲਾਂ ਦੇ ਪਠਾਣਾਂ ਨੇ ਦੋ ਲੜਕੀਆਂ ਹਰੀਆਂ ਅਤੇ ਭਰੀਆਂ, ਜੋ ਬਜਵਾੜੇ ਦੀਆਂ ਵਸਨੀਕ ਸਨ, ਅਤੇ ਵਿਆਹ ਪਿੱਛੋਂ, ਜੇਜੋਂ ਨੂੰ ਜਾ ਰਹੀਆਂ ਸਨ, ਰਸਤੇ ਵਿੱਚ ਖੋਹ ਲਈਆਂ. ਇਸ ਪੁਰ ਉਨ੍ਹਾਂ ਦੇ ਸੰਬੰਧੀਆਂ ਨੇ ਆਨੰਦਪੁਰ ਪਹੁੰਚਕੇ ਕਲਗੀਧਰ ਪਾਸ ਫਰਿਆਦ ਕੀਤੀ, ਜਿਸ ਪੁਰ ਸਾਹਿਬਜ਼ਾਦੇ ਨੂੰ ਹੁਕਮ ਹੋਇਆ ਕਿ ਲੜਕੀਆਂ ਨੂੰ ਛੁਡਾਕੇ ਅਪਰਾਧੀਆਂ ਨੂੰ ਦੰਡ ਦੇਵੋ. ਬਾਬਾ ਅਜੀਤ ਸਿੰਘ ਜੀ ਨੇ ਯੁੱਧ ਕਰਕੇ ਲੜਕੀਆਂ ਛੁਡਾਈਆਂ ਅਤੇ ਜ਼ਾਲਿਮਾਂ ਨੂੰ ਯੋਗ ਦੰਡ ਦਿੱਤਾ. ਦੋਹਾਂ ਲੜਕੀਆਂ ਨੇ ਬਾਬਾ ਜੀ ਧੰਨਵਾਦ ਕਰਕੇ ਆਪਣੇ ਸ਼ਰੀਰ ਤ੍ਯਾਗ ਦਿੱਤੇ. ਉਨ੍ਹਾਂ ਦੀ ਸਮਾਧੀ ਗੁਰੁਦ੍ਵਾਰੇ ਦੇ ਉੱਤਰ ਵੱਲ ਹੈ. ਜੋ ਸਿੰਘ ਜੰਗ ਵਿੱਚ ਸ਼ਹੀਦ ਹੋਏ ਉਨ੍ਹਾਂ ਦਾ ਭੀ ਸ਼ਹੀਦਗੰਜ ਹੈ.
ਸਰੋਤ: ਮਹਾਨਕੋਸ਼