ਪਰਿਭਾਸ਼ਾ
ਇੱਕ ਪਹਾੜੀ ਰਾਜਪੂਤ ਯੋਧਾ, ਜਿਸ ਦਾ ਹੁਸੈਨੀ ਨਾਲ ਜੰਗ ਹੋਇਆ. ਦੇਖੋ, ਵਿਚਿਤ੍ਰ ਨਾਟਕ ਅਃ ੧੧.।#੨. ਸਰਦਾਰ ਹਰੀ ਸਿੰਘ ਨਲਵਾ. ਜਿਲਾ ਗੁੱਜਰਾਂਵਾਲਾ ਦਾ ਵਸਨੀਕ ਸਰਦਾਰ ਗੁਰੁਦਯਾਲ ਸਿੰਘ (ਉੱਪਲ ਖਤ੍ਰੀ) ਦਾ ਸੁਪੁਤ੍ਰ, ਜੋ ਮਾਈ ਧਰਮ ਕੌਰ ਦੇ ਉਦਰ ਤੋਂ ਸੰਮਤ ੧੮੪੮ ਵਿੱਚ ਜਨਮਿਆ. ਇਹ ਸਿੱਖਵੀਰ ਮਹਾਰਾਜਾ ਰਣਜੀਤ ਸਿੰਘ ਜੀ ਦਾ ਨਾਮੀ ਜਰਨੈਲ (General) ਹੋਇਆ ਹੈ. ਸਰਹੱਦੀ ਪਠਾਣਾਂ ਵਿੱਚ ਇਸ ਦੇ ਨਾਉਂ ਦਾ ਭੈ ਅੱਜ ਤੀਕ ਬਣਿਆ ਹੋਇਆ ਹੈ. ਇਸ ਨੇ ਸਿੱਖਰਾਜ ਵਾਸਤੇ ਅਨੇਕ ਲੜਾਈਆਂ ਫਤੇ ਕੀਤੀਆਂ ਅਤੇ ਸਰਹੱਦੀ ਜਮਰੋਦ ਦੇ ਕਿਲੇ ਪਾਸ ਪਠਾਣਾਂ ਦੇ ਘੋਰ ਯੁੱਧ ਵਿੱਚ ਵਡੀ ਵੀਰਤਾ ਨਾਲ ੧੯. ਵੈਸਾਖ ਸੰਮਤ ੧੮੯੪ ਨੂੰ ਸ਼ਹੀਦੀ ਪਾਈ. ਪੰਥਰਤਨ ਸਰਦਾਰ ਹਰੀ ਸਿੰਘ ਦੀ ਸਮਾਧ ਜਮਰੋਦ ਦੇ ਕਿਲੇ ਵਿੱਚ ਵਿਦ੍ਯਮਾਨ ਹੈ।#੩. ਰਾਜਾ ਗਜਪਤਿ ਸਿੰਘ ਜੀਂਦ ਵਾਲੇ ਦਾ ਪੋਤਾ ਅਤੇ ਮੇਹਰ ਸਿੰਘ ਦਾ ਪੁਤ੍ਰ ਇਹ ਸ਼ਰਾਬ ਦੇ ਨਸ਼ੇ ਨਾਲ ਮਸਤ ਹੋਇਆ ਅਠਾਰਾਂ ਵਰ੍ਹੇ ਦੀ ਉਮਰ ਵਿੱਚ ਛੱਤ ਤੋਂ ਡਿਗਕੇ ਸਨ ੧੭੯੧ ਵਿੱਚ ਮਰ ਗਿਆ। ੪. ਦੇਖੋ, ਸਿਆਲਬਾ। ੫. ਦੇਖੋ, ਭੰਗੀਆਂ ਦੀ ਮਿਸਲ.
ਸਰੋਤ: ਮਹਾਨਕੋਸ਼