ਪਰਿਭਾਸ਼ਾ
ਜਿਲਾ ਅਟਕ (Campbellpore) ਦਾ ਇੱਕ ਨਗਰ, ਜਿੱਥੇ ਥਾਣਾ ਅਤੇ ਰੇਲਵੇ ਸਟੇਸ਼ਨ ਹੈ, ਪਰ ਹੁਣ ਇਹ ਪੰਜਾਸਾਹਿਬ ਦੇ ਨਾਉਂ ਤੋਂ ਮਸ਼ਹੂਰ ਹੈ. ਇੱਥੇ ਦੇ ਰਹਿਣ ਵਾਲੇ ਬਾਬਾ ਹਸਨ ਅਬਦਾਲ ਪੀਰ ਨੇ ਆਪਣੇ ਤਾਲ ਦਾ ਪਾਣੀ ਤ੍ਰਿਖਾਤੁਰ ਭਾਈ ਮਰਦਾਨੇ ਨੂੰ ਨਹੀਂ ਦਿੱਤਾ ਸੀ. ਸ਼੍ਰੀ ਗੁਰੂ ਨਾਨਕ ਦੇਵ ਨੇ ਸ਼ਕਤੀ ਨਾਲ ਤਾਲ ਦਾ ਜਲ ਆਪਣੀ ਵੱਲ ਖਿੱਚ ਲਿਆ. ਇਸ ਪੁਰ ਵਲੀ ਕੰਧਾਰੀ ਨੇ ਗੁੱਸੇ ਹੋ ਕੇ ਇੱਕ ਪਹਾੜੀ ਨੂੰ ਗੁਰੂ ਜੀ ਉੱਪਰ ਧਕੇਲ ਦਿੱਤਾ. ਜਗਤਗੁਰੂ ਨੇ ਆਪਣੇ ਪੰਜੇ ਨਾਲ ਉਸ ਨੂੰ ਰੋਕਿਆ. ਸ਼੍ਰੀ ਗੁਰੂ ਜੀ ਦੇ ਪੰਜੇ ਦਾ ਚਿੰਨ੍ਹ ਜਿੱਥੇ ਲੱਗਾ ਸੀ ਉੱਥੇ ਪੱਥਰ ਤੇ ਪੰਜੇ ਦਾ ਨਿਸ਼ਾਨ ਹੋਣ ਕਰਕੇ ਅਸਥਾਨ ਦਾ ਨਾਉਂ "ਪੰਜਾ ਸਾਹਿਬ" ਹੋ ਗਿਆ ਹੈ. ਬਾਬਾ ਹਸਨ ਅਬਦਾਲ ਸੱਯਦ (ਸੈਯਦ) ਸਬਜ਼ਵਾਰ (ਇਲਾਕਾ ਖ਼ੁਰਾਸਾਨ) ਦਾ ਸੀ ਅਤੇ ਭਾਰਤ ਵਿੱਚ ਮਿਰਜ਼ਾ ਸ਼ਾਹਰੁਖ਼ ਨਾਲ ਆਇਆ ਸੀ. ਇਸ ਦਾ ਦੇਹਾਂਤ ਕੰਧਾਰ ਵਿੱਚ ਹੋਇਆ ਹੈ. ਦੇਖੋ, ਪੰਜਾ ਸਾਹਿਬ.
ਸਰੋਤ: ਮਹਾਨਕੋਸ਼