ਪਰਿਭਾਸ਼ਾ
ਫੂਲਵੰਸ਼ੀ ਸਰਦਾਰ ਸੁੱਖਾ ਸਿੰਘ ਜੀ ਰਈਸ ਬਡਰੁੱਖਾਂ ਦੇ ਸੁਪੁਤ੍ਰ, ਜਿਨ੍ਹਾਂ ਦਾ ਜਨਮ ੬. ਪੋਹ ਸੰਮਤ ੧੯੦੦ (ਸਨ ੧੮੪੩) ਨੂੰ ਮਾਈ ਰਾਜ ਕੌਰ (ਸਰਦਾਰ ਬਸਾਵਾ ਸਿੰਘ ਜੀ ਬੋੜਾਵਾਲੀਏ ਦੀ ਸੁਪੁਤ੍ਰੀ) ਦੇ ਉਦਰ ਤੋਂ ਬਡਰੁੱਖੀਂ ਹੋਇਆ. ਰਾਜਾ ਭਗਵਾਨ ਸਿੰਘ ਨਾਭਾਪਤਿ ਦੇ ਔਲਾਦ ਨਾ ਹੋਣ ਕਾਰਣ ਇਹ ਭਾਦੋਂ ਸੁਦੀ ੧੦. ਸੰਮਤ ੧੯੨੮ (੧੦ ਅਗਸਤ ਸਨ ੧੮੭੧) ਨੂੰ ਨਾਭੇ ਦੀ ਰਾਜਗੱਦੀ ਤੇ ਬੈਠੇ.#ਮਹਾਰਾਜਾ ਹੀਰਾ ਸਿੰਘ ਜੀ ਨੇ ਜਿਸ ਯੋਗ੍ਯ ਰੀਤਿ ਨਾਲ ਰਾਜ ਦਾ ਪ੍ਰਬੰਧ ਕੀਤਾ ਅਤੇ ਪ੍ਰਜਾ ਨੂੰ ਸੁਖ ਦਿੱਤਾ, ਉਹ ਦੂਜੇ ਰਾਜਿਆਂ ਲਈ ਉਦਾਹਰਣ ਰੂਪ ਹੋਣਾ ਚਾਹੀਏ. ਆਪ ਦਾ ਵਿਦ੍ਯਾ ਨਾਲ ਅਪਾਰ ਪ੍ਰੇਮ ਸੀ. ਰਿਆਸਤ ਵਿੱਚ ਅਨੇਕ ਸਕੂਲ ਖੋਲੇ੍ਹ, ਵਿਦ੍ਯਾਰਥੀਆਂ ਨੂੰ ਬਹੁਤ ਵਜ਼ੀਫੇ ਦਿੱਤੇ. ਮਕਾਲਿਫ ਸਾਹਿਬ ਨੂੰ "ਸਿੱਖ ਰੀਲੀਜਨ" ਕਿਤਾਬ ਲਿਖਣ ਲਈ ਭਾਰੀ ਸਹਾਇਤਾ ਦਿੱਤੀ ਅਤੇ ਖਾਲਸਾ ਕਾਲਿਜ ਨੂੰ ਪੱਕੇ ਪੈਰੀਂ ਕੀਤਾ.#ਖਾਸ ਰਾਜਧਾਨੀ ਅਤੇ ਇਲਾਕੇ ਵਿੱਚ ਲੱਖਾਂ ਰੁਪਯੇ ਖਰਚ ਕੇ ਆਲੀਸ਼ਾਨ ਇਮਾਰਤਾਂ ਬਣਵਾਈਆਂ ਅਤੇ ਫੌਜ ਨੂੰ ਯੋਗ੍ਯ ਬਣਾਉਣ ਲਈ ਬੇਅੰਤ ਧਨ ਖਰਚਿਆ.#ਮਹਾਰਾਜਾ ਹੀਰਾ ਸਿੰਘ ਜੀ ਦੇ ਜਾਤੀ ਖਰਚ ਬਹੁਤ ਹੀ ਘੱਟ ਸਨ, ਉਹ ਰਿਆਸਤ ਦੇ ਖਜ਼ਾਨੇ ਨੂੰ ਪ੍ਰਜਾ ਦੀ ਇਮਾਨਤ ਸਮਝਦੇ ਸਨ. ਇਨਸਾਫ ਲਈ ਨਿੱਤ ਸਮਾਂ ਦਿੰਦੇ ਅਤੇ ਉਨ੍ਹਾਂ ਦੇ ਦਰਬਾਰ ਵਿੱਚ ਬਿਨਾ ਰੋਕ ਟੋਕ ਹਰੇਕ ਆਦਮੀ ਪਹੁੰਚ ਸਕਦਾ ਸੀ.#ਆਪ ਦੇ ਘਰ ਰਾਣੀ ਸਾਹਿਬਾ ਪਰਮੇਸ਼੍ਵਰ ਕੌਰਿ ਰੱਲੇ ਵਾਲਿਆਂ ਦੇ ਉੱਦਰ ਤੋਂ ੭. ਮਾਘ ਸੰਮਤ ੧੯੩੯ (੧੮ ਜਨਵਰੀ ਸਨ ੧੮੮੩) ਨੂੰ ਬੀਬੀ ਰਿਪੁਦਮਨ ਕੌਰ ਜੀ,¹ ਅਤੇ ਰਾਣੀ ਸਾਹਿਬਾ ਜਸਮੇਰ ਕੌਰ ਲੌਂਗੋਵਾਲ ਵਾਲਿਆਂ ਦੇ ਉਦਰ ਤੋਂ ੨੨ ਫੱਗੁਣ ਸੰਮਤ ੧੯੩੯ (੪ ਮਾਰਚ ਸਨ ੧੮੮੩) ਨੂੰ ਟਿੱਕਾ ਰਿਪੁਦਮਨ ਸਿੰਘ ਜੀ ਪੈਦਾ ਹੋਏ.#ਸਨ ੧੮੮੯ ਵਿੱਚ ਜੀ. ਸੀ. ਐਸ. ਆਈ ਸਨ ੧੯੦੩ ਵਿੱਚ ਜੀ. ਸੀ. ਆਈ. ਈ. ਅਤੇ ਸਨ ੧੯੧੧ ਦੇ ਦਿੱਲੀ ਦਰਬਾਰ ਵਿੱਚ ਮੌਰੂਸੀ "ਮਹਾਰਾਜਾ" ਪਦਵੀ ਮਿਲੀ.#੧੧ ਪੋਹ ਸੰਮਤ ੧੯੬੮ (੨੫ ਦਿਸੰਬਰ ਸਨ ੧੯੧੧) ਨੂੰ ਵੈਰਾੜਵੰਸ਼ ਸਿਰਮੌਰ ਮਹਾਰਾਜਾ ਸਰ ਹੀਰਾ ਸਿੰਘ ਰਾਜਰਿਖੀ ਜੀ ਦਾ ਦੇਹਾਂਤ ਨਾਭੇ ਹੋਇਆ.
ਸਰੋਤ: ਮਹਾਨਕੋਸ਼