ਹੁਮਾਯੂੰ
humaayoon/humāyūn

ਪਰਿਭਾਸ਼ਾ

ਫ਼ਾ. [ہُمایوُن] ਵਿ- ਮੁਬਾਰਿਕ। ੨. ਸੰਗ੍ਯਾ- ਹੁਮਾਯੂੰ ਤੁਗ਼ਲਕ਼. ਦੇਖੋ, ਮੁਸਲਮਾਨਾਂ ਦਾ ਭਾਰਤ ਵਿੱਚ ਰਾਜ ਨੰਃ ੨੦.। ੩. ਬਾਦਸ਼ਾਹ ਬਾਬਰ ਦਾ ਵਡਾ ਬੇਟਾ ਅਤੇ ਅਕਬਰ ਦਾ ਪਿਤਾ, ਜਿਸਦਾ ਜਨਮ ਕਾਬੁਲ ਵਿੱਚ ਮਾਹਮ ਬੇਗਮ ਦੇ ਉਦਰ ਤੋਂ ੭. ਮਾਰਚ ਸਨ ੧੫੦੮ ਨੂੰ ਹੋਇਆ. ਇਹ ੨੬ ਦਿਸੰਬਰ ਸਨ ੧੫੩੦ ਨੂੰ ਆਗਰੇ ਤਖਤ ਉੱਪਰ ਬੈਠਾ. ਸਾਰੇ ਮੁਗਲ ਬਾਦਸ਼ਾਹਾਂ ਵਿੱਚੋਂ, ਇਹ ਵਡਾ ਵਿਦ੍ਵਾਨ ਸੀ, ਪਰ ਸਿਪਾਹੀ ਦੇ ਗੁਣਾਂ ਤੋਂ ਖਾਲੀ ਅਤੇ ਵਡਾ ਅਫੀਮੀ ਸੀ. ਸਨ ੧੫੪੦ ਵਿੱਚ ਸਹਸਰਾਮ ਦੇ ਜਾਗੀਰਦਾਰ ਹਸਨ ਖਾਂ ਦੇ ਪੁਤ੍ਰ ਸ਼ੇਰ ਖਾਨ ਸੂਰ ਪਠਾਣ ਨੇ (ਜਿਸ ਦਾ ਪਹਿਲਾ ਨਾਉਂ ਫਰੀਦ ਸੀ) ਹੁਮਾਯੂੰ ਨੂੰ ਸ਼ਿਕਸ੍ਤ ਦੇਕੇ ਹਿੰਦ ਤੋਂ ਕੱਢ ਦਿੱਤਾ ਅਰ ਆਪ ਦਿੱਲੀ ਦੇ ਤਖਤ ਪੁਰ ਬੈਠਕੇ ਸ਼ਹਨਸ਼ਾਹ ਪਦਵੀ ਧਾਰਣ ਕੀਤੀ.#ਜਦ ਸ਼ੇਰਸ਼ਾਹ ਤੋਂ ਭਾਜ ਖਾਕੇ ਹੁਮਾਯੂੰ ਪੰਜਾਬ ਵਿੱਚੋਂ ਲੰਘ ਰਿਹਾ ਸੀ, ਤਾਂ ਗੁਰੂ ਅੰਗਦ ਸਾਹਿਬ ਪਾਸ ਖਡੂਰ ਆਇਆ, ਗੁਰੂ ਜੀ ਨੇ ਜੋ ਧਿਆਨ ਵਿੱਚ ਮਗਨ ਸਨ, ਇਸ ਦੇ ਆਉਣ ਵੱਲ ਕੋਈ ਗਹੁ ਨਾ ਕੀਤੀ. ਹੁਮਾਯੂੰ ਗੁੱਸੇ ਵਿੱਚ ਆਕੇ ਗੁਰੂ ਜੀ ਦੇ ਮਾਰਣ ਲਈ ਮਿਆਨੋਂ ਤਲਵਾਰ ਕੱਢਣ ਲੱਗਾ. ਸਤਿਗੁਰੂ ਨੇ ਕਿਹਾ ਕਿ ਹੁਣ ਫਕੀਰਾਂ ਤੇ ਜੋ ਤਲਵਾਰ ਖਿੱਚਣ ਲੱਗਾ ਹੈਂ, ਇਹ ਸ਼ੇਰਸ਼ਾਹ ਦਾ ਟਾਕਰਾ ਕਰਣ ਵੇਲੇ ਕਿੱਥੇ ਸੀ? ਹਮਾਯੂੰ ਬਹੁਤ ਸ਼ਰਮਿੰਦਾ ਹੋਇਆ ਅਤੇ ਮੁਆਫੀ ਮੰਗਕੇ ਗੁਰੂ ਅੰਗਦ ਦੇਵ ਦੇ ਆਸ਼ੀਰਵਾਦ ਦਾ ਪਾਤ੍ਰ ਬਣਿਆ.#ਹੁਮਾਯੂੰ ਨੇ ਫਾਰਸ ਦੇ ਬਾਦਸ਼ਾਹ ਦੀ ਪਨਾਹ ਵਿੱਚ ਬਹੁਤ ਸਮਾਂ ਬਿਤਾਇਆ ਅਰ ਈਰਾਨੀ ਫੌਜ ਦੀ ਸਹਾਇਤਾ ਨਾਲ ੨੩ ਜੂਨ ਸਨ ੧੫੫੫ ਨੂੰ ਮੁੜ ਦਿੱਲੀ ਦਾ ਤਖਤ ਮੱਲਿਆ, ਪਰ ਇਹ ਰਾਜ ਦਾ ਸੁਖ ਬਹੁਤ ਚਿਰ ਨਹੀਂ ਭੋਗ ਸਕਿਆ ਕੇਵਲ ਛੀ ਮਹੀਨੇ ਪਿੱਛੋਂ ਪੁਸਤਕਾਲਯ ਦੀ ਪੌੜੀ ਤੋਂ ੨੪ ਜਨਵਰੀ ਨੂੰ ਡਿਗਣ ਦੇ ਕਾਰਣ ੨੮ ਜਨਵਰੀ ਸਨ ੧੫੫੬ ਨੂੰ ਮਰ ਗਿਆ. ਇਸ ਦਾ ਮਕਬਰਾ ਦਿੱਲੀ ਤੋਂ ਚਾਰ ਮੀਲ ਪੱਛਮ ਵੱਲ ਜਮਨਾ ਦੇ ਕਿਨਾਰੇ ਸੁੰਦਰ ਇਮਾਰਤ ਹੈ, ਜੋ ਹੁਮਾਯੂੰ ਦੀ ਬੇਗਮ ਹਮੀਦਾਬਾਨੂੰ (ਅਕਬਰ ਦੀ ਮਾਤਾ) ਨੇ ਸਨ ੧੫੬੫ ਵਿੱਚ ਪੰਦਰਾਂ ਲੱਖ ਰੁਪਯਾ ਖਰਚਕੇ ਬਣਵਾਇਆ ਹੈ.
ਸਰੋਤ: ਮਹਾਨਕੋਸ਼