ਪਰਿਭਾਸ਼ਾ
ਵਿ- ਹੁਸੈਨ ਨਾਲ ਸੰਬੰਧ ਰੱਖਣ ਵਾਲਾ। ੨. ਹੁਸੈਨ ਦੀ ਵੰਸ਼ ਦਾ। ੩. ਹੁਸੈਨ ਦਾ ਭਗਤ। ੪. ਸੰਗ੍ਯਾ- ਔਰੰਗਜ਼ੇਬ ਦੇ ਪੰਜ ਹਜਾਰੀ ਮਨਸਬਦਾਰ ਦਿਲਾਵਰ ਖਾਂ ਦਾ ਗੁਲਾਮ. ਜਦ ਦਿਲਾਵਰ ਖਾਂ ਦਾ ਪੁਤ੍ਰ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਤੋਂ ਡਰਦਾ ਆਨੰਦਪੁਰ ਵੱਲੋਂ ਮੁੜ ਆਇਆ, ਤਦ ਹੁਸੈਨੀ ਦੋ ਹਜ਼ਾਰ ਫੌਜ ਲੈ ਕੇ ਤੁਰਿਆ, ਪਰ ਸਤਿਗੁਰੂ ਤੀਕ ਨ ਪਹੁੰਚ ਸਕਿਆ, ਹੋਰ ਪਹਾੜੀਆਂ ਨਾਲ ਯੁੱਧ ਕਰਕੇ ਕਟ ਮੋਇਆ. ਦੇਖੋ, ਸੰਗਤੀਆ. "ਕਰ੍ਯੋ ਜੋਰ ਸੈਨੰ ਹੁਸੈਨੀ ਪਯਾਨੰ." ( ਵਿਚਿਤ੍ਰ) ੫. ਵਾਹੀ ਕਰਨ ਵਾਲੇ ਮੁਸਲਮਾਨ ਜਿਮੀਦਾਰ, ਜੋ ਸੱਯਦਾਂ ਵਿੱਚੋਂ ਹਨ. ਇਹ ਮਾਂਟਗੁਮਰੀ ਦੇ ਜਿਲੇ ਬਹੁਤ ਪਾਏ ਜਾਂਦੇ ਹਨ। ੬. ਹੁਸੈਨੀ ਬ੍ਰਾਹਮਣ ਭੀ ਹੁੰਦੇ ਹਨ. ਜੋ ਹੁਸੈਨ ਦੀ ਕਥਾ ਸੁਣਾ ਅਤੇ ਗਾਕੇ ਮੁਸਲਮਾਨਾਂ ਤੋਂ ਦਾਨ ਲੈਂਦੇ ਹਨ.
ਸਰੋਤ: ਮਹਾਨਕੋਸ਼