ਪਰਿਭਾਸ਼ਾ
ਸੁਇਨੀ ਗੋਤ ਦਾ ਸੱਜਨ, ਜੋ ਸ਼ਾਹਦਰੇ ਰਹਿੰਦਾ ਸੀ. ਇਹ ਸ਼੍ਰੀ ਗੁਰੂ ਅਰਜਨ ਦੇਵ ਜੀ ਦਾ ਸਿੱਖ ਹੋ ਕੇ ਵਡਾ ਉਪਕਾਰੀ ਅਰ ਸਦਾਚਾਰੀ ਹੋਇਆ ਹੈ। ੨. ਢੂਸਰ ਜਾਤਿ ਦਾ ਬਾਣੀਆ, ਜੋ ਦਿੱਲੀ ਦੇ ਬਾਦਸ਼ਾਹ ਸਲੀਮਸ਼ਾਹ ਦਾ ਅਹਿਲਕਾਰ ਸੀ ਅਤੇ ਮੁਹ਼ੰਮਦ ਸ਼ਾਹ ਆਦਿਲ ਦੇ ਜ਼ਮਾਨੇ ਵਜ਼ੀਰ ਮੁਕੱਰਰ ਹੋਇਆ. ਇਸ ਨੇ ਬਾਦਸ਼ਾਹ ਅਕਬਰ ਦਾ ਵਿਰੋਧ ਕੀਤਾ ਸੀ ਅਤੇ ਮੁਗਲ ਫੌਜ ਨੂੰ ਹਾਰ ਦੇ ਕੇ ਆਗਰੇ ਤੇ ਕਬਜ਼ਾ ਕਰ ਲਿਆ ਸੀ. ਇਸ ਨੇ ਆਪਣੇ ਤਾਈਂ ਬਾਦਸ਼ਾਹ ਪ੍ਰਗਟ ਕਰਕੇ ਬਿਕ੍ਰਮਾਜੀਤ ਪਦਵੀ ਧਾਰਣ ਕੀਤੀ. ਅੰਤ ਨੂੰ ਪਾਨੀਪਤ ਦੇ ਮੈਦਾਨ ਵਿੱਚ ੫. ਨਵੰਬਰ ਸਨ ੧੫੫੬ ਨੂੰ ਜਖਮੀ ਹੋ ਕੇ ਫੜਿਆ ਗਿਆ ਅਤੇ ਵਜ਼ੀਰ ਬੈਰਾਮ ਖਾਂ ਦੇ ਹੱਥੋਂ ਮਾਰਿਆ ਗਿਆ.
ਸਰੋਤ: ਮਹਾਨਕੋਸ਼