ਪਰਿਭਾਸ਼ਾ
ਇੱਕ ਪਿੰਡ, ਜੋ ਜਿਲਾ, ਤਸੀਲ ਲਹੌਰ ਵਿੱਚ ਹੈ. ਇਹ ਰੇਲਵੇ ਸਟੇਸ਼ਨ ਕੋਟ ਲਖਪਤ ਤੋਂ ੮. ਮੀਲ ਅਗਨਿ ਕੋਣ ਹੈ. ਸ਼੍ਰੀ ਗੁਰੂ ਅਰਜਨ ਦੇਵ ਜੀ ਦੇ ਵਡੇ ਭਾਈ ਪ੍ਰਿਥੀ ਚੰਦ ਜੀ ਦੇ ਇਸ ਪਿੰਡ ਸਹੁਰੇ ਸਨ ਉਨ੍ਹਾਂ ਦਾ ਚਲਾਣਾ ਭੀ ਇੱਥੇ ਹੀ ਹੋਇਆ ਹੈ. ਸਮਾਧ ਬਣੀ ਹੋਈ ਹੈ, ਜਿਸ ਨਾਲ ਬਹੁਤ ਜ਼ਮੀਨ ਅਤੇ ਜਾਗੀਰ ਹੈ। ੨. ਕ੍ਰਿਪਾਲ ਦਾਸ ਉਦਾਸੀ ਮਹਾਤਮਾ ਦੇ ਰਹਿਣ ਦਾ ਗ੍ਰਾਮ, ਜੋ ਜਿਲਾ ਲੁਦਿਆਨਾ, ਤਸੀਲ ਜਗਰਾਉਂ, ਥਾਣਾ ਰਾਇਕੋਟ ਵਿੱਚ ਹੈ. ਇਸ ਥਾਂ ਦਸ਼ਮੇਸ਼ ਮਾਲਵੇ ਨੂੰ ਜਾਂਦੇ ਹੋਏ ਵਿਰਾਜੇ ਹਨ. ਸ਼੍ਰੀ ਗੁਰੂ ਹਰਗੋਬਿੰਦ ਸਾਹਿਬ ਭੀ ਇਸ ਜਗਾ ਭਾਈ ਹਮੀਰੇ ਸਿੱਖ ਦਾ ਪ੍ਰੇਮ ਵੇਖਕੇ ਕੁਝ ਚਿਰ ਠਹਿਰੇ ਹਨ. ਉਹ ਪਲੰਘ ਜਿਸ ਪੁਰ ਗੁਰੂ ਸਾਹਿਬ ਵਿਰਾਜੇ ਹਨ ਅਤੇ ਉਹ ਚੁਲ੍ਹਾ ਜਿਸ ਤੇ ਗੁਰੂ ਸਾਹਿਬ ਦਾ ਪ੍ਰਸਾਦ ਤਿਆਰ ਹੋਇਆ ਸੀ, ਦੋਵੇਂ ਸੰਭਾਲਕੇ ਰੱਖੇ ਹੋਏ ਹਨ ਮਹੰਤ ਕ੍ਰਿਪਾਲ ਦਾਸ ਦੇ ਸਮੇਂ ਤੋਂ ਲੈ ਕੇ ਇਥੇ ਸਿੱਖ ਸੰਗਤਾਂ ਜੁੜਦੀਆਂ ਆਈਆਂ ਹਨ. ਗੁਰੁਦ੍ਵਾਰਾ ਦੋਹਾਂ ਸਤਿਗੁਰਾਂ ਦਾ ਪਿੰਡ ਦੇ ਪੂਰਵ ਪਾਸੇ ਪਾਸ ਹੀ ਹੈ. ਸਿੱਖਰਾਜ ਸਮੇਂ ਪਿੰਡ ਦਾ ਛੀਵਾਂ ਹਿੱਸਾ ਜ਼ਮੀਨ ਗੁਰੁਦ੍ਵਾਰੇ ਨਾਲ ਲਗਾਈ ਗਈ. ਜੋ ਕਈ ਹਜ਼ਾਰ ਵਿੱਘੇ ਹੈ. ਰੇਲਵੇ ਸਟੇਸ਼ਨ ਚੌਕੀਮਾਨ ਤੋਂ ਛੀ ਮੀਲ ਅਗਨਿ ਕੋਣ ਇਹ ਅਸਥਾਨ ਹੈ.
ਸਰੋਤ: ਮਹਾਨਕੋਸ਼