ਹੈਜਾ
haijaa/haijā

ਪਰਿਭਾਸ਼ਾ

[ہیضہ] ਹ਼ੈਜਾ. ਸੰ. ਵਿਸੂਚਿਕਾ. Cholera ਡਾਕੀ. ਇਹ ਛੂਤ ਦਾ ਭਿਆਨਕ ਰੋਗ ਹੈ. ਇਸ ਦੇ ਕਾਰਣ ਹਨ-#ਸੜੇ ਗਲੇ ਪਦਾਰਥਾਂ ਦੀ ਦੁਰਗੰਧ ਫੈਲਣੀ, ਬੇਹਾ ਅਤੇ ਮਲੀਨ ਅੰਨ ਖਾਣਾ, ਦੁਰਗੰਧ ਵਾਲਾ ਮੈਲਾ ਪਾਣੀ ਪੀਣਾ, ਸੜੇ ਗਲੇ ਫਲ ਵਰਤਣੇ ਆਦਿ. ਜਦ ਇਸ ਰੋਗ ਦੇ ਕ੍ਰਿਮਾਂ ਦਾ ਪਸਾਰਾ ਹਵਾ ਪਾਣੀ ਵਿਗੜਕੇ ਹੋ ਜਾਵੇ, ਤਾਂ ਇਹ ਘਰਾਂ ਦੇ ਘਰ ਅਤੇ ਪਿੰਡਾਂ ਦੇ ਪਿੰਡ ਬਰਬਾਦ ਕਰ ਦਿੰਦਾ ਹੈ. ਇੱਕ ਰੋਗੀ ਇਸ ਦੀ ਜਹਿਰ ਅਨੇਕ ਥਾਂ ਲੈ ਜਾਂਦਾ ਅਤੇ ਇਸ ਦਾ ਬੀਜ ਖੂਹ ਨਦੀ ਤਾਲ ਆਦਿ ਦੇ ਪਾਣੀ ਅਤੇ ਖਾਣ ਪੀਣ ਵਾਲੇ ਪਦਾਰਥਾਂ ਵਿੱਚ ਫੈਲਾਕੇ ਅਨੇਕਾਂ ਦੀ ਮੌਤ ਦਾ ਕਾਰਣ ਹੁੰਦਾ ਹੈ.#ਜਿਸ ਵੇਲੇ ਹੈਜਾ ਅਸਰ ਕਰਦਾ ਹੈ ਤਾਂ ਸਰੀਰ ਢਿੱਲਾ ਹੋ ਜਾਂਦਾ ਹੈ, ਪੇਟ ਭਾਰੀ ਮਲੂਮ ਹੁੰਦਾ ਹੈ, ਦਿਲ ਨੂੰ ਖੋਹ ਪੈਂਦੀ ਹੈ, ਸਿਰ ਨੂੰ ਘੁਮੇਰੀ ਆਉਂਦੀ ਹੈ, ਪਿਆਸ ਬਹੁਤ ਲਗਦੀ ਹੈ, ਪੇਸ਼ਾਬ ਰੁਕ ਜਾਂਦਾ ਹੈ, ਪਾਖਾਨਾ ਪਤਲਾ ਅਤੇ ਭੂਰੇ ਚਿੱਟੇ ਰੰਗ ਦਾ ਆਉਂਦਾ ਹੈ, ਸਾਹ ਠੰਢਾ ਹੁੰਦਾ ਹੈ, ਉਲਟੀਆਂ ਆਉਂਦੀਆਂ ਹਨ, ਸ਼ਰੀਰ ਵਿੱਚ ਸੂਈਆਂ ਦੇ ਚੁਭਣ ਜੇਹੀ ਪੀੜ ਹੁੰਦੀ ਹੈ, ਜਿਸ ਕਾਰਣ "ਵਿਸੂਚਿਕਾ" ਨਾਉਂ ਹੈ.#ਜਦ ਦਸਤ ਅਤੇ ਕੈ ਨਾਲ ਕਮਜ਼ੋਰੀ ਹੋ ਜਾਂਦੀ ਹੈ ਤਾਂ ਖੱਲੀਆਂ ਪੈਣ ਲਗਦੀਆਂ ਹਨ, ਹੋਠ ਨੀਲੇ ਹੋ ਜਾਂਦੇ ਹਨ, ਸਿਰ ਚਕਰਾਉਂਦਾ ਹੈ ਅੱਖਾਂ ਹੇਠ ਨੂੰ ਧਸ ਜਾਂਦੀਆਂ ਹਨ.#ਇਸ ਰੋਗ ਦਾ ਬਹੁਤ ਛੇਤੀ ਇਲਾਜ ਕਰਨਾ ਲੋੜੀਏ ਅਤੇ ਦਸਤ ਕੈ ਆਦਿ ਨੂੰ ਚੂਨਾ ਪਾਕੇ ਦੱਬ ਦੇਣਾ ਚਾਹੀਏ, ਜਿਸ ਤੋਂ ਹੈਜੇ ਦੇ ਕੀੜੇ ਮਰ ਜਾਣ. ਰੋਗੀ ਦੇ ਦਸਤ ਇੱਕ ਵੇਰ ਹੀ ਬੰਦ ਕਰ ਦੇਣੇ ਚੰਗੇ ਨਹੀਂ.#ਹੇਠ ਲਿਖੇ ਇਸ ਬੀਮਾਰੀ ਦੇ ਉੱਤਮ ਉਪਾਉ ਹਨ-#ਬਰਫ ਮੂੰਹ ਵਿੱਚ ਰੱਖਣੀ. ਪਾਣੀ ਅਤੇ ਦੁੱਧ ਚੰਗੀ ਤਰਾਂ ਉਬਾਲਕੇ ਦੇਣਾ. ਲੌਂਗ ਲਾਇਚੀਆਂ ਸੁੰਢ ਦਾ ਪਾਣੀ ਉਬਾਲਕੇ ਪਿਆਉਣਾ. ਕਾਲੀ ਮਿਰਚ ਅਤੇ ਨੂਣ ਲਾਕੇ ਨਿੰਬੂ ਚੂਸਣਾ.#ਹਿੰਗ, ਕਪੂਰ, ਲਾਲ ਮਿਰਚਾਂ ਦੇ ਬੀਜ, ਸੁੰਢ, ਅਫੀਮ, ਸਭ ਸਮਾਨ ਲੈ ਕੇ ਗੰਢੇ ਦੇ ਰਸ ਵਿੱਚ ਅੱਧੀ ਅੱਧੀ ਰੱਤੀ ਦੀ ਗੋਲੀਆਂ ਬਣਾਓ. ਸੌਂਫ ਦੇ ਅਰਕ ਨਾਲ ਦੋ ਦੋ ਗੋਲੀਆਂ ਦਿਨ ਵਿੱਚ ਪੰਜ ਵਾਰ ਦੇਓ.#ਮੁਸ਼ਕ ਕਪੂਰ, ਪਦੀਨੇ ਦਾ ਸਤ, ਜਵਾਇਨ ਦਾ ਸਤ, ਇਹ ਸ਼ੀਸੀ ਵਿੱਚ ਇਕੱਠੇ ਕਰੋ. ਇਹ ਪਾਣੀ ਦੀ ਸ਼ਕਲ ਹੋ ਜਾਣਗੇ. ਇਸ ਰਸ ਦੀਆਂ ਚਾਰ ਤੋਂ ਤੀਹ ਬੂੰਦਾਂ ਤੀਕ ਖੰਡ ਤੇ ਪਾਕੇ ਅਧ ਅਧ ਘੰਟੇ ਪਿੱਛੋਂ ਦਿੰਦੇ ਰਹੋ. ਇਸੇ ਰਸ ਨੂੰ ਹੱਥ ਪੈਰ ਪੁੜਪੁੜੀਆਂ ਮੱਥੇ ਨਾਭੀ ਆਦਿਕ ਤੇ ਮਲੋ.#ਅਦਰਕ ਦਾ ਰਸ ਲੂਣ ਮਿਲਾਕੇ ਚਟਾਉਣਾ ਅਥਵਾ ਦੋ ਤੋਲੇ ਨਿੰਮ ਦਾ ਛਿਲਕਾ ਪਾਣੀ ਵਿੱਚ ਉਬਾਲਕੇ ਪਿਆਉਣਾ ਗੁਣਕਾਰੀ ਹੈ.#ਮਘਾਂ ਕਾਲੀ ਮਿਰਚਾਂ ਸੁੰਢ ਅੱਕ ਦੇ ਲੌਂਗ ਨੂਣ ਇਹ ਸਾਰੇ ਬਰਾਬਰ ਪੀਸਕੇ ਰੱਤੀ ਰੱਤੀ ਦੀਆਂ ਗੋਲੀਆਂ ਬਣਾਓ. ਦੋ ਦੋ ਗੋਲੀਆਂ ਪੰਦ੍ਰਾਂ ਪੰਦ੍ਰਾਂ ਮਿੰਟਾਂ ਪਿੱਛੋਂ ਗਰਮ ਜਲ ਨਾਲ ਦੇਓ।#ਤੁਲਸੀ ਦੇ ਪੱਤਿਆਂ ਦਾ ਰਸ ਲੂਣ ਮਿਲਾਕੇ ਖਵਾਉਣਾ. ਕੋਰੀ ਠੂਠੀ ਅੱਗ ਵਿੱਚ ਲਾਲ ਕਰਕੇ ਉਬਲੇ ਹੋਏ ਪਾਣੀ ਵਿੱਚ ਪੰਜ ਛੀ ਵਾਰ ਬੁਝਾਕੇ ਇਹ ਪਾਣੀ ਪੀਣ ਲਈ ਦੇਣਾ ਉੱਤਮ ਹੈ.#ਹੈਜੇ ਦੇ ਦਿਨਾਂ ਵਿੱਚ ਖਾਲੀ ਪੇਟ ਘਰੋਂ ਨਾ ਜਾਓ. ਜਲ ਅਤੇ ਦੁੱਧ ਚੰਗੀ ਤਰਾਂ ਉਬਾਲੇ ਬਿਨਾ ਕਦੇ ਨਾ ਪੀਓ. ਬੇਹਾ ਅੰਨ, ਦਾਗੀ ਬਦਬੂਦਾਰ ਫਲ ਕਦੇ ਨਾ ਖਾਓ. ਸਿਲ੍ਹਾਬੇ ਅਤੇ ਸੜੀ ਹੋਈ ਥਾਂ ਨਾ ਰਹੋ. ਕਰਾਰੀਆਂ ਚੀਜਾਂ ਗੰਢੇ ਅਦਰਕ ਸਿਰਕਾ ਨਿੰਬੂ ਆਦਿਕ ਵਰਤੋਂ. ਮਲ ਮੂਤ੍ਰ ਦੇ ਵੇਗ ਨੂੰ ਨਾ ਰੋਕੋ.
ਸਰੋਤ: ਮਹਾਨਕੋਸ਼