ਪੰਜਾਬ

ਸਾਡੇ ਪੰਜਾਬ ਦੇ ਸਥਾਨਕ ਨਿਊਜ਼ ਸੈਕਸ਼ਨ ਦੇ ਨਾਲ ਜੁੜੇੋ ਜਿੱਥੇ ਅਸੀਂ ਤੁਹਾਡੇ ਲਈ ਪੰਜਾਬ ਖੇਤਰ ਤੋਂ ਨਵੀਨਤਮ ਅੱਪਡੇਟਸ, ਇਵੈਂਟਸ ਅਤੇ ਖਬਰਾਂ ਲਿਆਉਂਦੇ ਹਾਂ। ਸਾਡਾ ਟੀਚਾ ਤੁਹਾਨੂੰ ਸਹੀ, ਸਮੇਂ ਸਿਰ ਅਤੇ ਸੰਬੰਧਿਤ ਜਾਣਕਾਰੀ ਪ੍ਰਦਾਨ ਕਰਨਾ ਹੈ। ਸਥਾਨਕ ਨਾਇਕਾਂ ਅਤੇ ਪ੍ਰੇਰਨਾਦਾਇਕ ਕਹਾਣੀਆਂ ਤੋਂ ਲੈ ਕੇ ਭਵਿੱਖ ਨੂੰ ਆਕਾਰ ਦੇਣ ਵਾਲੇ ਵਿਕਾਸ ਤੱਕ, ਸਾਡਾ ਪੰਜਾਬ ਦਾ ਸਥਾਨਕ ਨਿਊਜ਼ ਸੈਕਸ਼ਨ ਤੁਹਾਨੂੰ ਤੁਹਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਨ ਵਾਲੇ ਮੁੱਦਿਆਂ ਅਤੇ ਘਟਨਾਵਾਂ ਬਾਰੇ ਸੂਚਿਤ ਕਰਦਾ ਰਹਿੰਦਾ ਹੈ। ਆਪਣੇ ਖੇਤਰ ਨਾਲ ਜੁੜੇ ਰਹੋ ਅਤੇ ਯਕੀਨੀ ਬਣਾਓ ਕਿ ਤੁਸੀਂ ਕਦੇ ਵੀ ਕਿਸੇ ਮਹੱਤਵਪੂਰਨ ਜਾਣਕਾਰੀ ਤੋਂ ਸੱਖਣੇ ਨਾ ਰਹਿ ਜਾਵੋਂ।
ਪੰਜਾਬ ਦੀ ਧੀ ਸਿਫ਼ਤ ਕੌਰ ਸਮਰਾ  ਨੇ ਰਾਸ਼ਟਰੀ ਖੇਡਾਂ ਵਿੱਚ  ਸੋਨ ਤਗਮਾ ਜਿੱਤਿਆ

ਪੰਜਾਬ ਦੀ ਧੀ ਸਿਫ਼ਤ ਕੌਰ ਸਮਰਾ ਨੇ ਰਾਸ਼ਟਰੀ ਖੇਡਾਂ ਵਿੱਚ ਸੋਨ ਤਗਮਾ ਜਿੱਤਿਆ

ਉੱਤਰਾਖੰਡ ਦੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਤ੍ਰਿਸ਼ੂਲ ਹਾਲ ਵਿਖੇ ਹੋਈਆਂ 38ਵੀਆਂ ਰਾਸ਼ਟਰੀ ਖੇਡਾਂ ਵਿੱਚ, ਪੰਜਾਬ ਦੀ ਸਿਫ਼ਤ ਕੌਰ ਸਮਰਾ ਨੇ ਨਿਸ਼ਾਨੇਬਾਜ਼ੀ ਮੁਕਾਬਲਿਆਂ ਵਿੱਚ ਜਿੱਤ ਪ੍ਰਾਪਤ ਕਰਦੇ ਹੋਏ ਸੋਨ ਤਗਮਾ ਜਿੱਤਿਆ ।ਉਸਦੀ ਸਾਥੀ  ਖਿਡਾਰਣ ਅੰਜੁਮ ਮੋਦਗਿਲ ਜੋ ਕਿ ਪੰਜਾਬ ਤੋਂ ਹੀ ਹੈ, ਉਸਨੇ ਚਾਂਦੀ ਦਾ ਤਗਮਾ ਜਿੱਤਿਆ। ਜਦੋਂ ਕਿ ਤੇਲੰਗਾਨਾ ਦੀ ਸੁਰਭੀ ਭਾਰਦਵਾਜ ਰਾਪੋਲ ਨੇ ਕਾਂਸੀ ਦਾ ਤਗਮਾ ਜਿੱਤਿਆ।

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਇਸ ਸ਼ਾਨਦਾਰ ਪ੍ਰਦਰਸ਼ਨ ਲਈ ਖਿਡਾਰਨਾਂ ਨੂੰ ਵਧਾਈ ਦਿੱਤੀ ਹੈ। ਉਨ੍ਹਾਂ ਕਿਹਾ ਕਿ “ਪੰਜਾਬ ਦੀਆਂ ਦੋ ਖਿਡਾਰਨਾਂ ਸਿਫ਼ਤ ਕੌਰ ਸਮਰਾ ਅਤੇ ਅੰਜੁਮ ਮੌਦਗਿਲ ਨੇ 38ਵੀਆਂ ਰਾਸ਼ਟਰੀ ਖੇਡਾਂ ਦੌਰਾਨ 50 ਮੀਟਰ ਸ਼ੂਟਿੰਗ ਈਵੈਂਟ ‘ਚ ਸੋਨ ਅਤੇ ਚਾਂਦੀ ਦਾ ਤਮਗ਼ਾ ਜਿੱਤਿਆ ਹੈ। ਦੋਵਾਂ ਨੂੰ ਇਸ ਉਪਲਬਧੀ ਲਈ ਬਹੁਤ-ਬਹੁਤ ਵਧਾਈਆਂ। ਤੁਸੀਂ ਦੇਸ਼ ਸਮੇਤ ਪੰਜਾਬ ਦਾ ਮਾਣ ਹੋ। ਮੁੱਖ ਮੰਤਰੀ  ਨੇ ਮਾਪਿਆਂ ਤੇ ਕੋਚ ਸਹਿਬਾਨ ਨੂੰ ਵੀ ਮੁਬਾਰਕਾਂ ਦਿੱਤੀਆਂ।”

23 ਸਾਲਾ ਏਸ਼ੀਅਨ ਖੇਡਾਂ ਦੀ ਸੋਨ ਤਗਮਾ ਜੇਤੂ ਸਮਰਾ ਨੇ ਔਰਤਾਂ ਦੇ 50 ਮੀਟਰ 3 ਪੁਜੀਸ਼ਨ ਮੁਕਾਬਲੇ ਵਿੱਚ ਪ੍ਰਭਾਵਸ਼ਾਲੀ ਪ੍ਰਦਰਸ਼ਨ ਕੀਤਾ, 461.2 ਅੰਕ ਪ੍ਰਾਪਤ ਕੀਤੇ ਅਤੇ ਮਹਾਰਾਣਾ ਪ੍ਰਤਾਪ ਸਪੋਰਟਸ ਕਾਲਜ ਵਿੱਚ ਪਹਿਲਾ ਸਥਾਨ ਪ੍ਰਾਪਤ ਕੀਤਾ । ਉਸਦੀ ਪ੍ਰਾਪਤੀ ਖਾਸ ਤੌਰ 'ਤੇ ਮਹੱਤਵਪੂਰਨ ਸੀ ਕਿਉਂਕਿ ਇਹ ਪੈਰਿਸ ਓਲੰਪਿਕ ਵਿੱਚ ਉਸਦੀ ਭਾਗੀਦਾਰੀ ਤੋਂ ਬਾਅਦ  ਇੱਕ ਸ਼ਾਨਦਾਰ ਵਾਪਸੀ ਸੀ, ਜਿੱਥੇ ਉਹ ਫਾਈਨਲ ਵਿੱਚ ਨਹੀਂ ਪਹੁੰਚੀ ਸੀ। ਸਮਰਾ ਨੇ ਆਪਣੇ ਪ੍ਰਦਰਸ਼ਨ 'ਤੇ ਆਪਣੀ ਸੰਤੁਸ਼ਟੀ ਪ੍ਰਗਟ ਕੀਤੀ ਅਤੇ ਆਪਣੀ ਸਫਲਤਾ ਵਿੱਚ ਨਿਰੰਤਰ ਸਿਖਲਾਈ  ਵੱਲ ਧਿਆਨ ਦੇਣ ਦੀ ਗੱਲ ਨੂੰ ਮਹੱਤਤਾ ਦਿੱਤੀ।

ਪੰਜਾਬ ਦੀ ਅੰਜੁਮ ਮੋਦਗਿਲ ਨੇ ਇਸੇ ਈਵੈਂਟ ਵਿੱਚ 458.7 ਅੰਕਾਂ ਨਾਲ ਚਾਂਦੀ ਦਾ ਤਗਮਾ ਜਿੱਤਿਆ। ਮੋਦਗਿਲ, ਜਿਸ ਨੇ ਪਹਿਲਾਂ 2018 ਵਿਸ਼ਵ ਚੈਂਪੀਅਨਸ਼ਿਪ ਵਿੱਚ ਵੀ ਚਾਂਦੀ ਦੇ ਤਗਮਾ ਜਿੱਤਿਆ ਸੀ। ਅੰਜੁਮ ਮੋਦਗਿਲ ਨੇ ਕਿਹਾ, "ਇਹ ਤੀਜੀਆਂ ਰਾਸ਼ਟਰੀ ਖੇਡਾਂ ਹਨ, ਜਿਸ ਵਿਚ ਮੈਂ ਭਾਗ ਲਿਆ, ਹਾਲਾਂਕਿ ਸ਼ੁਰੂਆਤ ਵਿੱਚ ਮੇਰਾ ਸਕੋਰ ਵਧੀਆ ਨਹੀਂ ਸੀ, ਪਰ ਮੈਨੂੰ ਪਤਾ ਸੀ ਕਿ ਸ਼ਾਂਤ ਰਹਿਣਾ ਅਤੇ ਧਿਆਨ ਕੇਂਦਰਤ ਕਰਨਾ ਮੈਨੂੰ ਪੋਡੀਅਮ ਤੱਕ ਲੈ ਜਾਵੇਗਾ। ਇਹ ਸਭ ਤੋਂ ਵਧੀਆ ਸ਼ੂਟਿੰਗ ਰੇਂਜ ਹੈ, ਜਿਸ ਵਿੱਚ ਮੈਂ ਹਿੱਸਾ ਲਿਆ ਹੈ।" ਤੇਲੰਗਾਨਾ ਦੀ ਸੁਰਭੀ ਭਾਰਦਵਾਜ ਰਾਪੋਲ ਨੇ38ਵੀਆਂ ਰਾਸ਼ਟਰੀ ਖੇਡਾਂ ਵਿੱਚ, 448.8 ਅੰਕਾਂ ਨਾਲ ਕਾਂਸੀ ਦਾ ਤਗਮਾ ਜਿੱਤਿਆ।

ਪੁਰਸ਼ਾਂ ਦੇ 10 ਮੀਟਰ ਪਿਸਟਲ ਈਵੈਂਟ ਵਿੱਚ, ਕਰਨਾਟਕ ਦੇ ਜੋਨਾਥਨ ਐਂਥਨੀ ਨੇ ਵਧੀਆ ਪ੍ਰਦਰਸ਼ਨ ਨਾਲ ਸੋਨ ਤਗਮਾ ਜਿੱਤਿਆ । ਜੋਨਾਥਨ ਐਂਥਨੀ ਨੇ ਇਸ ਮੁਕਾਬਲੇ ਵਿਚ ਜਿੱਤਣ 'ਤੇ ਖੁਸ਼ੀ ਪ੍ਰਗਟ ਕੀਤੀ। ਇਸ ਈਵੈਂਟ ਵਿੱਚ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਪ੍ਰਸਿੱਧੀ ਦੇ ਨਿਸ਼ਾਨੇਬਾਜ਼ ਸ਼ਾਮਲ ਸਨ। 

ਕੇਂਦਰੀ ਬਜਟ 2025-26: ਮੱਧ ਵਰਗ ਨੂੰ ਮਿਲੀ ਟੈਕਸ ਵਿੱਚ ਰਾਹਤ

ਕੇਂਦਰੀ ਬਜਟ 2025-26: ਮੱਧ ਵਰਗ ਨੂੰ ਮਿਲੀ ਟੈਕਸ ਵਿੱਚ ਰਾਹਤ

ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਬੀਤੇ ਕੱਲ੍ਹ ਸ਼ਨੀਵਾਰ ਨੂੰ ਸੰਸਦ ਵਿੱਚ ਆਪਣਾ ਅੱਠਵਾਂ ਕੇਂਦਰੀ ਬਜਟ ਪੇਸ਼ ਕਰਦੇ ਹੋਏ ਮੱਧ ਵਰਗ ਲਈ ਟੈਕਸਾਂ ਵਿੱਚ ਕਟੌਤੀ ਦਾ ਐਲਾਨ ਕੀਤਾ। ਨਿਰਮਲਾ ਸੀਤਾਰਮਨ ਨੇ ਇਸਨੂੰ ਆਰਥਿਕ ਵਿਕਾਸ, ਸਮਾਜਿਕ ਭਲਾਈ ਅਤੇ ਤਕਨੀਕੀ ਤਰੱਕੀ ਲਈ ਇੱਕ ਰੋਡਮੈਪ ਕਿਹਾ। ਖੇਤੀਬਾੜੀ, ਬੁਨਿਆਦੀ ਢਾਂਚੇ, ਟੈਕਸ ਰਾਹਤ ਅਤੇ ਡਿਜੀਟਲ ਤਬਦੀਲੀ ਦੇ ਨਾਲ-ਨਾਲ ਬਜਟ ਵਿੱਚ ਰੱਖਿਆ ਆਧੁਨਿਕੀਕਰਨ, ਸਾਈਬਰ ਸੁਰੱਖਿਆ ਅਤੇ ਪੁਲਾੜ ਖੋਜ 'ਤੇ ਵੀ ਜ਼ੋਰ ਦਿੱਤਾ ਗਿਆ ਹੈ।

ਹੇਠਾਂ ਦਿੱਤੀ ਸਾਰਣੀ ਵਿੱਚ ਵੱਖ-ਵੱਖ ਖੇਤਰਾਂ ਲਈ ਨਿਰਧਾਰਤ ਬਜਟ ਨੂੰ ਦਿਖਾਇਆ ਗਿਆ ਹੈ-

ਖੇਤਰ

ਬਜਟ(ਕਰੋੜਾਂ ਵਿਚ)

ਗ੍ਰਹਿ ਮਾਮਲੇ

2,33,211 

ਖੇਤੀਬਾੜੀ ਅਤੇ ਸੰਬੰਧਿਤ ਖੇਤਰ

1,71,437

ਸਿੱਖਿਆ
 

1,28,650

ਸਿਹਤ

98,311

ਸ਼ਹਿਰੀ ਵਿਕਾਸ
 

96,777

ਆਈਟੀ ਅਤੇ ਦੂਰਸੰਚਾਰ
 

95,298

ਊਰਜਾ
 

81,174

ਵਣਜ ਅਤੇ ਉਦਯੋਗ
 

65,553

ਸਮਾਜ ਭਲਾਈ 
 

60,052

ਵਿਗਿਆਨ ਨਾਲ ਸਬੰਧਤ ਵਿਭਾਗ 

55,679

ਇਨਕਮ ਟੈਕਸ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ, ਵਿੱਤ ਮੰਤਰੀ ਨੇ ਇੱਕ ਸੰਸ਼ੋਧਿਤ ਟੈਕਸ ਢਾਂਚੇ ਦਾ ਪ੍ਰਸਤਾਵ ਕੀਤਾ, ਜੋ ਕਿ ਇਸ ਪ੍ਰਕਾਰ ਹੈ:-

0-4 ਲੱਖ ਰੁਪਏ: ਕੋਈ ਨਹੀਂ ਟੈਕਸ
4-8 ਲੱਖ ਰੁਪਏ: 5 ਫੀਸਦੀ ਟੈਕਸ
8-12 ਲੱਖ ਰੁਪਏ: 10 ਫੀਸਦੀ ਟੈਕਸ
12-16 ਲੱਖ ਰੁਪਏ: 15 ਫੀਸਦੀ ਟੈਕਸ
16-20 ਲੱਖ ਰੁਪਏ: 20 ਫੀਸਦੀ ਟੈਕਸ
20-24 ਲੱਖ ਰੁਪਏ: 25 ਫੀਸਦੀ ਟੈਕਸ
24 ਲੱਖ ਰੁਪਏ ਤੋਂ ਵੱਧ: 30 ਪ੍ਰਤੀਸ਼ਤ ਟੈਕਸ

2025-26 ਬਜਟ ਵਿਚ ਟੀ.ਡੀ.ਐਸ(Tax Deducted at Source) ਦੀ ਸੀਮਾ 6 ਲੱਖ ਤੱਕ ਕੀਤੀ ਗਈ। ਇਸ ਤੋਂ ਪਹਿਲਾਂ 7 ਲੱਖ ਰੁਪਏ ਤੱਕ ਦੀ ਆਮਦਨ 'ਤੇ ਕੋਈ ਟੈਕਸ ਨਹੀਂ ਲੱਗਦਾ ਸੀ। ਇਸ ਤੋਂ ਇਲਾਵਾ ਸਟੈਂਡਰਡ ਡਿਡਕਸ਼ਨ 'ਤੇ 75 ਹਜ਼ਾਰ ਰੁਪਏ ਦੀ ਰਾਹਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਿਨ੍ਹਾਂ ਦੀ ਸਾਲਾਨਾ ਤਨਖ਼ਾਹ 12 ਲੱਖ ਰੁਪਏ ਹੈ, ਉਨ੍ਹਾਂ ਨੂੰ ਕੋਈ ਆਮਦਨ ਟੈਕਸ ਅਦਾ ਕਰਨ ਦੀ ਲੋੜ ਨਹੀਂ ਹੋਵੇਗੀ। ਪਰ 13 ਲੱਖ ਰੁਪਏ ਦੀ ਤਨਖਾਹ ਜਾਂ ਇਸ ਤੋਂ ਵਧ  ਆਮਦਨੀ ਵਾਲੇ ਲੋਕਾਂ ਨੂੰ ਕਿੰਨਾ ਫਾਇਦਾ ਹੋਵੇਗਾ ? ਉਸ ਦਾ ਵੇਰਵਾ ਇਸ ਪ੍ਰਕਾਰ ਹੈ-

 13 ਲੱਖ ਰੁਪਇਆ ਸਾਲਾਨਾ ਕਮਾਉਣ ਵਾਲੇ  25,000  ਰੂਪਇਏ ਦੀ ਬਚਤ,14 ਲੱਖ ਰੁਪਇਆ ਕਮਾਉਣ ਵਾਲੇ  30,000  ਰੂਪਇਏ ਦੀ ਬਚਤ,15 ਲੱਖ ਰੁਪਇਆ ਕਮਾਉਣ ਵਾਲੇ  35,000  ਰੂਪਇਏ ਦੀ ਬਚਤ,16 ਲੱਖ ਰੁਪਇਆ ਕਮਾਉਣ ਵਾਲੇ  50,000  ਰੂਪਇਏ ਦੀ ਬਚਤ,17 ਲੱਖ ਰੁਪਇਆ ਕਮਾਉਣ ਵਾਲੇ  60,000  ਰੂਪਇਏ ਦੀ ਬਚਤ,18 ਲੱਖ ਰੁਪਇਆ ਕਮਾਉਣ ਵਾਲੇ  70,000  ਰੂਪਇਏ ਦੀ ਬਚਤ,  19 ਲੱਖ ਰੁਪਇਆ ਕਮਾਉਣ ਵਾਲੇ  80,000 ਰੂਪਇਏ ਦੀ ਬਚਤ ,20 ਲੱਖ ਰੁਪਇਆ ਕਮਾਉਣ ਵਾਲੇ  90,000 ਰੂਪਇਏ ਦੀ ਬਚਤ ਦੀ ਕਰ ਸਕਦੇ ਹਨ ।

21 ਲੱਖ  ਰੁਪਇਆ ਸਾਲਾਨਾ ਕਮਾਉਣ ਵਾਲੇ ਆਪਣੀ ਟੈਕਸ ਦੇਣਦਾਰੀ ਵਿਚ 95,000 ਰੁਪਇਏ ਦੀ ਬਚਤ,  22 ਲੱਖ ਰੁਪਇਆ ਕਮਾਉਣ ਵਾਲੇ  1 ਲੱਖ ਰੂਪਇਏ ਦੀ ਬਚਤ  , 23 ਲੱਖ ਰੁਪਇਆ ਕਮਾਉਣ ਵਾਲੇ  1.05 ਲੱਖ  ਰੂਪਇਏ  ਦੀ ਬਚਤ ਅਤੇ 24 ਲੱਖ ਰੁਪਇਆ ਸਾਲਾਨਾ ਜਾਂ ਇਸ ਤੋਂ ਵੱਧ ਦੀ ਸਾਲਾਨਾ ਆਮਦਨ ਵਾਲੇ ਵਿਅਕਤੀ ਆਮਦਨ ਟੈਕਸ ਵਿੱਚ ਲਗਭਗ 1.10 ਲੱਖ ਰੂਪਇਏ  ਦੀ ਬਚਤ ਕਰ ਸਕਦੇ ਹਨ ।

2024 ਵਿੱਚ, ਵਿੱਤ ਮੰਤਰੀ ਨੇ ਨਿੱਜੀ ਆਮਦਨ ਟੈਕਸ ਢਾਂਚੇ ਵਿੱਚ ਮਹੱਤਵਪੂਰਨ ਬਦਲਾਅ ਕੀਤੇ ਸਨ, ਕਈ ਸੁਧਾਰ ਲਿਆਂਦੇ ਸਨ। ਕੇਂਦਰ ਨੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਟੈਕਸ ਸਲੈਬਾਂ ਨੂੰ ਵੀ ਸੋਧਿਆ ਹੈ, ਜਿਸ ਨਾਲ ਟੈਕਸ ਦੇਣ ਵਾਲਿਆ ਨੂੰ ਲਗਭਗ  17,500 ਰੂਪਇਏ ਦੀ ਸੰਭਾਵੀ ਸਾਲਾਨਾ ਬਚਤ ਦੀ ਪੇਸ਼ਕਸ਼ ਕੀਤੀ ਗਈ ਸੀ। 2024 ਦੇ ਕੇਂਦਰੀ ਬਜਟ ਵਿੱਚ, ਵਿੱਤ ਮੰਤਰੀ ਨੇ ਨਵੀਂ ਟੈਕਸ ਪ੍ਰਣਾਲੀ ਦੇ ਤਹਿਤ ਪਰਿਵਾਰਕ ਪੈਨਸ਼ਨਰਾਂ ਲਈ ਮਿਆਰੀ ਕਟੌਤੀ ਦੀ ਸੀਮਾ ਨੂੰ ਰੂਪਇਏ 50,000 ਤੋਂ ਵਧਾ ਕੇ ਰੂਪਇਏ 75,000 ਕਰਨ ਦੇ ਨਾਲ-ਨਾਲ ਰੂਪਇਏ 15,000 ਤੋਂ ਰੂਪਇਏ 25,000 ਤੱਕ ਕਰ ਦਿੱਤਾ ਸੀ।

 

ਪੰਜਾਬ ਅਤੇ ਹਰਿਆਣਾ ਲਈ ਨਵੀਂ ਰੇਲਵੇ ਲਾਈਨ: ਦਿੱਲੀ ਤੋਂ ਜੰਮੂ ਤੱਕ ਪ੍ਰੋਜੈਕਟ ਦੀ ਤਿਆਰੀ

ਪੰਜਾਬ ਅਤੇ ਹਰਿਆਣਾ ਲਈ ਨਵੀਂ ਰੇਲਵੇ ਲਾਈਨ: ਦਿੱਲੀ ਤੋਂ ਜੰਮੂ ਤੱਕ ਪ੍ਰੋਜੈਕਟ ਦੀ ਤਿਆਰੀ

| ਪੰਜਾਬ | 4 days ago |

ਪੰਜਾਬ ਅਤੇ ਹਰਿਆਣਾ ਦੇ ਲੋਕਾਂ ਨੂੰ ਰੇਲ ਵਿਭਾਗ ਨਵੀਂ ਸੌਗਾਤ ਦੇ ਸਕਦਾ ਹੈ । ਦਰਅਸਲ, ਰਾਸ਼ਟਰੀ ਰਾਜਧਾਨੀ ਦਿੱਲੀ ਤੋਂ ਜੰਮੂ ਤੱਕ ਨਵੀਂ ਰੇਲਵੇ ਲਾਈਨ ਸ਼ੁਰੂ ਕਰਨ ਦੀਆਂ ਤਿਆਰੀਆਂ ਜ਼ੋਰ-ਸ਼ੋਰ ਨਾਲ ਚੱਲ ਰਹੀਆਂ  ਹਨ। ਦਿੱਲੀ ਤੋਂ ਜੰਮੂ ਤੱਕ ਲਗਭਗ 600 ਕਿਲੋਮੀਟਰ ਦੀ ਇਹ ਨਵੀਂ ਰੇਲਵੇ ਲਾਈਨ ਬਣਾਉਣ ਲਈ ਸਰਵੇ ਪੂਰਾ ਹੋ ਚੁੱਕਿਆ ਹੈ। ਸਰਵੇਖਣ ਕਰਕੇ ਤਿਆਰ ਕੀਤੀ ਗਈ ਐਫ.ਐਲ ਐਸ. ( Final Location Survey) ਰਿਪੋਰਟ ਅੰਬਾਲਾ ਡਿਵੀਜ਼ਨਲ ਰੇਲਵੇ ਮੈਨੇਜਰ ਨੂੰ ਸੌਂਪੀ ਗਈ ਹੈ। ਹੁਣ ਵਿਭਾਗੀ ਅਧਿਕਾਰੀ ਇਸ 'ਤੇ ਕੰਮ  ਸ਼ੁਰੂ ਕਰ ਰਹੇ ਹਨ ਕਿ ਇਹ ਲਾਈਨ ਕਿਵੇਂ ਵਿਛਾਈ ਜਾਵੇ ਅਤੇ ਇਸ ‘ਤੇ ਰੇਲ ਗੱਡੀਆਂ ਚਲਾਉਣ ਦੀ ਯੋਜਨਾ ਕਿਵੇਂ ਬਣਾਈ ਜਾਵੇ।

ਰੇਲਵੇ ਨੇ ਇਸ ਪ੍ਰੋਜੈਕਟ ਨੂੰ ਪੂਰਾ ਕਰਵਾਉਣ ਦੀ ਜੁਮੇਂਵਾਰੀ  ਪੁਣੇ ਦੀ ਇਕ ਕੰਪਨੀ ਨੂੰ ਦਿੱਤੀ ਸੀ ਜੋ ਇਸ ਕੰਮ 'ਚ ਪੂਰੀ ਤਰ੍ਹਾਂ ਮਾਹਰ ਹੈ। ਰੇਲਵੇ ਬੋਰਡ ਤੋਂ ਨਿਰਦੇਸ਼ ਮਿਲਦੇ ਹੀ ਇਸ ਕੰਪਨੀ ਨੇ ਅਪ੍ਰੈਲ 2024 ਵਿੱਚ ਨਵੀਂ ਰੇਲਵੇ ਲਾਈਨ ਦਾ ਸਰਵੇ ਸ਼ੁਰੂ ਕਰ ਦਿੱਤਾ ਸੀ। ਇਸ ਲਾਈਨ ਦਾ ਸਰਵੇ ਦਿੱਲੀ ਤੋਂ ਅੰਬਾਲਾ, ਅੰਬਾਲਾ ਤੋਂ ਜਲੰਧਰ ਅਤੇ ਜਲੰਧਰ ਤੋਂ ਜੰਮੂ ਤੱਕ ਤਿੰਨ ਪੜਾਵਾਂ ਵਿੱਚ ਕੀਤਾ ਗਿਆ ਸੀ। । ਇਸ ਦੀ ਰਿਪੋਰਟ ਦਿੱਲੀ, ਅੰਬਾਲਾ ਅਤੇ ਜਲੰਧਰ ਡਿਵੀਜ਼ਨਾਂ ਨੂੰ ਭੇਜ ਦਿੱਤੀ ਗਈ ਹੈ ਤਾਂ ਜੋ ਜਿਵੇਂ ਹੀ ਇਹ ਪ੍ਰਾਜੈਕਟ ਪੂਰਾ ਹੋਵੇਗਾ, ਹਰ ਡਿਵੀਜ਼ਨ ਆਪਣੇ ਹਿੱਸੇ ਵਿਚ ਆਉਂਦੀ ਨਵੀਂ ਰੇਲਵੇ ਲਾਈਨ ਦੀ ਦੇਖ-ਰੇਖ ਕਰ ਸਕੇ।

ਇਹ ਨਵੀਂ ਰੇਲਵੇ ਲਾਈਨ ਪੰਜਾਬ  ਅਤੇ ਹਰਿਆਣਾ ਵਿੱਚੋਂ ਦੀ  ਜਾਵੇਗੀ, ਜਿਸ ਨਾਲ ਕਈ ਸੂਬਿਆਂ ਨਾਲ ਸੰਪਰਕ ਵਧੇਗਾ। ਇਸ ਪ੍ਰੋਜੈਕਟ ਦੇ ਲਈ ਹਜ਼ਾਰਾਂ ਏਕੜ ਜ਼ਮੀਨ ਐਕੁਆਇਰ (acquire land) ਕੀਤੀ ਜਾਵੇਗੀ। ਇਸ ਦੇ ਨਾਲ ਲੱਗਦੀਆਂ ਜ਼ਮੀਨਾਂ ਦੇ ਰੇਟ ਵੀ ਕਈ ਗੁਣਾਂ ਵਧ ਜਾਣਗੇ । ਫਿਲਹਾਲ  ਕਰੋੜਾਂ ਰੁਪਏ ਦੇ ਇਸ ਪ੍ਰਾਜੈਕਟ ਉਤੇ ਮਨਜ਼ੂਰੀ ਦੀ ਅੰਤਿਮ ਮੋਹਰ ਰੇਲਵੇ ਬੋਰਡ ਹੀ ਲਗਾਵੇਗਾ। ਇਸ ਸਬੰਧੀ ਵੀ ਰੇਲਵੇ ਵਿਭਾਗ ਦੇ ਅਧਿਕਾਰੀਆਂ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਜੋ ਕੰਪਨੀ ਵੱਲੋਂ ਤਿਆਰ ਕੀਤੀ ਗਈ ਰਿਪੋਰਟ ਦਾ ਮੁਲਾਂਕਣ ਕਰਨ ਉਪਰੰਤ ਨਵੀਂ ਰੇਲਵੇ ਲਾਈਨ ਸਬੰਧੀ ਜਾਣਕਾਰੀ ਰੇਲਵੇ ਬੋਰਡ ਨੂੰ ਦਿੱਤੀ ਜਾ ਸਕੇ।

ਪ੍ਰਾਪਤ ਹੋਈ ਜਾਣਕਾਰੀ ਦੇ ਮੁਤਾਬਕ ਦਿੱਲੀ ਤੋਂ ਅੰਬਾਲਾ ਤੱਕ ਦੋ ਨਵੀਆਂ ਰੇਲਵੇ ਲਾਈਨਾਂ ਅਤੇ ਅੰਬਾਲਾ ਤੋਂ, ਜਲੰਧਰ, ਜੰਮੂ ਤੱਕ ਇੱਕ ਰੇਲਵੇ ਲਾਈਨ ਬਣਾਈ ਜਾਵੇਗੀ। ਪਰ ਇਹ ਫੈਸਲਾ ਰੇਲਵੇ ਦੀ ਆਖਰੀ ਰਿਪੋਰਟ 'ਤੇ ਨਿਰਭਰ ਕਰੇਗਾ ਕਿ ਦਿੱਲੀ ਤੋਂ ਜੰਮੂ ਤੱਕ ਡਬਲ ਲਾਈਨ ਵਿਛਾਈ ਜਾਵੇਗੀ ਜਾਂ ਨਹੀਂ। ਦਿੱਲੀ ਤੋਂ ਜੰਮੂ ਤੱਕ ਦੋ ਰੇਲਵੇ ਲਾਈਨਾਂ ਹਨ। ਇਸ ਵਿੱਚ ਇੱਕ ਜਾਣ ਵਾਲੀ (ਅਪ) ਅਤੇ ਇੱਕ ਆਉਣ ਵਾਲੀ (ਡਾਊਨ) ਲਾਈਨ ਹੈ। ਪਰ ਰੇਲ ਗੱਡੀਆਂ ਦੀ ਲਗਾਤਾਰ ਵੱਧ ਰਹੀ ਗਿਣਤੀ ਕਾਰਨ ਇਨ੍ਹਾਂ ਰੇਲਵੇ ਲਾਈਨਾਂ 'ਤੇ ਆਵਾਜਾਈ ਦਾ ਦਬਾਅ ਬਹੁਤ ਜਿਆਦਾ ਵਧ ਗਿਆ ਹੈ। ਇਸ ਸਮੇਂ ਦਿੱਲੀ ਤੋਂ ਜੰਮੂ ਲਈ ਰੋਜ਼ਾਨਾ ਪੰਜਾਹ ਤੋਂ ਵੱਧ ਰੇਲ ਗੱਡੀਆਂ ਚਲਦੀਆਂ ਹਨ ਜੋ ਵੱਖ-ਵੱਖ ਰੇਲਵੇ ਰੂਟਾਂ ਦੇ ਰਾਹੀਂ ਜੰਮੂ ਆਉਂਦੀਆਂ-ਜਾਂਦੀਆਂ ਹਨ। 


 

ਬਸੰਤ ਪੰਚਮੀ : ਨਵੀਆਂ ਉਮੀਦਾਂ ਅਤੇ ਖੁਸ਼ਹਾਲੀ ਦਾ ਤਿਉਹਾਰ

ਬਸੰਤ ਪੰਚਮੀ : ਨਵੀਆਂ ਉਮੀਦਾਂ ਅਤੇ ਖੁਸ਼ਹਾਲੀ ਦਾ ਤਿਉਹਾਰ

| ਪੰਜਾਬ | 4 days ago |

ਬਸੰਤ ਪੰਚਮੀ ਦੇ ਤਿਉਹਾਰ ਨੂੰ ਮਨਾਉਣਾ ਸਿਰਫ਼ ਧਾਰਮਿਕ ਪਰੰਪਰਾਵਾਂ ਤੱਕ ਸੀਮਤ ਨਹੀਂ, ਬਲਕਿ ਇਹ ਜੀਵਨ ਵਿੱਚ ਨਵੀਆਂ ਉਮੀਦਾਂ, ਪ੍ਰੇਰਣਾਵਾਂ ਅਤੇ ਨਵੀਂ ਸ਼ੁਰੂਆਤ ਦਾ ਸੰਕੇਤ ਵੀ ਹੈ। ਬਸੰਤ ਪੰਚਮੀ ਦਾ ਦਿਨ ਬਸੰਤ ਰੁੱਤ ਦੀ ਸ਼ੁਰੂਆਤ ਦਾ ਸੂਚਕ ਹੁੰਦਾ ਹੈ, ਜੋ ਕਿ ਪ੍ਰਕਿਰਤੀ ਵਿੱਚ ਹਰਿਆਲੀ ਅਤੇ ਖੁਸ਼ਬੂ ਨਾਲ ਭਰਪੂਰ ਹੋਣ ਦਾ ਸਮਾਂ ਹੁੰਦਾ ਹੈ। ਇਸ ਦਿਨ ਖੇਤਾਂ ਵਿੱਚ ਸਰ੍ਹੋਂ ਦੇ ਪੀਲੇ-ਪੀਲੇ ਫੁੱਲ ਖਿੜ ਜਾਂਦੇ ਹਨ ਅਤੇ ਹਵਾ ਵਿੱਚ ਇਕ ਤਾਜ਼ਗੀ ਭਰ ਜਾਂਦੀ ਹੈ। ਬਾਗਾਂ-ਬਗੀਚਿਆਂ ਵਿੱਚ ਰੰਗ-ਬਿਰੰਗੇ ਫੁੱਲ ਖਿੜਦੇ ਹਨ ਜੋ ਕੁਦਰਤ ਦੀ ਸੁੰਦਰਤਾ ਨੂੰ ਦਰਸਾਉਂਦੇ ਹਨ। ਲੋਕ ਇਸ ਖੁਸ਼ਹਾਲ ਮਾਹੌਲ ਵਿੱਚ ਖੁਸ਼ੀ ਮਨਾਉਂਦੇ ਹਨ ਅਤੇ ਪੀਲੇ ਰੰਗ ਦੇ ਕੱਪੜੇ ਪਹਿਨਦੇ ਹਨ, ਜੋ ਖੁਸ਼ਹਾਲੀ ਅਤੇ ਆਨੰਦ ਦਾ ਪ੍ਰਤੀਕ ਹੁੰਦੇ ਹਨ। ਇਸ ਵਾਰ ਬਸੰਤ ਪੰਚਮੀ 2 ਫਰਵਰੀ(2025), ਐਤਵਾਰ ਨੂੰ ਮਨਾਈ ਜਾਵੇਗੀ। 

ਬਸੰਤ ਪੰਚਮੀ ਦੇ ਦਿਨ ਪਤੰਗਬਾਜ਼ੀ ਦੀ ਪਰੰਪਰਾ ਵੀ ਇਸ ਦਿਨ ਦੀ ਰੰਗਤ ਨੂੰ ਵਧਾਉਂਦੀ ਹੈ। ਆਕਾਸ਼ ਵਿੱਚ ਰੰਗ-ਬਿਰੰਗੀਆਂ ਪਤੰਗਾਂ ਉਡਦੀਆਂ ਹੋਈਆਂ ਬੱਚਿਆਂ ਅਤੇ ਨੌਜਵਾਨਾਂ ਦੀ ਖ਼ੁਸ਼ੀ ਨੂੰ ਵਧਾਉਂਦੀਆਂ ਹਨ। ਇਹ ਤਿਉਹਾਰ ਨੌਜਵਾਨਾਂ ਅਤੇ ਬੱਚਿਆਂ ਦੋਵਾਂ ਲਈ ਖ਼ੁਸ਼ੀ,ਆਨੰਦ ਅਤੇ ਉਤਸ਼ਾਹ ਦਾ ਸੁਮੇਲ ਹੁੰਦਾ ਹੈ।

ਇਤਿਹਾਸਕ ਪ੍ਰਸੰਗ : ਇਹ ਤਿਉਹਾਰ ਸ਼ਹੀਦ ਹਕੀਕਤ ਰਾਏ ਦੀ ਸ਼ਹਾਦਤ ਨਾਲ ਵੀ ਸੰਬੰਧਿਤ ਹੈ, ਜਿਸ ਦੀ ਯਾਦ ਵਿੱਚ ਲਾਹੌਰ ਵਿੱਚ ਵੱਡਾ ਮੇਲਾ ਲੱਗਦਾ ਸੀ। ਇਸ ਦਿਨ ਨਾਮਧਾਰੀ ਸੰਪਰਦਾ ਦੇ ਮੁਖੀ ਗੁਰੂ ਰਾਮ ਸਿੰਘ ਜੀ ਦਾ ਜਨਮ ਵੀ ਹੋਇਆ ਸੀ, ਜੋ ਭਾਰਤ ਦੀ ਆਜ਼ਾਦੀ ਲਈ ਲੜਨ ਵਾਲੇ ਪਹਿਲੇ ਨਾਇਕਾਂ ਵਿੱਚੋਂ ਇੱਕ ਸਨ। ਮਹਾਰਾਜਾ ਰਣਜੀਤ ਸਿੰਘ ਵੀ ਆਪਣੇ ਦਰਬਾਰ ਵਿੱਚ ਇਹ ਤਿਉਹਾਰ ਮਨਾਉਂਦੇ ਸਨ । ਇਸ ਦਿਨ ਨਿਹੰਗ ਸਿੰਘ ਨੇਜ਼ੇਬਾਜ਼ੀ ਅਤੇ ਗੱਤਕੇ ਦੇ ਮੁਕਾਬਲੇ ਕਰਦੇ ਹਨ।

ਵਾਸਤੂ ਸ਼ਾਸਤਰ ਮੁਤਾਬਕ, ਮਾਤਾ ਸਰਸਵਤੀ ਦੀ ਪੂਜਾ ਉੱਤਰ-ਪੂਰਬ ਦਿਸ਼ਾ ਵਿੱਚ ਕਰਨ ਨਾਲ ਵਿਦਿਆ, ਬੁੱਧੀ ਅਤੇ ਸਫਲਤਾ ਵਿੱਚ ਵਾਧਾ ਹੁੰਦਾ ਹੈ। ਇਹ ਦਿਨ ਵਿਦਿਆਰਥੀਆਂ ਲਈ ਵਿਸ਼ੇਸ਼ ਤੌਰ ‘ਤੇ ਸ਼ੁਭ ਮੰਨਿਆ ਜਾਂਦਾ ਹੈ । ਵਿਦਿਆ ਅਧਿਐਨ ਦੀ ਸ਼ੁਰੂਆਤ ਕਰਨ ਲਈ ਇਹ ਬਹੁਤ ਵਧੀਆ ਦਿਨ ਮੰਨਿਆ ਜਾਂਦਾ ਹੈ।

ਪੰਜਾਬ ਵਿੱਚ ਬਸੰਤ ਪੰਚਮੀ ਦੀ ਰੌਣਕ :ਅੱਜ ਵੀ,ਪੰਜਾਬ ਦੇ ਪਿੰਡਾਂ, ਸ਼ਹਿਰਾਂ ਵਿੱਚ ਬਸੰਤ ਪੰਚਮੀ ਦੀ ਰੌਣਕ ਦੇਖਣ ਯੋਗ ਹੁੰਦੀ ਹੈ। ਪਟਿਆਲਾ, ਅੰਮ੍ਰਿਤਸਰ, ਲੁਧਿਆਣਾ ਆਦਿ ਸ਼ਹਿਰਾਂ ਵਿੱਚ ਇਹ ਤਿਉਹਾਰ ਬਹੁਤ ਉਤਸ਼ਾਹ ਨਾਲ ਮਨਾਇਆ ਜਾਂਦਾ ਹੈ। ਲੋਕ ਗਿੱਧਾ ਤੇ ਭੰਗੜਾ ਪਾਉਂਦੇ ਹਨ, ਪੀਲੇ ਰੰਗ ਦੇ ਭੋਜਨ ਬਣਾਉਂਦੇ ਹਨ ਅਤੇ ਮਾਤਾ ਸਰਸਵਤੀ ਦੀ ਪੂਜਾ ਕਰਦੇ ਹਨ। ਪੰਜਾਬ ਵਿੱਚ ਕਹਾਵਤ ਹੈ - 'ਆਈ ਬਸੰਤ, ਪਾਲਾ ਉਡੰਤ' ਜੋ ਦਰਸਾਉਂਦੀ ਹੈ ਕਿ ਬਸੰਤ ਆਉਣ ਨਾਲ ਠੰਢ ਦੀ ਸਮਾਪਤੀ ਹੋ ਜਾਂਦੀ ਹੈ। ਇਹ ਤਿਉਹਾਰ ਕੁਦਰਤ ਦੇ ਬਦਲਾਅ ਦੇ ਨਾਲ-ਨਾਲ ਸਰਦੀਆਂ ਅਤੇ ਗਰਮੀਆਂ ਵਿਚਕਾਰ ਸੁਹਾਵਣਾ ਮੌਸਮ ਲਿਆਉਂਦਾ ਹੈ।

ਨਾਨਕ ਸਿੰਘ ਦੀ ਵਿਰਾਸਤ ਦੀ  ਸੰਭਾਲ ਲਈ ਪੰਜਾਬ ਭਾਸ਼ਾ ਵਿਭਾਗ ਦੀ ਮਹੱਤਵਪੂਰਨ ਪਹਿਲਕਦਮੀ

ਨਾਨਕ ਸਿੰਘ ਦੀ ਵਿਰਾਸਤ ਦੀ  ਸੰਭਾਲ ਲਈ ਪੰਜਾਬ ਭਾਸ਼ਾ ਵਿਭਾਗ ਦੀ ਮਹੱਤਵਪੂਰਨ ਪਹਿਲਕਦਮੀ

| ਪੰਜਾਬ | 5 days ago |

ਪੰਜਾਬੀ ਗਲਪ ਸਾਹਿਤ ਦੇ ਪ੍ਰੱਸਿਧ ਨਾਵਲਕਾਰ ਨਾਨਕ ਸਿੰਘ (ਸਵ.) ਦੇ ਪਰਿਵਾਰ ਵੱਲੋਂ ਉਨ੍ਹਾਂ ਦੀਆਂ ਕੁਝ ਨਿੱਜੀ ਵਸਤੂਆਂ ਪੰਜਾਬ ਭਾਸ਼ਾ ਵਿਭਾਗ ਨੂੰ ਭੇਟ ਕੀਤੀਆਂ ਗਈਆਂ। ਵਿਭਾਗ ਦੇ ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਦੀ ਅਗਵਾਈ ਹੇਠ ਭਾਸ਼ਾ ਭਵਨ, ਪਟਿਆਲਾ ਵਿਖੇ ਲਾਇਬਰੇਰੀ ਵਿੱਚ ਨਾਨਕ ਸਿੰਘ ਦੀ ਵਿਰਾਸਤ ਲਈ ਇੱਕ ਵਿਸ਼ੇਸ਼ ਸੈਕਸ਼ਨ ਸਥਾਪਿਤ ਕੀਤਾ ਗਿਆ।

ਭਾਸ਼ਾ ਭਵਨ, ਪਟਿਆਲਾ ਵਿਖੇ ਲਾਇਬਰੇਰੀ ਵਿੱਚ ਬੀਤੇ ਦਿਨ, ਨਾਨਕ ਸਿੰਘ ਦੇ ਪੋਤਰੇ ਕਰਮਵੀਰ ਸਿੰਘ ਸੂਰੀ ਦੀ ਹਾਜ਼ਰੀ ਵਿੱਚ ਨਾਨਕ ਸਿੰਘ ਦੀਆਂ ਨਿੱਜੀ ਵਸਤੂਆਂ ਲਈ ਇੱਕ ਵੱਖਰੇ ਸੈਕਸ਼ਨ ਦਾ ਰਸਮੀ ਉਦਘਾਟਨ ਕੀਤਾ ਗਿਆ। ਇਸ ਵਿਸ਼ੇਸ਼ ਸੈਕਸ਼ਨ ਵਿੱਚ ਨਾਨਕ ਸਿੰਘ ਦੀ ਘੜੀ, "ਪਵਿੱਤਰ ਪਾਪੀ" ਫਿਲਮ ਦਾ ਪਰਚਾ, ਉਨ੍ਹਾਂ ਦੇ ਆਖਰੀ ਦਿਨਾਂ ਵਿੱਚ ਲਿਖੇ ਹੋਏ ਕੁਝ ਪੰਨੇ, ਹੱਥ ਲਿਖੀ ਡਾਇਰੀ, ਪੁਰਾਣੀਆਂ ਤਸਵੀਰਾਂ ਤੇ ਹੋਰ ਕੀਮਤੀ ਵਸਤਾਂ ਰੱਖੀਆਂ ਗਈਆਂ ਹਨ।

ਡਾਇਰੈਕਟਰ ਜਸਵੰਤ ਸਿੰਘ ਜ਼ਫ਼ਰ ਨੇ ਇਸ ਮੌਕੇ ਉੱਤੇ ਕਿਹਾ ਕਿ ਵਿਭਾਗ ਵੱਲੋਂ ਉੱਘੇ ਲੇਖਕਾਂ ਦੀਆਂ ਯਾਦਗਾਰੀ ਅਤੇ ਨਿੱਜੀ ਵਸਤੂਆਂ ਦੀ ਸੁਰੱਖਿਆ ਲਈ ਨਵੀਂ ਪਹਿਲਕਦਮੀ ਸ਼ੁਰੂ ਕੀਤੀ ਗਈ ਹੈ। ਨਾਨਕ ਸਿੰਘ ਦੇ ਪਰਿਵਾਰ ਦੇ ਸਹਿਯੋਗ ਨਾਲ ਇਸ ਦੀ ਸ਼ੁਰੂਆਤ ਹੋਈ ਹੈ। ਪੰਜਾਬ ਭਾਸ਼ਾ ਵਿਭਾਗ ਲੇਖਕਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਦੇ ਸਹਿਯੋਗ ਨਾਲ ਇਸ ਤਰ੍ਹਾਂ ਦੇ ਹੋਰ ਉਪਰਾਲੇ ਵੀ ਕਰੇਗਾ। ਹੌਲੀ-ਹੌਲੀ ਇਹ ਸੰਗ੍ਰਹਿ ਇੱਕ ਅਜਾਇਬ ਘਰ ਦਾ ਰੂਪ ਲੈ ਲਵੇਗਾ।

ਇਸ ਮੌਕੇ 'ਤੇ ਕਰਮਵੀਰ ਸਿੰਘ ਸੂਰੀ ਨੇ ਭਾਸ਼ਾ ਵਿਭਾਗ ਵੱਲੋਂ ਕੀਤੀ ਗਈ ਕੋਸ਼ਿਸ਼ ਦੀ ਸ਼ਲਾਘਾ ਕੀਤੀ ਅਤੇ ਵਿਭਾਗ ਵੱਲੋਂ ਨਾਨਕ ਸਿੰਘ ਦੀ ਵਿਰਾਸਤ ਨੂੰ ਸੰਭਾਲਣ ਲਈ ਉਠਾਏ ਗਏ ਕਦਮਾਂ ਦੀ ਸਰਾਹਨਾ ਕੀਤੀ।

ਉਦਘਾਟਨ ਸਮਾਗਮ ਦੌਰਾਨ ਜੁਆਇੰਟ ਡਾਇਰੈਕਟਰ ਹਰਪ੍ਰੀਤ ਕੌਰ, ਡਿਪਟੀ ਡਾਇਰੈਕਟਰ ਹਰਭਜਨ ਕੌਰ, ਸਹਾਇਕ ਡਾਇਰੈਕਟਰ ਅਮਰਿੰਦਰ ਸਿੰਘ, ਅਲੋਕ ਚਾਵਲਾ, ਸੁਰਿੰਦਰ ਕੌਰ, ਸੁਪਰਡੈਂਟ ਭੁਪਿੰਦਰਪਾਲ ਸਿੰਘ, ਸਵਰਨਜੀਤ ਕੌਰ, ਖੋਜ ਸਹਾਇਕ ਹਰਪ੍ਰੀਤ ਸਿੰਘ, ਗੁਰਜੀਤ ਸਿੰਘ, ਮਨਜਿੰਦਰ ਸਿੰਘ, ਨੇਹਾ ਅਤੇ ਜਗਮੇਲ ਸਿੰਘ ਸਮੇਤ ਕਈ ਮਹਿਮਾਨਾਂ ਨੇ ਸ਼ਿਰਕਤ ਕੀਤੀ।

ਭਾਸ਼ਾ ਵਿਭਾਗ ਪੰਜਾਬ ਵੱਲੋਂ ਕੀਤੀ ਗਈ ਇਹ ਪਹਿਲਕਦਮੀ ਭਵਿੱਖ ਵਿੱਚ ਪੰਜਾਬੀ ਸਾਹਿਤ ਅਤੇ ਲੇਖਕਾਂ ਦੀ ਵਿਰਾਸਤ ਨੂੰ ਸੰਭਾਲਣ ਲਈ ਮਹੱਤਵਪੂਰਨ ਭੂਮਿਕਾ ਨਿਭਾਏਗੀ।

ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ(ASER)-2024 ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਹੋਇਆ ਵਾਧਾ

ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ(ASER)-2024 ਮੁਤਾਬਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਦਾਖਲੇ ਅਤੇ ਸਿੱਖਿਆ ਦੀ ਗੁਣਵੱਤਾ ਵਿੱਚ ਹੋਇਆ ਵਾਧਾ

| ਪੰਜਾਬ | 5 days ago |

ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਦੀ ਨਵੀਂ ਜਾਰੀ ਕੀਤੀ ਰਿਪੋਰਟ (ASER)-2024 ਮੁਤਾਬਕ, ਕੋਵਿਡ-19 ਤੋਂ ਬਾਅਦ ਪੰਜਾਬ ਵਿੱਚ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਮਹੱਤਵਪੂਰਨ ਵਾਧਾ ਹੋਇਆ ਹੈ। ਰਿਪੋਰਟ ਵਿੱਚ ਦਰਸਾਇਆ ਗਿਆ ਕਿ 2022 ਤੋਂ 2024 ਤੱਕ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਨ ਅਤੇ ਗਣਿਤ ਦੀਆਂ ਯੋਗਤਾਵਾਂ ਵਿੱਚ ਨਿੱਜੀ ਸਕੂਲਾਂ ਦੀ ਤੁਲਨਾ ਵਿੱਚ ਵਧੀਆ ਸੁਧਾਰ ਆਇਆ ਹੈ।

ਸਰਕਾਰੀ ਸਕੂਲਾਂ ਵਿੱਚ ਦਾਖਲੇ ਦਾ ਵਾਧਾ

ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ (ASER)-2024 ਅਨੁਸਾਰ, 2022 ਵਿੱਚ 58% ਵਿਦਿਆਰਥੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਸਨ, ਜੋ 2024 ਵਿੱਚ ਵੀ ਬਣਿਆ ਰਿਹਾ। 2018 ਵਿੱਚ ਇਹ ਗਿਣਤੀ 46.7% ਸੀ, ਜਿਸ ਵਿੱਚ ਕੋਵਿਡ-19 ਤੋਂ ਬਾਅਦ ਵੱਡਾ ਉਲਟਾਅ ਵੇਖਣ ਨੂੰ ਮਿਲਿਆ।

ਪ੍ਰੀ-ਪ੍ਰਾਇਮਰੀ ਦਾਖਲਾ ਅਤੇ ਸਿੱਖਣ ਯੋਗਤਾ

ਇਸ ਰਿਪੋਰਟ ਮੁਤਾਬਕ, ਪੰਜਾਬ ਵਿੱਚ ਪ੍ਰੀ-ਸਕੂਲ ਦਾਖਲਾ ਵਧਿਆ ਹੈ। 3-5 ਸਾਲ ਦੀ ਉਮਰ ਦੇ 85% ਬੱਚੇ ਪ੍ਰੀ-ਸਕੂਲ ਜਾਂ ਆਂਗਣਵਾੜੀ ਕੇਂਦਰਾਂ ਵਿੱਚ ਸ਼ਾਮਲ ਹਨ। 3 ਸਾਲ ਦੀ ਉਮਰ ਵਿੱਚ ਦਾਖਲੇ ਦੀ ਰਾਸ਼ਟਰੀ ਔਸਤ 77.4% ਹੈ, ਜਦਕਿ ਪੰਜਾਬ ਵਿੱਚ ਇਹ ਅੰਕੜਾ 85.9% ਹੈ।

ਪੜ੍ਹਨ ਅਤੇ ਗਣਿਤ ਦੀ ਯੋਗਤਾ ਵਿੱਚ ਸੁਧਾਰ

ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ(ASER)-2024 ਰਿਪੋਰਟ ਮੁਤਾਬਕ, ਜਮਾਤ 3 ਦੇ 34.2% ਵਿਦਿਆਰਥੀ ਜਮਾਤ II ਪੱਧਰ ਦਾ ਪਾਠ ਪੜ੍ਹ ਸਕਦੇ ਹਨ, ਜੋ 2022 ਵਿੱਚ 33% ਸੀ। ਗਣਿਤ ਦੇ ਹੱਲ ਵਿੱਚ ਵੀ ਸੁਧਾਰ ਆਇਆ ਹੈ—ਗ੍ਰੇਡ 3 ਵਿੱਚ ਘੱਟੋ-ਘੱਟ ਘਟਾਓ ਕਰਨ ਵਾਲੇ ਵਿਦਿਆਰਥੀਆਂ ਦੀ ਪ੍ਰਤੀਸ਼ਤਤਾ 2022 ਦੇ 44.8% ਤੋਂ ਵਧ ਕੇ 2024 ਵਿੱਚ 51.1% ਹੋ ਗਈ।

ਡਿਜੀਟਲ ਸਿੱਖਿਆ ਵਿੱਚ ਪੰਜਾਬ ਦਾ ਉੱਚ ਪ੍ਰਦਰਸ਼ਨ

ਰਿਪੋਰਟ ਵਿੱਚ ਪੰਜਾਬ ਦੇ ਵਿਦਿਆਰਥੀਆਂ ਦੀ ਡਿਜੀਟਲ ਤਰੀਕੇ ਨਾਲ ਸਿੱਖਿਆ ਪ੍ਰਾਪਤ ਕਰਨ ਵਿਚ ਵਾਧਾ ਹੋਇਆ ਹੈ। 14-15 ਸਾਲ ਦੀ ਉਮਰ ਦੇ 96.2% ਵਿਦਿਆਰਥੀਆਂ ਕੋਲ ਘਰ ਵਿੱਚ ਸਮਾਰਟਫੋਨ ਦੀ ਪਹੁੰਚ ਹੈ, ਜੋ ਕਿ ਭਾਰਤ ਦੀ ਔਸਤ 89.1% ਨਾਲੋਂ ਜਿਆਦਾ ਹੈ। ਡਿਜੀਟਲ ਕੌਸ਼ਲਤਾਵਾਂ ਵਿੱਚ ਵੀ ਪੰਜਾਬ ਦੇ ਵਿਦਿਆਰਥੀ ਅੱਗੇ ਹਨ—87.8% ਵਿਦਿਆਰਥੀ ਅਲਾਰਮ ਸੈੱਟ ਕਰ ਸਕਦੇ ਹਨ, 85.4% ਵਿਦਿਆਰਥੀ ਬ੍ਰਾਊਜ਼ ਕਰ ਸਕਦੇ ਹਨ, ਅਤੇ 92.5% ਯੂਟਿਉਬ ਵੀਡੀਓ ਲੱਭ ਸਕਦੇ ਹਨ।

ਸਿੱਖਿਆ ਵਿੱਚ ਸਰਕਾਰੀ ਸਕੂਲਾਂ ਦਾ ਨਵਾਂ ਭਰੋਸਾ

ਐਨੂਅਲ ਸਟੇਟਸ ਆਫ਼ ਐਜੂਕੇਸ਼ਨ ਰਿਪੋਰਟ(ASER)-2024 ਦੇ ਅੰਕੜੇ ਦਰਸਾਉਂਦੇ ਹਨ ਕਿ ਸਰਕਾਰੀ ਸਕੂਲਾਂ ਵਿੱਚ ਵਿਦਿਆਰਥੀਆਂ ਦੀ ਗਿਣਤੀ ਵਿੱਚ ਵਾਧਾ ਹੋ ਰਿਹਾ ਹੈ ਅਤੇ ਉਨ੍ਹਾਂ ਦੀ ਪੜ੍ਹਨ ਤੇ ਗਣਿਤ ਯੋਗਤਾ ਵਿੱਚ ਵੀ ਬਿਹਤਰੀ ਆ ਰਹੀ ਹੈ। ਇਹ ਰੁਝਾਨ ਦੱਸਦਾ ਹੈ ਕਿ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਦੀ ਗੁਣਵੱਤਾ ਵਧ ਰਹੀ ਹੈ ਅਤੇ ਸਿੱਖਿਆ ਪ੍ਰਣਾਲੀ ਵੀ ਬਿਹਤਰ ਹੋ ਰਹੀ ਹੈ।

ਕਿਲ੍ਹਾ ਰਾਏਪੁਰ (ਪੇਂਡੂ ਉਲੰਪਿਕ) ਦੀਆਂ ਖੇਡਾਂ ਕੱਲ੍ਹ ਤੋਂ ਹੋਣਗੀਆਂ ਸ਼ੁਰੂ

ਕਿਲ੍ਹਾ ਰਾਏਪੁਰ (ਪੇਂਡੂ ਉਲੰਪਿਕ) ਦੀਆਂ ਖੇਡਾਂ ਕੱਲ੍ਹ ਤੋਂ ਹੋਣਗੀਆਂ ਸ਼ੁਰੂ

ਪੇਂਡੂ ਓਲੰਪਿਕ ਖੇਡਾਂ ਵਜੋਂ ਮਸ਼ਹੂਰ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਕੱਲ੍ਹ ਤੋਂ ਸ਼ੁਰੂ ਹੋਣ ਜਾ ਰਹੀਆਂ ਹਨ। ਕਿਲ੍ਹਾ ਰਾਏਪੁਰ ਸਪੋਰਟਸ ਸੁਸਾਇਟੀ ਪੱਤੀ ਸੁਹਾਵੀਆ ਦੇ ਪ੍ਰਧਾਨ, ਕਰਨਲ ਸੁਰਿੰਦਰ ਸਿੰਘ ਤੇ ਸੈਕਟਰੀ ਗੁਰਵਿੰਦਰ ਸਿੰਘ ਵੱਲੋਂ ਪ੍ਰੈੱਸ ਕਾਨਫਰੰਸ ਕਰ ਕੇ ਇਨ੍ਹਾਂ ਖੇਡਾਂ ਸਬੰਧੀ ਜਾਣਕਾਰੀ ਸਾਂਝੀ ਕੀਤੀ ਗਈ। ਪ੍ਰਧਾਨ ਕਰਨਲ ਸੁਰਿੰਦਰ ਸਿੰਘ ਨੇ ਕਿਹਾ ਕਿ ਇਸ ਵਾਰ ਕਿਲ੍ਹਾ ਰਾਏਪੁਰ ਦੀਆਂ ਪੇਂਡੂ ਉਲੰਪਿਕਸ ਪੂਰੇ ਜੋਸ਼ ਨਾਲ 31 ਜਨਵਰੀ, 1 ਤੇ 2 ਫਰਵਰੀ ਨੂੰ ਪੰਜਾਬ ਸਰਕਾਰ ਦੀ ਮਦਦ ਨਾਲ ਕਰਵਾਈਆਂ ਜਾ ਰਹੀਆਂ ਹਨ। 

ਐਤਕੀਂ ਇਸ ਖੇਡ ਮੇਲੇ ਵਿੱਚ, ਪੰਜਾਬ ਦੇ ਪੇਂਡੂ ਖੇਡ ਮੇਲੇ ਦਾ ਅਹਿਸਾਸ ਕਰਵਾਉਣ ਲਈ ਪੰਜਾਬ ਦੀਆਂ ਪੁਰਾਤਨ ਅਤੇ ਵਿਰਾਸਤੀ ਖੇਡਾਂ ਕਰਵਾਉਣ ਦਾ ਵੀ ਉਪਰਾਲਾ ਕੀਤਾ ਗਿਆ ਹੈ। ਇਸ ਵਿੱਚ ਬੈਲਗੱਡੀਆਂ ਦੀ ਦੌੜ, ਘੋੜਾ ਦੌੜ, ਬੋਰੀ ਚੁੱਕਣਾ ਤੇ ਬਾਜ਼ੀਗਰਾਂ ਦੇ ਕਰਤੱਬ ਵੀ ਦੇਖਣ ਨੂੰ ਮਿਲਣਗੇ। ਸੌ ਸਾਲ ਤੋਂ ਵੀ ਵੱਧ ਪੁਰਾਣੀਆਂ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਪਹਿਲਾਂ ਸਬੰਧਿਤ ਪਿੰਡ ਦੀਆਂ ਖੇਡ ਐਸੋਸੀਏਸ਼ਨਾਂ ਵੱਲੋਂ ਕਰਵਾਈਆਂ ਜਾਂਦੀਆਂ ਸਨ ਪਰ ਪਿਛਲੇ ਸਾਲ ਤੋਂ ਇਹ ਖੇਡਾਂ ਪੰਜਾਬ ਸਰਕਾਰ ਦੁਆਰਾ ਕਰਵਾਈਆਂ ਜਾ ਰਹੀਆਂ ਹਨ। ਪੰਜਾਬ ਸਰਕਾਰ ਵੱਲੋਂ ਇਨ੍ਹਾਂ ਖੇਡਾਂ ਨੂੰ ਕਰਵਾਉਣ ਲਈ ਜ਼ਿਲ੍ਹਾ ਪ੍ਰਸ਼ਾਸ਼ਨ ਨੂੰ ਜ਼ਿੰਮੇਵਾਰੀ ਸੌਂਪੀ ਗਈ ਹੈ।

ਕਿਲ੍ਹਾ ਰਾਏਪੁਰ ਖੇਡਾਂ ਦੀਆਂ ਤਿਆਰੀਆਂ ਨੂੰ ਦੇਖਣ ਲਈ ਡਿਪਟੀ ਕਮਿਸ਼ਨਰ ਲੁਧਿਆਣਾ, ਜਤਿੰਦਰ ਜੋਰਵਾਲ ਨੇ ਖੇਡ ਮੈਦਾਨ ਦਾ ਦੌਰਾ ਕੀਤਾ। ਇਸ ਸਬੰਧੀ ਅਧਿਕਾਰੀਆਂ ਅਤੇ ਹੋਰ ਨੁਮਾਇੰਦਿਆਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ। ਖੇਡਾਂ ਦੇ ਉਦਘਾਟਨ ਮੌਕੇ ਕੈਬਨਿਟ ਮੰਤਰੀ ਪੰਜਾਬ, ਤਰੁਣਪ੍ਰੀਤ ਸਿੰਘ ਸੌਂਦ ਮੁੱਖ ਮਹਿਮਾਨ ਵਜੋਂ ਸੰਮਿਲਿਤ ਹੋਣਗੇ।

ਕਿਲ੍ਹਾ ਰਾਏਪੁਰ ਦੀਆਂ ਖੇਡਾਂ ਵਿੱਚ ਸਭ ਤੋਂ ਪਸੰਦੀਦਾ ਖੇਡ ਬੈਲਗੱਡੀਆਂ ਦੀ ਦੌੜ ਹੁੰਦੀ ਹੈ। ਸਭ ਤੋਂ ਪਹਿਲਾਂ ਬੈਲਗੱਡੀਆਂ ਦੀਆਂ ਦੌੜਾਂ ਕਿਲ੍ਹਾ ਰਾਏਪੁਰ ਦੇ ਲੋਕਾਂ ਨੇ ਹੀ ਸ਼ੁਰੂ ਕੀਤੀਆਂ ਸਨ। ਖੇਡਾਂ ਵਿੱਚ ਜਦੋਂ ਚਾਰ-ਚਾਰ ਬੈਲਗੱਡੀਆਂ ਇਕੱਠੀਆਂ ਦੌੜਦੀਆਂ ਹਨ ਤਾਂ ਉਦੋਂ ਇਹ ਨਜ਼ਾਰਾ ਦੇਖਣ ਵਾਲਾ ਹੁੰਦਾ ਹੈ। ਇਸ ਦੇ ਨਾਲ ਹੀ ਹੋਰ ਖੇਡਾਂ ਵਿੱਚ ਊਠਾਂ ਦੀਆਂ ਦੌੜਾਂ, ਘੋੜਿਆਂ ਦੀਆਂ ਦੌੜਾਂ  ਅਤੇ ਖੱਚਰ ਰੇੜਿਆਂ ਦੀਆਂ ਦੌੜਾਂ ਵੇਖਣ ਵਾਲੀਆਂ ਹੁੰਦੀਆਂ ਹਨ। 

ਇਨ੍ਹਾਂ ਖੇਡਾਂ ਵਿੱਚ ਹਾਕੀ ਦੀ ਖੇਡ ਦਾ ਸਨਮਾਨ ਬਹੁਤ ਉੱਚਾ ਰੱਖਿਆ ਗਿਆ ਹੈ। ਇਸ ਖੇਡ ਦੇ ਸਨਮਾਨ ਲਈ ਸ਼ੁੱਧ ਸੌ ਤੋਲੇ ਸੋਨੇ ਦਾ ਕੱਪ ਰੱਖਿਆ ਜਾਂਦਾ ਹੈ। ਇਸ ਦੇ ਨਾਲ ਹੀ ਇਹ ਸ਼ਰਤ ਹੁੰਦੀ  ਹੈ ਜਿਹੜੀ ਹਾਕੀ ਦੀ ਟੀਮ ਲਗਾਤਾਰ ਤਿੰਨ ਵਾਰੀ ਹਾਕੀ ਦਾ ਮੈਚ ਜਿੱਤੇਗੀ, ਉਸ ਟੀਮ ਨੂੰ ਇਹ ਕੱਪ ਦੇ ਦਿੱਤਾ ਜਾਵੇਗਾ। 

ਪੰਜਾਬੀ ਖੇਡ ਸਾਹਿਤ ਦੇ ਬਾਬਾ ਬੋਹੜ, ਪ੍ਰਿੰਸੀਪਲ ਸਰਵਣ ਸਿੰਘ ਕਿਲ੍ਹਾ ਰਾਏਪੁਰ ਦੀਆਂ ਖੇਡਾਂ ਬਾਰੇ ਕਹਿੰਦੇ ਹਨ ਕਿ ਜੇ ਕਿਸੇ ਨੇ ਪੰਜਾਬ ਦੀ ਰੂਹ ਦੇ ਦਰਸ਼ਨ ਕਰਨੇ ਹੋਣ ਤਾਂ ਇਹ ਢੁੱਕਵਾਂ ਮੌਕਾ ਹੁੰਦਾ ਹੈ। ਇੱਥੇ ਪੰਜਾਬ ਗਾਉਂਦਾ ਹੈ, ਨੱਚਦਾ ਹੈ, ਖੇਡਦਾ ਹੈ, ਧੁੰਮਾਂ ਪਾਉਂਦਾ ਹੈ। ਕਿਸੇ ਪਾਸੇ ਦੌੜਾਂ ਹੁੰਦੀਆਂ ਹਨ, ਕਿਸੇ ਪਾਸੇ ਕਬੱਡੀ ਪੈਂਦੀ ਹੈ ਅਤੇ ਕਿਸੇ ਪਾਸੇ ਭੰਗੜਾ ਪੈ ਰਿਹਾ ਹੁੰਦਾ ਹੈ।

ਖੇਡਾਂ ਦੇਖਣ ਦਾ ਸ਼ੌਕ ਰੱਖਣ ਵਾਲੇ ਦਰਸ਼ਕ ਦੂਰੋਂ-ਦੂਰੋਂ ਇਹ ਖੇਡਾਂ ਵੇਖਣ ਆਉਂਦੇ ਹਨ ਕਿਉਂਕਿ ਇਹ ਖੇਡਾਂ ਭਾਰਤ ਵਿੱਚ ਪੇਂਡੂ ਓਲੰਪਿਕ ਦੇ ਤੌਰ ’ਤੇ ਜਾਣੀਆਂ ਜਾਂਦੀਆਂ ਹਨ। ਇਹ ਖੇਡਾਂ ਪੇਂਡੂ ਖੇਡਾਂ ਤੋਂ ਸ਼ੁਰੂ ਹੋ ਕੇ ਹੁਣ ਸ਼ਹਿਰੀ ਖੇਡਾਂ ਤੱਕ ਪੁੱਜ ਗਈਆਂ ਹਨ।