ਫੁੱਲਾਂ ਕੋਲੋਂ ਹੱਸਣਾ ਸਿੱਖੋ,
ਭੌਰਾਂ ਕੋਲੋਂ ਗਾਣਾ ।
ਰੁੱਖ ਦੀਆਂ ਨਿਵੀਆਂ ਸ਼ਾਖਾਂ ਕੋਲੋਂ,
ਸਿੱਖੋ ਸੀਸ ਨਿਵਾਣਾ ।
ਸਿੱਖੋ ਦੁੱਧ ਤੇ ਪਾਣੀ ਕੋਲੋਂ,
ਦੱਮ ਮੇਲ ਦਾ ਭਰਨਾ ।
ਦਿਲ ਲਾ ਕੇ ਦੀਵੇ ਤੋਂ ਸਿੱਖੋ,
ਦੂਰ ਅਨ੍ਹੇਰਾ ਕਰਨਾ ।
ਪੱਤ ਝੜੇ ਰੁੱਖਾਂ ਤੋਂ ਸਿੱਖੋ,
ਦੁਖ ਵਿਚ ਧੀਰਜ ਧਰਨਾ ।
ਮੱਛੀ ਕੋਲੋਂ ਸਿੱਖੋ ਬੀਬਾ !
ਦੇਸ਼ ਵਤਨ ਲਈ ਮਰਨਾ ।
ਬੱਦਲਾਂ ਨੇ ਕਿਣਮਿਣ ਲਾਈ ਏ ।
ਵਾਹ ਮੌਜ ਬਹਾਰ ਬਣਾਈ ਏ ।
ਔਹ ! ਤੰਬੂ ਤਣਦੇ ਜਾਂਦੇ ਨੇ ।
ਔਹ ! ਹਾਥੀ ਬਣਦੇ ਜਾਂਦੇ ਨੇ ।
ਬਣ ਮਹਿਲ ਮੁਨਾਰੇ ਸਜਦੇ ਨੇ ।
ਔਹ ! ਸ਼ੇਰਾਂ ਵਾਂਙਣ ਗਜਦੇ ਨੇ ।
ਔਹ ਲਗਦੇ ਰੂੰ ਦੇ ਗੋਹੜੇ ਨੇ ।
ਜਾਂ ਲੂਣ ਖੰਡ ਦੇ ਧੋਹੜੇ ਨੇ ।
ਐਵੇਂ ਪਏ ਖੁਰ ਖੁਰ ਪੈਂਦੇ ਨੇ ।
'ਵਾਵਾਂ ਵਿਚ ਵਗਦੇ ਰਹਿੰਦੇ ਨੇ ।
ਕਣੀਆਂ ਦੀ ਛਹਿਬਰ ਲਾਣ ਪਏ ।
ਸਿੱਟਿਆਂ ਵਿਚ ਦਾਣੇ ਪਾਣ ਪਏ ।
ਜੱਟਾਂ ਲਈ ਮੋਤੀ ਕਣੀਆਂ ਨੇ ।
ਬਾਗੀ ਲਈ ਮੌਜਾਂ ਬਣੀਆਂ ਨੇ ।
ਵਾਹ ਬੱਦਲਾਂ ਰੁੱਤ ਬਦਲਾਈ ਏ ।
ਕਿਹੀ ਸੋਹਣੀ ਕਿਣਮਿਣ ਲਾਈ ਏ ।
ਗੁੱਡੀ ਪਿਆਰੀ । ਬਣੀ ਸਵਾਰੀ ।
ਕਪੜੇ ਪਾ ਕੇ । ਗਹਿਣੇ ਲਾਕੇ ।
ਕੱਲਮ-ਕੱਲੀ । ਸਹੁਰੇ ਚੱਲੀ ।
ਸੋਹਣੀ ਲੱਗਦੀ । ਮੋਹਣੀ ਲੱਗਦੀ ।
ਜੇ ਤੂੰ ਭਲਾ ਅਖਾਣਾ ਚਾਹਵੇਂ,
ਬੀਬਾ ਦਿਲ ਭਲਾਈ ਧਾਰ ।
ਜੇ ਤੂੰ ਦਾਨਾਂ ਬਣਨਾ ਲੋਚੇਂ,
ਚੁੱਭੀ ਸਰ ਵਿਦਿਆ ਵਿੱਚ ਮਾਰ ।
ਜੇ ਤੂੰ ਰਸ ਮਾਣਨਾ ਚਾਹਵੇਂ,
ਹਰ ਇੱਕ ਜੀ ਨੂੰ ਮਿੱਠਾ ਬੋਲ ।
ਜੇ ਤੂੰ ਸੱਚਾ ਬਣਨਾ ਚਾਹਵੇਂ,
ਝੂਠੇ ਵਸਣ ਨਾ ਦੇਵੀਂ ਕੋਲ ।
ਜੇ ਤੂੰ ਚਾਹਵੇਂ ਚਰਚਾ ਤੇਰੀ,
ਹੋਵੇ ਹਰ ਇਕ ਘਰ ਦੇ ਵਿੱਚ ।
ਤਾਂ ਫਿਰ ਬੀਬਾ ਦੇਸ ਵਤਨ ਲਈ,
ਸਦਕੇ ਹੋਣਾ ਸਮਝੀਂ ਟਿੱਚ ।
ਜੇ ਤੂੰ ਕੁਝ ਵੀ ਬਣਨਾ ਚਾਹਵੇਂ,
ਸੁਣ ਹੇ ਚੰਦ ! ਮਾਂ ਪਿਉ ਦੇ ਲਾਲ !
ਤਾਂ ਫਿਰ ਧੀਰਜ ਦਿਲੋਂ ਨਾ ਛੱਡੀਂ,
ਸੁਘੜ ਬਣੀ ਜਾ ਹਿੰਮਤ ਨਾਲ ।
ਚੁਪ ਕਰ ਮੇਰੇ ਵੀਰ ਪਿਆਰੇ ।
ਜਾਵਾਂ ਤੈਥੋਂ ਸਦਕੇ ਵਾਰੇ ।
ਖੇਡ ! ਖੇਡ ! ਮੈਂ ਵਾਰੀ ਘੋਲੀ ।
ਸੂਰਤ ਤੇਰੀ ਬੀਬੀ ਭੋਲੀ ।
ਮੈਂ ਗਾਵਾਂਗੀ ਘੋੜੀ ਤੇਰੀ ।
ਤੂੰ ਚੁੱਕੇਂਗਾ ਡੋਲੀ ਮੇਰੀ ।
ਬੀਬਾ ਵੀਰਾ ਅੰਮੀਂ ਜਾਇਆ ।
ਵੇਖ ! ਵੇਖ ! ਔਹ ਕੁੱਤੂ ਆਇਆ ।
ਮੇਰਾ ਸੁਹਣਾ, ਮੇਰਾ ਲਾਲ !
ਆਹ ਲੈ ਖੇਡ, ਖਿਦੋ ਦੇ ਨਾਲ ।
ਆ ਜਾ ਦੋਵੇਂ ਗਿੱਧਾ ਪਾਈਏ ।
ਨੱਚੀਏ, ਟੱਪੀਏ, ਹੱਸੀਏ ਗਾਈਏ ।
ਵਿਦਵਾਨ ਬਣੋ ਵਿਦਵਾਨ ਬਣੋ ।
ਮਾਂ ਪਿਓ ਦੀ ਕੁਲ ਦੀ ਸ਼ਾਨ ਬਣੋ ।
ਪੜ੍ਹ ਪੜ੍ਹ ਕੇ ਚੰਨ ਵਿਦਵਾਨ ਬਣੋ ।
ਰਲ ਜੋਰ ਕਰੋ ਬਲਵਾਨ ਬਣੋ ।
ਗੁਣ ਧਾਰਨ ਕਰ ਗੁਣਵਾਨ ਬਣੋ ।
ਭਲਿਆਂ ਦੀ ਸੁਘੜ ਸੰਤਾਨ ਬਣੋ ।
ਆਜ਼ਾਦ ਹੋਣ ਲਈ ਸ਼ੇਰ ਬਣੋ ।
ਵਿਦਵਾਨ ਬਣੋ ਦਲੇਰ ਬਣੋ ।