Punjab, India

ਪੰਜਾਬ : ਜਾਣ-ਪਛਾਣ
Image caption

ਆਧੁਨਿਕ ਪੰਜਾਬ ਦਾ ਨਕਸ਼ਾ

ਪੰਜਾਬ ਸ਼ਬਦ ਫਾਰਸੀ ਭਾਸ਼ਾ ਦੇ ਸ਼ਬਦਾਂ 'ਪੰਜ' ਅਤੇ 'ਆਬ' ਤੋਂ ਮਿਲਕੇ ਬਣਿਆ ਹੈ , ਪੰਜ ਦਾ ਅਰਥ ਹੈ "ਪੰਜ" ਅਤੇ ਆਬ  ਦਾ ਅਰਥ ਹੈ "ਪਾਣੀ" ਜਿਸਦਾ ਮਤਲਬ ਹੈ ਪੰਜ ਦਰਿਆਵਾਂ ਦੀ ਧਰਤੀ। ਖੇਤੀਬਾੜੀ ਪੰਜਾਬ ਦਾ  ਮੁੱਖ ਕਿੱਤਾ  ਹੈ ਅਤੇ ਪੰਜਾਬ ਇੱਕ ਮਹੱਤਵਪੂਰਨ ਖੇਤੀਬਾੜੀ ਖੇਤਰ ਵਜੋਂ ਉਭਰਿਆ, ਖਾਸ ਤੌਰ 'ਤੇ 1960 ਦੇ ਦਹਾਕੇ ਦੇ ਮੱਧ ਤੋਂ 1970 ਦੇ ਦਹਾਕੇ ਦੇ ਮੱਧ ਤੱਕ ਹਰੀ ਕ੍ਰਾਂਤੀ ਤੋਂ ਬਾਅਦ, ਪੰਜਾਬ ਨੂੰ "ਬ੍ਰੈਡ ਬਾਸਕੇਟ" ਵਜੋਂ ਦਰਸਾਇਆ ਗਿਆ ਹੈ। ਖੇਤੀਬਾੜੀ ਅਤੇ ਵਪਾਰ ਲਈ ਜਾਣੇ ਜਾਣ ਤੋਂ ਇਲਾਵਾ, ਪੰਜਾਬ ਨੇ ਸਦੀਆਂ ਤੋਂ ਕਈ ਵਿਦੇਸ਼ੀ ਹਮਲਿਆਂ ਦਾ ਅਨੁਭਵ ਕੀਤਾ ਹੈ ਅਤੇ ਨਤੀਜੇ ਵਜੋਂ ਜੰਗਾਂ ਦਾ ਇੱਕ ਲੰਮਾ ਇਤਿਹਾਸ ਹੈ।

ਪੰਜਾਬ, ਭਾਰਤ ਉਪ ਮਹਾਂਦੀਪ ਦੇ ਉੱਤਰ-ਪੱਛਮੀ ਹਿੱਸੇ ਵਿੱਚ ਸਥਿਤ ਹੈ। ਇਹ ਉੱਤਰ ਵੱਲ ਜੰਮੂ-ਕਸ਼ਮੀਰ (ਕੇਂਦਰ ਸ਼ਾਸਤ ਪ੍ਰਦੇਸ਼), ਉੱਤਰ-ਪੂਰਬ ਵੱਲ ਹਿਮਾਚਲ ਪ੍ਰਦੇਸ਼, ਦੱਖਣ-ਪੂਰਬ ਵੱਲ ਹਰਿਆਣਾ ਰਾਜ ਅਤੇ ਦੱਖਣ-ਪੱਛਮ ਵੱਲ ਰਾਜਸਥਾਨ ਰਾਜ ਅਤੇ ਪੱਛਮ ਵੱਲ ਪਾਕਿਸਤਾਨ ਦੇਸ਼ ਨਾਲ ਘਿਰਿਆ ਹੋਇਆ ਹੈ। ਪੰਜਾਬ ਆਪਣੇ ਮੌਜੂਦਾ ਰੂਪ ਵਿੱਚ 1 ਨਵੰਬਰ, 1966 ਨੂੰ ਹੋਂਦ ਵਿੱਚ ਆਇਆ, ਜਦੋਂ ਇਸ ਦੇ ਜ਼ਿਆਦਾਤਰ ਹਿੰਦੀ ਬੋਲਣ ਵਾਲੇ ਖੇਤਰਾਂ ਨੂੰ ਹਰਿਆਣਾ ਰਾਜ ਬਣਾਉਣ ਲਈ ਵੱਖ ਕੀਤਾ ਗਿਆ ਸੀ। ਚੰਡੀਗੜ੍ਹ ਕੇਂਦਰ ਸ਼ਾਸਤ ਪ੍ਰਦੇਸ਼ ਦੇ ਅੰਦਰ, ਪੰਜਾਬ ਅਤੇ ਹਰਿਆਣਾ ਦੀ ਸਾਂਝੀ ਰਾਜਧਾਨੀ ਹੈ।

ਪੰਜਾਬ ਦਾ ਕੁੱਲ ਖੇਤਰਫਲ 50,362 ਵਰਗ ਕਿਲੋਮੀਟਰ ਹੈ ਅਤੇ ਇਹ ਭਾਰਤ ਦੇ ਕੁੱਲ ਭੂਗੋਲਿਕ ਖੇਤਰ ਦਾ ਲਗਭਗ 1.54% ਹੈ। ਰਾਜ ਦੇ ਕੁੱਲ ਰਕਬੇ ਦਾ ਲਗਭਗ 82% ਖੇਤੀਬਾੜੀ ਵਾਲੀ ਜ਼ਮੀਨ ਹੈ। ਲਗਭਗ 5% ਖੇਤਰ ਜੰਗਲਾਂ ਨਾਲ ਢੱਕਿਆ ਹੋਇਆ ਹੈ। ਹੁਸ਼ਿਆਰਪੁਰ ਜ਼ਿਲ੍ਹੇ ਵਿੱਚ ਸਭ ਤੋਂ ਵੱਧ ਜੰਗਲਾਤ ਹਨ, ਜਿਸ ਵਿੱਚ ਰਾਜ ਦੇ ਕੁੱਲ ਜੰਗਲਾਂ ਦਾ ਲਗਭਗ 34% ਹਿੱਸਾ ਹੈ।