"ਡਾਕਟਰ ਸਾਬ! ਸਾਡੇ ਪੁੱਤ ਗੁਰਜੋਤ ਨੂੰ ਕੀ ਹੋਇਆ ਹੈ?" ਹਰਜੀਤ ਆਪਣੀ ਪਤਨੀ ਦੇ ਨਾਲ ਬੜੀ ਹੀ ਬੇਚੈਨੀ ਅਤੇ ਦੁਖੀ ਮਨ ਨਾਲ ਡਾਕਟਰ ਗਰੋਵਰ ਤੋ ਪੁੱਛਿਆ। "ਤੁਹਾਡੇ ਬੱਚੇ ਨੂੰ ਕੋਈ ਸਰੀਰਕ ਨਹੀਂ ਬਲਕਿ ਮਾਨਸਿਕ ਬਿਮਾਰੀ ਹੈ, ਪਰ ਘਬਰਾਉਣ ਵਾਲੀ ਕੋਈ ਗੱਲ ਨਹੀਂ ਸਭ ਠੀਕ ਹੋ ਜਾਵੇਗਾ ਤੁਸੀ ਮਨੋਰੋਗੀ ਡਾਕਟਰ ਨਾਲ ਸੰਪਰਕ ਕਰੋ।"
ਮੈਂ ਦਿਮਾਗੀ ਬਿਮਾਰੀ ਦੇ ਇਲਾਜ ਨਾਲ ਕਿਸੇ ਵੀ ਤਰ੍ਹਾਂ ਸਬੰਧਤ ਨਹੀਂ ਹਾਂ ਸੋ ਮੈਂ ਕਿਸੇ ਵੀ ਤਰ੍ਹਾਂ ਦੀ ਮਦਦ ਤੋ ਅਸਮਰੱਥ ਹਾਂ। ਡਾਕਟਰ ਸਾਬ ਨੇ ਆਪਣੇ ਜਵਾਬ ਚ ਇਕ ਵਾਜਬ ਤੇ ਢੁੱਕਵੀਂ ਰਾਏ ਰੱਖੀ। ਹਰਜੀਤ ਅਤੇ ਉਸਦੀ ਪਤਨੀ ਨੇ ਡਾਕਟਰ ਸਾਬ ਦੀ ਰਾਇ ਨੂੰ ਮੰਨਦਿਆਂ ਜਿਆਦਾ ਸਮਾਂ ਨਾ ਲਾਉਦਿਆਂ ਸ਼ਹਿਰ ਦੇ ਮਸ਼ਹੂਰ ਮਨੋ ਰੋਗੀ ਡਾਕਟਰ ਆਰਤੀ ਕੋਲ ਗਏ।
ਡਾਕਟਰ ਆਰਤੀ ਨੇ ਬੱਚੇ ਦੇ ਸਾਰੇ ਪਹਿਲੂਆਂ ਤੋਂ ਦੇਖਣ ਤੋਂ ਬਾਅਦ ਕਿਹਾ,"ਤੁਹਾਡਾ ਬੱਚਾ ਬਿਲਕੁਲ ਠੀਕ ਹੈ ਤੇ ਇਸਨੂੰ ਕਿਸੇ ਕਿਸਮ ਦੀ ਕੋਈ ਵੀ ਸਮੱਸਿਆ ਨਹੀ ਹੈ।" ਜੀ,ਫੇਰ ਇਹ ਅੱਜ ਸਕੂਲ ਚ ਬੇਹੋਸ਼ ਹੋ ਕਿ ਕਿਉ ਡਿੱਗ ਗਿਆ ਤੇ ਨਾ ਹੀ ਅੱਜਕਲ ਖੇਡਦਾ ਤੇ ਕੁਝ ਖਾਂਦਾ ਪੀਂਦਾ, ਗੁਰਜੋਤ ਦੀ ਮਾਤਾ ਨੇ ਪੁੱਛਿਆ। ਤੁਹਾਡੇ ਬੱਚੇ ਦੇ ਦਿਮਾਗ ਤੇ ਕਾਫੀ ਸਾਰਾ ਬੋਝ ਹੈ ਤੇ ਉਹ ਬੋਝ ਕਿਸੇ ਹੋਰ ਦਾ ਨਹੀਂ ਬਲਕਿ ਸਕੂਲੀ ਪੜ੍ਹਾਈ ਦਾ ਹੈ।
"ਪੜਾਈ ਦਾ ਬੋਝ ਵੀ ਕੋਈ ਬੋਝ ਹੁੰਦਾ ਭਲਾ?" ਹਰਜੀਤ ਨੇ ਪੁੱਛਿਆ। ਦੇਖੋ ਜੀ! ਅੱਜ ਦਾ ਦੌਰ ਪਹਿਲਾਂ ਵਾਲਾ ਨਹੀਂ ਹੈ, ਸਾਡਾ ਸਮਾਜਿਕ ਢਾਂਚਾ ਬਿਲਕੁਲ ਬਦਲ ਗਿਆ ਹੈ ਤੇ ਇਹੀ ਕਾਰਨ ਹੈ ਕਿ ਇਨਸਾਨ ਦੇ ਸੋਚਣ ਤੇ ਸਮਝਣ ਤੇ ਵਿਚ ਵੀ ਕਾਫੀ ਬਦਲਾਵ ਆਇਆ ਹੈ। ਜੇਕਰ ਦੇਖਿਆ ਜਾਵੇ ਤਾਂ ਬੱਚਿਆਂ ਦੇ ਉਪਰ ਇਸ ਬਦਲਦੇ ਸਮਾਜ ਦਾ ਕਾਫੀ ਜਿਆਦਾ ਪ੍ਰਭਾਵ ਪੈ ਰਿਹਾ ਹੈ ਕਿਉਂਕਿ ਮਾਤਾ ਪਿਤਾ ਬੱਚਿਆਂ ਨੂੰ ਇਸ ਬਦਲਦੇ ਹੋਏ ਸਮਾਜ ਦੇ ਪਹਿਲੂ ਨੂੰ ਸਿੱਖਣ ਦੇ ਲਈ ਦਵਾਬ ਪਾਉਂਦੇ ਹਨ, ਜਦਕਿ ਉਹ ਨਿੱਕੀ ਉਮਰ ਦਾ ਬੱਚਾ ਜੋ ਹਲੇ ਕਿਸੇ ਵੀ ਕਿਸਮ ਦੇ ਬਦਲਾਵ ਨੂੰ ਸਮਝਣ ਚ ਅਸਮਰੱਥ ਹੈ।
"ਡਾਕਟਰ ਜੀ, ਅਸਾਂ ਤੇ ਪੂਰੀ ਕੋਸਿਸ ਕੀਤੀ ਹੈ ਆਪਣੇ ਬੱਚੇ ਨੂੰ ਇਕ ਚੰਗਾ ਮਾਹੌਲ ਦੇਣ ਦੀ ਤੇ ਕਿਸੇ ਵੀ ਕਿਸਮ ਦੇ ਦੁੱਖ ਨੂੰ ਇਹਦੇ ਤੋਂ ਦੂਰ ਰੱਖਣ ਦੀ ਤੇ ਫਿਰ ਸਾਡੇ ਬੱਚੇ ਤੇ ਇਹ ਬੋਝ ਕਿਵੇਂ ਪੈ ਗਿਆ?" ਗੁਰਜੋਤ ਦੀ ਮਾਂ ਨੇ ਬੜੀ ਫ਼ਿਕਰ ਨਾਲ ਕਿਹਾ। "ਮੈਂ ਤੁਹਾਡੇ ਬੱਚੇ ਨਾਲ ਗੱਲ ਕੀਤੀ ਤੇ ਉਸਨੂੰ ਪੁੱਛਿਆ ਤੇ ਕਿ ਕਿਹੜੀ ਗੱਲ ਹੈ ਜੋ ਉਸਨੂੰ ਪ੍ਰੇਸਾਨ ਕਰਦੀ ਹੈ ਤਾਂ ਉਹਨੇ ਕਿਹਾ ਕਿ ਉਹ ਆਪਣੇ ਪਾਪਾ ਨਾਲ ਖੇਡਣਾ ਚਾਹੁੰਦਾ ਤੇ ਆਪਣੀ ਮੰਮੀ ਤੋ ਹਰ ਰੋਜ ਕਹਾਣੀ ਸੁਣਣਾ ਚਾਹੁੰਦਾ ਹੈ ਪਰ ਉਹਦੇ ਮਾਤਾ ਪਿਤਾ ਸ਼ਾਇਦ ਉਸਨੂੰ ਕਰੀਬ ਨਹੀਂ ਰੱਖਣਾ ਚਾਹੁੰਦੇ। ਮੈਂ ਬੜੀ ਹੈਰਾਨੀ ਨਾਲ ਪੁੱਛਿਆ ਕਿਉ?
ਉਹਨੇ ਦੱਸਿਆ ਕਿ ਉਹ ਸਵੇਰੇ ਸੱਤ ਵਜੇ ਹੀ ਸਕੂਲ ਲਈ ਚਲਾ ਜਾਂਦਾ ਤੇ ਜਦ ਸਕੂਲੋਂ ਵਾਪਸ ਆਉਂਦਾ ਫਿਰ ਟਿਊਸ਼ਨ ਲਈ ਚਲਾ ਜਾਂਦਾ ਤੇ ਉਹ ਵੀ ਕੋਈ ਇਕ ਟਿਊਸ਼ਨ ਨਹੀਂ ਬਲਕਿ ਚਾਰ ਚਾਰ ਅੰਗ੍ਰੇਜੀ ਦਾ ਅਲੱਗ, ਸਾਇੰਸ ਦੀ ਤੇ ਇਦਾਂ ਹੀ ਹੋਰ ਤੇ ਛੁੱਟੀ ਵਾਲੇ ਦਿਨ ਵੀ ਉਹਨੂੰ ਪੜਾਈ ਦੇ ਲਈ ਹੀ ਕਿਹਾ ਜਾਂਦਾ। ਉਸਦੇ ਮੁਤਾਬਿਕ ਉਹਨੂੰ ਸਕੂਲੀ ਪੜਾਈ ਉਸਦੇ ਮਾਤਾ ਪਿਤਾ ਦੇ ਕਰੀਬ ਆਉਣ ਤੋਂ ਰੋਕਦੀ ਹੈ! ਡਾਕਟਰ ਆਰਤੀ ਨੇ ਕਿਹਾ।
ਇਹ ਗੱਲ ਸੁਣਦੀ ਹੀ ਗੁਰਜੋਤ ਦੀ ਮਾਤਾ ਨੇ ਭੱਜ ਕੇ ਜਾ ਕੇ ਗੁਰਜੋਤ ਨੂੰ ਹਿੱਕ ਨਾਲ ਲਾ ਲਿਆ ਤੇ ਕਿਹਾ,"ਪੁੱਤ, ਕੱਲ ਤੋਂ ਆਪਾਂ ਤੇਰੇ ਨਾਨਕੇ ਘਰ ਇੱਕ ਹਫ਼ਤੇ ਲਈ ਜਾਵਾਂਗੇ ਤੇ ਸਕੂਲ ਤੋਂ ਛੁੱਟਿਆਂ ਲੈ ਲਈਏ ਆਪਾਂ।" ਗੁਰਜੋਤ ਦੀ ਮਾਤਾ ਨੇ ਖੁਸ਼ੀ ਨਾਲ ਗੁਰਜੋਤ ਨੂੰ ਕਿਹਾ ਤੇ ਉਹ ਵੀ ਸੁਣਦੇ ਹੀ ਖੁਸ਼ ਹੋ ਗਿਆ।" ਡਾਕਟਰ ਸਾਬ ਜਿਹੜੀ ਮਰਜ ਦੀ ਦਵਾਈ ਅਸੀਂ ਖੁਦ ਹਾਂ ਉਹਦੀ ਦਵਾਈ ਕਿਤੇ ਵੀ ਨਹੀਂ ਮਿਲਣੀ, ਤੁਹਾਡਾ ਬਹੁਤ ਧੰਨਵਾਦ ਸਾਨੂੰ ਸਾਡੀ ਗਲਤੀ ਦੇ ਨਾਲ ਜਾਣੂੰ ਕਰਵਾਉਣ ਲਈ!"
ਹਰਜੀਤ ਇਹਨੀਂ ਗੱਲ ਕਹਿੰਦਿਆਂ ਹੀ ਆਪਣੇ ਪੁੱਤ ਨੂੰ ਗੋਦੀ ਚੁੱਕ ਕਿ ਉਸ ਨਾਲ ਹਾਸੇ ਠੱਠੇ ਕਰਦਿਆਂ ਘਰ ਵੱਲ਼ ਨੂੰ ਚੱਲ ਪਏ।