ਕੀ ਤੁਹਾਨੂੰ ਪਤਾ ਹੈ ਸਿਰਫ ਮਾਦਾ ਮੱਛਰ ਹੀ ਕੱਟਦਾ ਹੈ? ਖੂਨ ਪੀਂਦਾ ਹੈ? ਬਹੁਤ ਪਹਿਲਾਂ ਦੀ ਗੱਲ ਹੈ ਵੀਅਤਨਾਮ ਦੇ ਇੱਕ ਪਿੰਡ ਵਿਚ ਟਾਮ ਅਤੇ ਉਸਦੀ ਪਤਨੀ ਨਹਾਮ ਰਹਿੰਦੇ ਸਨ। ਟਾਮ ਖੇਤੀ ਕਰਦਾ ਸੀ ਅਤੇ ਪਤਨੀ ਰੇਸ਼ਮ ਦੇ ਕੀੜੇ ਪਾਲਦੀ ਸੀ। ਟਾਮ ਬਹੁਤ ਮਿਹਨਤੀ ਸੀ ਪਰ ਨਹਾਮ ਜ਼ਿੰਦਗੀ 'ਚ ਤਮਾਮ ਐਸ਼ੋ-ਆਰਾਮ ਦੀ ਇੱਛਾ ਰੱਖਦੀ ਸੀ। ਇੱਕ ਦਿਨ ਨਹਾਮ ਅਚਾਨਕ ਬਿਮਾਰ ਪੈ ਗਈ। ਟਾਮ ਉਸ ਸਮੇਂ ਖੇਤਾਂ 'ਚ ਕੰਮ ਕਰ ਰਿਹਾ ਸੀ ਜਦੋਂ ਉਹ ਘਰ ਪਰਤਿਆ, ਉਸਨੇ ਦੇਖਿਆ ਕਿ ਨਹਾਮ ਹੁਣ ਇਸ ਦੁਨੀਆ 'ਚ ਨਹੀਂ ਹੈ।
ਟਾਮ ਗੋਡਿਆਂ ਭਾਰ ਬੈਠ ਕੇ ਰੱਬ ਅੱਗੇ ਅਰਦਾਸ ਕਰਨ ਲੱਗਾ। ਉਦੋਂ ਉਸ ਨੂੰ ਅਕਾਸ਼ਵਾਣੀ ਸੁਣਾਈ ਦਿੱਤੀ ਕਿ ਉਹ ਸਮੁੰਦਰ ਵਿਚਾਲੇ ਸਥਿਤ ਇੱਕ ਵਿਸ਼ਾਲ ਪਹਾੜੀ 'ਤੇ ਨਹਾਮ ਦੀ ਲਾਸ਼ ਲੈ ਜਾਵੇ। ਕਈ ਦਿਨਾਂ ਦੀ ਯਾਤਰਾ ਤੋਂ ਬਾਅਦ ਟਾਮ ਨਹਾਮ ਦੀ ਲਾਸ਼ ਨਾਲ ਉਸ ਪਹਾੜੀ 'ਤੇ ਪਹੁੰਚਿਆ ਤੇ ਇੱਕ ਖੂਬਸੂਰਤ ਫੁੱਲਾਂ ਦੇ ਬਾਗ ਵਿਚ ਲਿਜਾ ਕੇ ਲਾਸ਼ ਨੂੰ ਲਿਟਾ ਦਿੱਤਾ। ਉਸਦੀਆਂ ਪਲਕਾਂ ਥਕਾਵਟ ਕਾਰਨ ਝਪਕ ਹੀ ਰਹੀਆਂ ਸਨ ਕਿ ਅਚਾਨਕ ਸਫੈਦ ਵਾਲਾਂ ਤੇ ਤਾਰੇ ਵਰਗੀਆਂ ਚਮਕਦੀਆਂ ਅੱਖਾਂ ਵਾਲਾ ਇੱਕ ਆਦਮੀ ਉੱਥੇ ਪ੍ਰਗਟ ਹੋਇਆ। ਉਸ ਆਦਮੀ ਨੇ ਟਾਮ ਨੂੰ ਕਿਹਾ ਕਿ ਉਹ ਉਨ੍ਹਾਂ ਦਾ ਸ਼ਿਸ਼ ਬਣ ਕੇ ਇਸੇ ਜਗ੍ਹਾ ਸ਼ਾਂਤੀ ਨਾਲ ਰਹੇ, ਪਰ ਟਾਮ ਨੇ ਕਿਹਾ ਕਿ ਉਹ ਆਪਣੀ ਪਤਨੀ ਨਹਾਮ ਦੇ ਬਿਨਾ ਨਹੀਂ ਰਹਿ ਸਕਦਾ।
ਉਹ ਆਦਮੀ ਟਾਮ ਦੀ ਇੱਛਾ ਜਾਣ ਕੇ ਬਹੁਤ ਖੁਸ਼ ਹੋਇਆ। ਉਸ ਨੇ ਕਿਹਾ ਕਿ ਉਹ ਆਪਣੀ ਉਂਗਲ ਕੱਟ ਕੇ ਖੂਨ ਦੀਆਂ ਤਿੰਨ ਬੂੰਦਾਂ ਨਹਾਮ ਦੀ ਲਾਸ਼ ਨਾਲ ਛੁਹਾ ਦੇਵੇ। ਟਾਮ ਨੇ ਉਂਜ ਹੀ ਕੀਤਾ ਉਦੋਂ ਜਾਦੂ ਜਿਹਾ ਹੋਇਆ, ਖੂਨ ਦੀਆਂ ਬੂੰਦਾਂ ਪੈਂਦਿਆਂ ਹੀ ਨਹਾਮ ਉੱਠ ਬੈਠੀ। ਉਦੋਂ ਉਸ ਆਦਮੀ ਨੇ ਨਹਾਮ ਨੂੰ ਚਿਤਾਵਨੀ ਦਿੱਤੀ ਕਿ ਜੇਕਰ ਉਹ ਇਮਾਨਦਾਰ ਅਤੇ ਮਿਹਨਤੀ ਨਹੀਂ ਬਣੇਗੀ ਤਾਂ ਉਸ ਨੂੰ ਸਜ਼ਾ ਭੁਗਤਣੀ ਪਵੇਗੀ। ਇਹ ਕਹਿ ਕੇ ਉਹ ਆਦਮੀ ਉੱਥੋਂ ਅਚਾਨਕ ਗਾਇਬ ਹੋ ਗਿਆ।
ਟਾਮ ਅਤੇ ਨਹਾਮ ਬੇੜੀ 'ਚ ਬੈਠ ਕੇ ਚੱਲ ਪਏ। ਰਸਤੇ 'ਚ ਇੱਕ ਪਿੰਡ ਦੇ ਨੇੜੇ ਉਨ੍ਹਾਂ ਨੇ ਬੇੜੀ ਰੋਕੀ। ਟਾਮ ਖਾਣ-ਪੀਣ ਦਾ ਕੁਝ ਸਾਮਾਨ ਖਰੀਦਣ ਚਲਾ ਗਿਆ। ਬੇੜੀ 'ਚ ਬੈਠੀ ਨਹਾਮ ਟਾਮ ਦੇ ਪਰਤਣ ਦੀ ਉਡੀਕ ਕਰ ਰਹੀ ਸੀ। ਉਦੋਂ ਇੱਕ ਵਿਸ਼ਾਲ ਬੇੜੀ ਉਸ ਕੋਲ ਆਈ। ਉਸ ਬੇੜੀ ਦਾ ਮਾਲਿਕ ਇੱਕ ਅਮੀਰ ਸੀ। ਉਸਨੇ ਨਹਾਮ ਨੂੰ ਆਪਣੀ ਬੇੜੀ 'ਤੇ ਆ ਕੇ ਚਾਹ ਪੀਣ ਦੀ ਦਾਵਤ ਦਿੱਤੀ। ਚਾਹ ਪੀਣ ਤੋਂ ਬਾਅਦ ਅਮੀਰ ਨੇ ਨਹਾਮ ਦੀ ਖੂਬਸੂਰਤੀ ਦੀ ਤਾਰੀਫ਼ ਕੀਤੀ ਤੇ ਉਸ ਨਾਲ ਵਿਆਹ ਦਾ ਪ੍ਰਸਤਾਵ ਰੱਖਿਆ। ਇਹ ਵੀ ਵਾਅਦਾ ਕੀਤਾ ਕਿ ਉਹ ਉਸਨੂੰ ਆਪਣੇ ਮਹਿਲ ਦੀ ਇੱਕੋ-ਇੱਕ ਰਾਣੀ ਬਣਾ ਕੇ ਰੱਖੇਗਾ।
ਨਹਾਮ ਦਾ ਤਾਂ ਸੁਫ਼ਨਾ ਹੀ ਸੀ ਕਿ ਉਹ ਅਮੀਰ ਔਰਤ ਬਣੇ, ਉਸ ਦੀ ਸੇਵਾ 'ਚ ਢੇਰਾਂ ਨੌਕਰ- ਚਾਕਰ ਹੋਣ। ਉਹ ਝੱਟ ਉਸ ਅਮੀਰ ਦਾ ਪ੍ਰਸਤਾਵ ਮੰਨ ਗਈ। ਟਾਮ ਜਦੋਂ ਪਿੰਡੋਂ ਚੀਜਾਂ ਖਰੀਦ ਕੇ ਪਰਤਿਆ ਤਾਂ ਇੱਕ ਬੁੱਢੇ ਮਲਾਹ ਨੇ ਉਸ ਨੂੰ ਸਾਰਾ ਕਿੱਸਾ ਸੁਣਾਇਆ। ਟਾਮ ਨਹਾਮ ਦੀ ਧੋਖੇਬਾਜ਼ੀ ਕਾਰਨ ਲੋਹਾਲਾਖਾ ਹੋ ਗਿਆ। ਉਹ ਤੁਰੰਤ ਉਸ ਅਮੀਰ ਦੇ ਘਰ ਵੱਲ ਰਵਾਨਾ ਹੋਇਆ।
ਕੁਝ ਹੀ ਦਿਨਾਂ 'ਚ ਉਹ ਉੱਥੇ ਜਾ ਪਹੁੰਚਿਆ। ਉਸਦੇ ਮਹਿਲ 'ਚ ਪਹੁੰਚ ਕੇ ਉਸ ਨੇ ਇੱਕ ਨੌਕਰ ਨੂੰ ਬੇਨਤੀ ਕੀਤੀ ਕਿ ਉਹ ਮਹਿਲ ਦੇ ਮਾਲਕ ਨੂੰ ਮਿਲਣਾ ਚਾਹੁੰਦਾ ਹੈ। ਉਦੋਂ ਅਚਾਨਕ ਨਹਾਮ ਫੁੱਲ ਤੋੜਨ ਲਈ ਬਗੀਚੇ ਵਿਚ ਆਈ ਤੇ ਟਾਮ ਨੂੰ ਉੱਥੇ ਵੇਖ ਕੇ ਹੈਰਾਨ ਰਹਿ ਗਈ। ਉਸ ਨੇ ਟਾਮ ਨੂੰ ਕਿਹਾ ਕਿ ਉਹ ਇੱਥੇ ਬੇਹੱਦ ਸੁਖੀ ਹੈ ਅਤੇ ਇੱਥੋਂ ਕਿਤੇ ਨਹੀਂ ਜਾਣਾ ਚਾਹੁੰਦੀ।
ਟਾਮ ਨੇ ਕਿਹਾ ਕਿ ਉਹ ਉਸਨੂੰ ਬਿਲਕੁਲ ਵਾਪਸ ਨਹੀਂ ਲਿਜਾਣਾ ਚਾਹੁੰਦਾ। ਮੈਂ ਤਾਂ ਆਪਣੇ ਖੂਨ ਦੀਆਂ ਤਿੰਨ ਬੂੰਦਾਂ ਵਾਪਸ ਲੈਣ ਆਇਆ ਹਾਂ। ਉਹ ਨਹਾਮ ਉਸ ਨੂੰ ਵਾਪਸ ਕਰ ਦੇਵੇ। "ਬੱਸ!" ਨਹਾਮ ਇਸ ਗੱਲ ਤੋਂ ਬੇਹੱਦ ਖੁਸ਼ ਹੋਈ, "ਚੱਲੋ ਖੂਨ ਦੀਆਂ ਤਿੰਨ ਬੂੰਦਾਂ ਦੇ ਕੇ ਹੀ ਛੁਟਕਾਰਾ ਮਿਲ ਜਾਵੇਗਾ।" ਅਜਿਹਾ ਕਹਿ ਕੇ ਉਸ ਨੇ ਤੁਰੰਤ ਆਪਣੀ ਇੱਕ ਉਂਗਲ 'ਚ ਗੁਲਾਬ ਦਾ ਕੰਡਾ ਚੁਭੋਇਆ ਅਤੇ ਟਾਮ ਦੀ ਬਾਂਹ 'ਤੇ ਖੂਨ ਟਪਕਾਉਣ ਲੱਗੀ ਜਿਵੇਂ ਹੀ ਖੂਨ ਦੀ ਤੀਜੀ ਬੂੰਦ ਡਿੱਗੀ, ਨਹਾਮ ਦਾ ਸਰੀਰ ਸੁੰਗੜਨ ਲੱਗਾ ਤੇ ਉਹ ਮਾਦਾ ਮੱਛਰ ਦੇ ਰੂਪ 'ਚ ਤਬਦੀਲ ਹੋ ਗਈ।
ਇਹੀ ਨਹਾਮ ਦੀ ਸਜ਼ਾ ਸੀ। ਉਹ ਮਾਦਾ ਮੱਛਰ ਬਣ ਕੇ ਟਾਮ ਦੇ ਸਿਰ 'ਤੇ ਮੰਡਰਾਉਣ ਲੱਗੀ, ਜਿਵੇਂ ਭਿਣਕ ਕੇ ਕਹਿ ਰਹੀ ਹੋਵੇ। "ਮੈਨੂੰ ਖੂਨ ਵਾਪਸ ਕਰ ਦੇ ਮੈਂ ਮੁਆਫੀ ਮੰਗਦੀ ਹਾਂ, ਮੈਂ ਮੁਆਫੀ ਮੰਗਦੀ ਹਾਂ!"