ਅੱਜ ਫੇਰ ਜਦੋਂ ਮੱਝ ਛੱਪੜ ਚੋਂ ਨਹਾ ਕੇ ਨਿਕਲੀ ਚਿੜੀ ਉਸ ਤੇ ਆ ਕੇ ਬੈਠ ਗਈ।
ਚਿੜੀ ਦਾ ਆਉਣਾ ਮੱਝ ਨੂੰ ਬੁਰਾ ਨਹੀਂ ਲਗਦਾ ਸੀ। ਪਰ ਚਿੜੀ ਦੀ ਗੰਦੀ ਆਦਤ ਸੀ ਕਿ ਉਹ ਮੱਝ ਤੇ ਬਿੱਠ ਕਰ ਦਿੰਦੀ ਸੀ। ਕੋਈ ਇੱਕ ਵਾਰ ਨੀ ਸਗੋਂ ਵਾਰ ਵਾਰ। ਮੱਝ ਚਿੜੀ ਦੀ ਇਸ ਆਦਤ ਤੋਂ ਦੁਖੀ ਸੀ। ਉਸ ਨੇ ਚਿੜੀ ਨੂੰ ਸਬਕ ਸਿਖਾਣ ਦਾ ਸੋਚਿਆ।
ਮੱਝ ਨੇ ਚਿੜੀ ਨਾਲ ਦੋਸਤੀ ਕਰ ਲਈ। ਦੋਨੋਂ ਇਕੱਠੀਆਂ ਰਹਿਣ ਲੱਗੀਆਂ। ਕੇਰਾਂ ਮੱਝ ਨੇ ਚਿੜੀ ਨੂੰ ਕਿਹਾ,"ਭੈਣੇ ਕਿਤੇ ਘੁੰਮਣ ਚਲਦੇ ਆਂ"। ਚਿੜੀ ਮੰਨ ਗਈ ਤੇ ਦੋਵੇਂ ਜਣੀਆਂ ਘੁੰਮਣ ਚੱਲ ਪਈਆਂ। ਰਸਤੇ ਚ ਚਿੜੀ ਨੇ ਮੱਝ ਨੂੰ ਕਿਹਾ,"ਭੈਣੇ ਮੈਨੂੰ ਬਿੱਠ ਆਈ ਆ, ਤੇਰੇ ਤੇ ਕਰ ਲਾਂ"?
ਮੱਝ ਕਹਿੰਦੀ,"ਹੁਣ ਆਪਣੀ ਦੋਸਤੀ ਆ ਪੱਕੀ, ਮੈਂ ਕਿਵੇਂ ਮਨ੍ਹਾ ਕਰ ਸਕਦੀ, ਤੂੰ ਕਰ ਲੈ ਬੇਫ਼ਿਕਰ ਹੋ ਕੇ"। ਚਿੜੀ ਮੱਝ ਤੇ ਬਿੱਠ ਕਰ ਦਿੰਦੀ। ਥੋੜ੍ਹੀ ਅੱਗੇ ਜਾ ਕੇ ਮੱਝ ਚਿੜੀ ਨੂੰ ਕਹਿੰਦੀ,"ਭੈਣੇ ਮੈਨੂੰ ਗੋਹਾ ਆਇਆ ਤੇਰੇ ਤੇ ਕਰ ਲਾਂ"?
ਚਿੜੀ ਫਸ ਜਾਂਦੀ ਹੁਣ ਕੀ ਕਹੇ,"ਚੱਲ ਭੈਣੇ ਦੋਸਤੀ ਤਾਂ ਨਿਭਾਣੀ ਪੈਣੀ, ਤੂੰ ਗੋਹਾ ਕਰ ਲੈ ਮੇਰੇ ਤੇ"। ਮੱਝ ਚਿੜੀ ਤੇ ਗੋਹਾ ਕਰ ਦਿੰਦੀ। ਚਿੜੀ ਥੱਲੇ ਦੱਬ ਹੋ ਜਾਂਦੀ। ਮੱਝ ਚਿੜੀ ਤੋਂ ਬਦਲਾ ਲੈ ਲੈਂਦੀ ਤੇ ਸਬਕ ਵੀ ਸਿਖਾ ਦਿੰਦੀ। ਇੱਕ ਬਾਂਦਰ ਨੇੜੇ ਬੈਠਾ ਇਹ ਸਭ ਵੇਖ ਰਿਹਾ ਹੁੰਦਾ। ਉਹ ਭੱਜ ਕੇ ਚਿੜੀ ਨੂੰ ਗੋਹੇ ਚੋਂ ਕੱਢ ਲੈਂਦਾ ਤੇ ਖਾਣ ਲਗਦਾ। ਚਿੜੀ ਮੱਝ ਦਾ ਤਰਲਾ ਕਰਦੀ ਤੇ ਉਸ ਨੂੰ ਬਚਾਣ ਲਈ ਆਖਦੀ। ਮੱਝ ਨੂੰ ਵੀ ਚਿੜੀ ਤੇ ਤਰਸ ਆ ਜਾਂਦਾ, ਮੱਝ ਬਾਂਦਰ ਨੂੰ ਕਹਿੰਦੀ,"ਵੇ ਭਾਈ ਤੂੰ ਤਾਂ ਬਾਹਲਾ ਗੰਦਾ,ਜੋ ਗੋਹੇ ਨਾਲ ਲਿੱਬੜੀ ਚਿੜੀ ਖਾਣ ਲੱਗਾਂ"।
ਬਾਂਦਰ ਕਹਿੰਦਾ,"ਦੱਸ ਫੇਰ ਕੀ ਕਰਾਂ"। ਮੱਝ ਕਹਿੰਦੀ,"ਪਹਿਲਾਂ ਚਿੜੀ ਨੂੰ ਚੰਗੀ ਤਰ੍ਹਾਂ ਧੋ ਕੇ,ਧੁੱਪ ਚ ਸੁਕਾ ਲੈ ਫੇਰ ਮਿਰਚ ਮਸਾਲੇ ਲਾ ਕੇ ਖਾਵੀਂ ਬੜਾ ਸੁਆਦ ਆਉ"। ਬਾਂਦਰ ਮੱਝ ਦੀ ਗੱਲ ਮੰਨ ਲੈਂਦਾ। ਉਹ ਚਿੜੀ ਨੂੰ ਧੋ ਕੇ ਕੋਠੇ ਤੇ ਸੁੱਕਣੀ ਪਾ ਦਿੰਦਾ ਤੇ ਆਪ ਥੱਲੇ ਮਸਾਲੇ ਕੁੱਟਣ ਲੱਗ ਪੈਂਦਾ।
ਜਿੰਨੇ ਨੂੰ ਮਸਾਲੇ ਕੁੱਟ ਕੇ ਉੱਪਰ ਆਉਂਦਾ ਏਨੇ ਨੂੰ ਚਿੜੀ ਸੁੱਕ ਜਾਂਦੀ ਤੇ ਫੁਰਰਰਰਰ ਕਰ ਕੇ ਉੱਡ ਜਾਂਦੀ। ਬਾਂਦਰ ਵਚਾਰਾ ਹੱਥ ਮਲਦਾ ਰਹਿ ਜਾਂਦਾ। ਚਿੜੀ ਮੱਝ ਦਾ ਧੰਨਵਾਦ ਕਰਦੀ ਤੇ ਅੱਗੇ ਤੋਂ ਦੋਵੇਂ ਪੱਕੀਆਂ ਦੋਸਤ ਬਣ ਜਾਂਦੀਆਂ।