ਜੂਨ ਦਾ ਮਹੀਨਾ ਜੱਸੀ ਲਈ ਬਹੁਤ ਖਾਸ ਹੁੰਦਾ ਸੀ।
ਇਸ ਬਾਰ ਵੀ ਜੱਸੀ ਤੇ ਉਸ ਦੇ ਭਰਾ ਜਸਕਰਨ ਨੂੰ ਜੂਨ ਮਹੀਨੇ ਦਾ ਬਹੁਤ ਬੇਸਬਰੀ ਨਾਲ ਇੰਤਜ਼ਾਰ ਸੀ। ਬਹੁਤ ਹੀ ਲਗਨ ਤੇ ਮਿਹਨਤ ਨਾਲ ਇਮਤਿਹਾਨ ਦੇਣ ਪਿੱਛੋਂ ਇਕ ਤਾਂ ਵਧੀਆ ਅੰਕਾ ਨਾਲ ਪਾਸ ਹੋਣ ਦਾ ਇੰਤਜ਼ਾਰ ਸੀ ਅਤੇ ਦੂਸਰਾ ਚਾਅ ਸੀ ਕਿ ਗਰਮੀ ਦੀਆਂ ਛੁੱਟੀਆਂ ਵਿਚ ਪਿੰਡ ਨਾਨਕੇ ਜਾਵਾਂਗੇ ਅਤੇ ਹਰ ਵਾਰ ਵਾਂਗੂੰ ਮੌਜ ਮਸਤੀ ਕਰ ਕੇ ਆਵਾਂਗੇ।
ਜਿਵੇਂ-ਜਿਵੇਂ ਇੰਤਜ਼ਾਰ ਦੀਆਂ ਘੜੀਆਂ ਬੀਤ ਰਹੀਆਂ ਸਨ ਚਾਅ ਤੇ ਜਿਗਿਆਸਾ ਵੱਧ ਰਹੀ ਸੀ। ਇਸ ਵਾਰ ਇੱਕ ਨਵੀਂ ਅਫ਼ਵਾਹ ਉੱਡ ਰਹੀ ਸੀ, ਚੀਨ ਤੋਂ ਕੋਈ ਕੋਰੋਨਾ ਨਾਂ ਦੀ ਬਿਮਾਰੀ ਆਈ ਸੀ । ਕੋਰੋਨਾ ਦੇ ਕਾਰਣ ਚੀਨ ਵਿਚ ਬਹੁਤ ਸਾਰੀਆਂ ਮੌਤਾਂ ਹੋਇਆ ਅਤੇ ਲੱਖਾਂ ਲੋਕ ਇਸ ਤੋਂ ਪ੍ਰਭਾਵਿਤ ਹੋਏ। ਇਟਲੀ ਫਰਾਂਸ ਜਰਮਨ ਅਤੇ ਅਮਰੀਕਾ ਜਿਹੇ ਵਿਕਸਿਤ ਦੇਸ਼ਾਂ ਦੇ ਸਿਹਤ ਵਿਭਾਗ ਅਤੇ ਸਰਕਾਰ ਇਸ ਦੇ ਮੂਹਰੇ ਨਾਕਾਮ ਸਾਬਿਤ ਹੋ ਰਹੀਆਂ ਸਨ। ਇਸੇ ਨੂੰ ਮੁੱਖ ਰੱਖਦੇ ਹੋਏ ਭਾਰਤ ਸਰਕਾਰ ਨੇ ਵੀ ਪੂਰੇ ਦੇਸ਼ ਵਿੱਚ ਲੌਕਡਾਊਨ ਅਤੇ ਕਰਫਿਊ ਦਾ ਐਲਾਨ ਕਰ ਦਿੱਤਾ।
ਇਹਨਾਂ ਸਭ ਖਬਰਾਂ ਦੇ ਬਾਰੇ ਸੁਣਨ ਤੋਂ ਬਾਅਦ ਜੱਸੀ ਅਤੇ ਜਸਕਰਨ ਬਹੁਤ ਘਬਰਾ ਗਏ । ਉਹਨਾਂ ਦੇ ਮਾਤਾ ਪਿਤਾ ਜੀ ਨੇ ਦੱਸਿਆ ਕਿ ਪੁੱਤ ਕੋਰੋਨਾ ਦੇ ਕਾਰਨ ਦੇਸ਼ ਵਿਆਪੀ ਲੌਕਡਾਊਨ ਲਾਗੂ ਹੋ ਗਿਆ ਹੈ ਜਿਸਦੇ ਚਲਦੇ ਹੁਣ ਸਫਰ ਕਰਨ ਦੀ ਸਖਤ ਮਨਾਹੀ ਹੈ ਅਤੇ ਮਾਸਕ ਪਾਉਣਾ ਤੇ ਸੋਸ਼ਲ ਡਿਸਟੈਂਸਿੰਗ ਵੀ ਜਰੂਰੀ ਹੈ।
ਜੱਸੀ ਅਤੇ ਜਸਕਰਨ ਦੋਵੇਂ ਕਾਫੀ ਡਰੇ ਹੋਏ ਸਨ। ਕੋਰੋਨਾ ਦੇ ਕਾਰਨ ਸਕੂਲ ਵੀ ਬੰਦ ਹੋ ਗਏ। ਪਾਪਾ ਦਾ ਆਫਿਸ ਵੀ ਬੰਦ ਹੋ ਗਿਆ। ਹੁਣ ਉਹਨਾਂ ਦੀਆਂ ਕਲਾਸਾਂ ਆਨਲਾਈਨ ਮਾਧਿਅਮ ਰਾਹੀਂ ਲੱਗ ਰਹੀਆਂ ਸਨ। ਗਰਮੀ ਦੀਆਂ ਛੁੱਟੀਆਂ ਦਾ ਸਮਾਂ ਨੇੜੇ ਆ ਰਿਹਾ ਸੀ ਪਰ ਨਾ ਤਾਂ ਕੋਰੋਨਾ ਦੇ ਮਾਮਲੇ ਘੱਟ ਰਹੇ ਸਨ ਅਤੇ ਨਾ ਹੀ ਲੌਕਡਾਉਨ ਹਟਣ ਦੇ ਕੋਈ ਅਸਾਰ ਨਜ਼ਰ ਆ ਰਹੇ ਸਨ। ਮਰੀਜ਼ਾ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਸੀ ਅਤੇ ਬੱਚਿਆਂ ਦਾ ਨਾਨਕੇ ਪਿੰਡ ਜਾਣ ਦਾ ਸੁਪਨਾ ਟੁੱਟਦਾ ਦਿਖਾਈ ਦੇ ਰਿਹਾ ਸੀ।
ਜੂਨ ਮਹੀਨੇ ਵਿੱਚ ਲੌਕਡਾਊਨ ਤਾਂ ਖੁੱਲ ਗਿਆ, ਪਰ ਸਰਕਾਰ ਵੱਲੋਂ ਜਾਰੀ ਨਿਰਦੇਸ਼ ਅਨੁਸਾਰ ਕੋਰੋਨਾ ਤੋਂ ਬਚਾਅ ਲਈ ਬੱਚੇ, ਬਜ਼ੁਰਗ, ਗਰਭਵਤੀ ਮਹਿਲਾਵਾਂ ਅਤੇ ਮਰੀਜ਼ਾਂ ਨੂੰ ਸਫਰ ਕਰਨ ਦੀ ਮਨਾਹੀ ਹੈ। ਇਸ ਤਰ੍ਹਾਂ ਕੋਰੋਨਾ ਜੱਸੀ ਅਤੇ ਜਸਕਰਨ ਦੇ ਨਾਨਕੇ ਜਾਣ ਦੇ ਅਰਮਾਨਾਂ ਨੂੰ ਖਾ ਗਿਆ ਅਤੇ ਉਹਨਾਂ ਦੀਆਂ ਗਰਮੀਆਂ ਇਹੀ ਦੁਆ ਕਰਦੇ ਬੀਤੀਆਂ ਕਿ ਰੱਬਾ ਅਗਲੀਆਂ ਗਰਮੀ ਦੀਆਂ ਛੁੱਟੀਆਂ ਅਸੀਂ ਪਿੰਡ ਨਾਨਕੇ ਜਾ ਸਕੀਏ ਅਤੇ ਕੋਰੋਨਾ ਤੋਂ ਲੋਕ ਜਲਦੀ ਠੀਕ ਹੋਣ ਅਤੇ ਇਹੋ ਜਿਹੀ ਮਹਾਂਮਾਰੀ ਫੇਰ ਦੁਬਾਰਾ ਨਾ ਆਵੇ।