ਦਲਬੀਰ ਕੌਰ ਨੇ ਆਪਣੀ ਨੂੰਹ ਸਿਮਰਨ ਨੂੰ ਡਲਿਵਰੀ ਲਈ ਸਵੇਰੇ ਛੇ ਵਜੇ ਹਸਪਤਾਲ ਦਾਖਲ ਕਰਵਾਇਆ ਸੀ। ਸਿਮਰਨ ਨੂੰ ਡਾਕਟਰ ਲੇਬਰ ਰੂਮ ਵਿੱਚ ਲੈ ਗਏ ਸਨ। ਦਲਬੀਰ ਕੌਰ ਤੇ ਉਸ ਦੀ ਦਰਾਣੀ ਬਲਜਿੰਦਰ ਬਾਹਰ ਬੈਠੀਆਂ ਸਨ। ਸਿਮਰਨ ਦਾ ਪਤੀ ਗੁਰਪ੍ਰਤਾਪ ਉਹਨਾਂ ਕੋਲ ਬੈਂਚ ਤੇ ਬੈਠਾ ਸੀ। ਘੰਟੇ ਤੋਂ ਜਿਆਦਾ ਸਮਾਂ ਹੋ ਗਿਆ ਸੀ ਸਿਮਰਨ ਨੂੰ ਅੰਦਰ ਲੈ ਕੇ ਗਿਆਂ ਤੇ ਸਾਰਿਆਂ ਦਾ ਧਿਆਨ ਉਸ ਪਾਸੇ ਹੀ ਸੀ। ਸਵਾ ਕੁ ਅੱਠ ਵਜੇ ਨਰਸ ਬਾਹਰ ਆਈ ਤੇ ਕਿਹਾ ਮਾਤਾ ਬੱਚੇ ਦੇ ਕੱਪੜੇ ਦਿਉ। ਦਲਬੀਰ ਕੌਰ ਛੇਤੀ ਛੇਤੀ ਬੱਚੇ ਦੇ ਕੱਪੜੇ ਲੈ ਕੇ ਆਈ ਤੇ ਨਰਸ ਨੂੰ ਕੱਪੜੇ ਫੜਾ ਕੇ ਬੋਲੀ,ਕੀ ਹੋਇਆ?
ਨਰਸ -ਮਾਤਾ ਬੇਟੀ ਹੋਈ ਏ ਬਹੁਤ ਪਿਆਰੀ ਬੱਚੀ ਏ ਮਾਂ ਤੇ ਬੱਚੀ ਦੋਵੇਂ ਠੀਕ ਨੇ। ਦਲਬੀਰ ਕੌਰ ਨੂੰ ਤੇ ਜਿਵੇਂ ਗਸ਼ ਹੀ ਪੈਣ ਵਾਲਾ ਸੀ ਮਸਾਂ ਹੀ ਆ ਕੇ ਬੈਠੀ।
ਬਲਜਿੰਦਰ-ਭੈਣ ਕੀ ਹੋਇਆ ਸਭ ਠੀਕ ਤੇ ਹੈ। ਦਲਬੀਰ ਕੌਰ ਬੋਲੀ ਹਾਇ ਹਾਇ ਠੀਕ ਕੀ ਆ ਕੁੜੀ ਆ ਗਈ ਆ। ਨੀ ਮੇਰੇ ਨਿਆਣੇ ਜਿਹੇ ਪੁੱਤਰ ਦੇ ਰੱਬ ਨੇ ਪਹਿਲੀ ਵਾਰ ਹੀ ਪੱਥਰ ਦੇ ਮਾਰਿਆ। ਹਾਇ ਭੈਣ ਕੁੜੀ ਹੋ ਪਈ ਏ ਰੱਬ ਪਹਿਲੀ ਵਾਰ ਤੇ ਪੁੱਤਰ ਦੇ ਛੱਡਦਾ, ਬਲਜਿੰਦਰ ਬੋਲੀ।
ਦਲਬੀਰ ਕੌਰ- ਨੀਂ ਮੇਰੇ ਤੇ ਕਰਮ ਈ ਸੜਗੇ ਮੈਂ ਤੇ ਇਹਨੂੰ ਮਿਆਲਾਂ ਵਾਲੇ ਬਾਬੇ ਤੋ ਮੁੰਡੇ ਦੀ ਗੋਲੀ ਵੀ ਲਿਆ ਕੇ ਖਵਾਈ ਸੀ। ਅੱਜ ਕੱਲ ਦੀਆਂ ਕੁੜੀਆਂ ਸਮਝਦੀਆਂ ਨਹੀਂ ਇਹੋ ਜਿਹੀਆਂ ਗੱਲਾਂ ਨੂੰ ਮਸਾਂ ਖਵਾਈ ਸੀ ਗੋਲੀ, ਤਬਾਰ ਈ ਨੀਂ ਕਰਦੀ ਸੀ।
ਗੁਰਪ੍ਰਤਾਪ-ਬੀਬੀ ਕੀ ਹੋਇਆ, ਸਿਮਰਨ ਠੀਕ ਏ। ਠੀਕ ਏ ਕੀ ਹੋਣਾ ਉਹਨੂੰ, ਕੁੜੀ ਜੰਮ ਕੇ ਬਹਿ ਗਈ ਦਲਬੀਰ ਕੌਰ ਬੋਲੀ। ਗੁਰਪ੍ਰਤਾਪ ਕੰਹਿਦਾ ਕੋਈ ਨਾ ਬੀਬੀ ਉਹਨੇ ਕਿਹੜਾ ਆਪ ਬਣਾਈ ਆ, ਜੋ ਰੱਬ ਨੇ ਦੇ ਤਾ ਠੀਕ ਏ। ਬਲਜਿੰਦਰ ਵੀ ਕਹਿਣ ਲੱਗੀ, ਕੋਈ ਨਾ ਭੈਣ ਨੇਰੀ ਆਈ ਏ ਮੀਂਹ ਵੀ ਆਉ। ਰੱਬ ਪੁੱਤਰ ਵੀ ਦੇਊਗਾ।
ਨਰਸ-ਮਾਤਾ ਆਪਣਾ ਬੱਚਾ ਫੜੋ। ਦਲਬੀਰ ਕੌਰ ਦਾ ਭੈੜਾ ਮੂੰਹ ਵੇਖ ਕੇ ਬਲਜਿੰਦਰ ਨੇ ਕੁੜੀ ਨੂੰ ਚੁੱਕ ਲਿਆ। ਭੈਣ ਵੇਖ ਕਿੰਨੀ ਸੋਹਣੀ ਏ ਨਿਰੀ ਮਾਂ ਵਰਗੀ ਏ। ਦਲਬੀਰ ਕੌਰ ਨੇ ਕੁੜੀ ਤੋਂ ਮੂੰਹ ਦੂਜੇ ਪਾਸੇ ਘੁਮਾ ਲਿਆ। ਆਪਣਾ ਮਰੀਜ਼ ਵੀ ਲੈ ਜੋ, ਨਰਸ ਸਟਰੈਚਰ ਤੇ ਸਿਮਰਨ ਨੂੰ ਵੀ ਲੈ ਆਈ। ਗੁਰਪ੍ਰਤਾਪ ਸਿਮਰਨ ਨੂੰ ਵਾਰਡ ਵਿੱਚ ਲੈ ਗਿਆ। ਸਿਮਰਨ ਠੀਕ ਹੈਂ ਤੂੰ ਗੁਰਪ੍ਰਤਾਪ ਨੇ ਪੁੱਛਿਆ। ਹਾਂਜੀ ਠੀਕ ਹਾਂ ਸਿਮਰਨ ਨੇ ਕਿਹਾ। ਆਪਣੀ ਗੁਡੀਆ ਠੀਕ ਏ ਜੀ? ਗੁਰਪ੍ਰਤਾਪ-ਹਾਂ ਠੀਕ ਏ ਚਾਚੀ ਕੋਲ ਏ। ਗੁਰਪ੍ਰਤਾਪ ਨੇ ਸਿਮਰਨ ਨੂੰ ਬੈੱਡ ਤੇ ਲੰਮੇ ਪਾ ਦਿੱਤਾ। ਚਾਚੀ ਨੇ ਨਾਲ ਗੁਡੀਆ ਨੂੰ ਨਾਲ ਪਾ ਦਿੱਤਾ। ਲੈ ਗੁਰਪ੍ਰਤਾਪ ਗੁੜਤੀ ਦੇ ਇਸ ਨੂੰ ਚਾਚੀ ਨੇ ਸ਼ਹਿਦ ਅੱਗੇ ਕਰਦਿਆਂ ਕਿਹਾ। ਗੁਰਪ੍ਰਤਾਪ ਨੇ ਸ਼ਹਿਦ ਦੀ ਉਂਗਲ ਗੁਡੀਆ ਦੇ ਮੂੰਹ ਨੂੰ ਲਾ ਦਿੱਤੀ ਤੇ ਗੁਡੀਆ ਸ਼ਹਿਦ ਚੱਟਣ ਲੱਗੀ।
ਚੱਲ ਹੁਣ ਰਹਿਣ ਦੇ ਬਹੁਤੇ ਲਾਡ ਤੇ ਤੂੰ ਹੁਣ ਆਪਣੀ ਡਿਊਟੀ ਚਲਾ ਜਾ। ਮੈਂ ਤੇ ਤੇਰੀ ਚਾਚੀ ਏਥੇ ਹੀ ਹਾਂ। ਨਾਲੇ ਹੁਣ ਤੈਨੂੰ ਕੋਈ ਲੋੜ ਨਹੀਂ ਆਉਣ ਦੀ ਅਸੀਂ ਆਪੇ ਬੱਸ ਤੇ ਲੈ ਕੇ ਆਜਾਂ ਗੀਆਂ,ਦਲਬੀਰ ਕੌਰ ਨੇ ਬੜੇ ਗੁੱਸੇ ਵਿੱਚ ਕਿਹਾ। ਗੁਰਪ੍ਰਤਾਪ ਚੁੱਪ ਕਰਕੇ ਡਿਊਟੀ ਚਲਾ ਗਿਆ। ਉਹ ਬੈਂਕ ਵਿੱਚ ਕਲਰਕ ਦੀ ਨੌਕਰੀ ਕਰਦਾ ਸੀ। ਸਿਮਰਨ ਨੇ ਵੀ ਐਮ ਏ ਕੀਤੀ ਹੋਈ ਸੀ। ਮਾਂ ਬਾਪ ਨੇ ਚੰਗਾ ਨੌਕਰੀ ਵਾਲਾ ਮੁੰਡਾ ਤੇ ਚੰਗੀ ਜਮੀਨ ਜਾਇਦਾਦ ਵੇਖ ਕੇ ਸਿਮਰਨ ਦਾ ਵਿਆਹ ਕੀਤਾ ਸੀ। ਦਲਬੀਰ ਕੌਰ ਦੇ ਮੂੰਹ ਮੰਗਿਆ ਦਾਜ ਦਿੱਤਾ ਸੀ ।ਸਿਮਰਨ ਦੇ ਡੈਡੀ ਫੌਜ ਵਿੱਚੋਂ ਰਿਟਾਇਰ ਸਨ।
ਗੁਰਪ੍ਰਤਾਪ ਦੇ ਜਾਣ ਮਗਰੋਂ ਦਲਬੀਰ ਕੌਰ ਬਾਹਰ ਆ ਕੇ ਬਹਿ ਗਈ। ਉਸਨੇ ਨਾ ਸਿਮਰਨ ਦਾ ਹਾਲ ਪੁੱਛਿਆ ਨਾ ਹੀ ਗੁਡੀਆ ਨੂੰ ਵੇਖਿਆ। ਬਲਜਿੰਦਰ ਨੇ ਸਿਮਰਨ ਨੂੰ ਦੁੱਧ ਗਰਮ ਕਰਾ ਕੇ ਦਿੱਤਾ ਜੋ ਉਹ ਘਰੋਂ ਨਾਲ ਲੈ ਕੇ ਆਈਆਂ ਸਨ। ਡਾਕਟਰ ਦੇ ਕਹਿਣ ਤੇ ਬਲਜਿੰਦਰ ਨੇ ਗੁਡੀਆ ਨੂੰ ਸਿਮਰਨ ਦਾ ਦੁੱਧ ਪਿਆਇਆ। ਪਹਿਲਾਂ ਉਹ ਦੁੱਧ ਨਹੀਂ ਪੀ ਰਹੀ ਸੀ ਫਿਰ ਹੌਲੀ ਹੌਲੀ ਦੁੱਧ ਚੁੰਘਣ ਲੱਗੀ।
ਦਲਬੀਰ ਕੌਰ ਬਾਹਰ ਬੈਠੀ ਸੋਚ ਰਹੀ ਸੀ ਜੇ ਰੱਬ ਮੁੰਡਾਦੇ ਦਿੰਦਾ ਮੈਂ ਬਰਫੀ ਦੇ ਡੱਬੇ ਦੇਣੇ ਸਨ ਸਾਰਿਆਂ ਨੂੰ । ਸਾਰੇ ਪਿੰਡ ਵਿੱਚ ਲੱਡੂ ਵੰਡਦੀ। ਕਿੱਥੇ ਇਹ ਨਕਰਮੀ ਪੱਲੇ ਪੈ ਗਈ ਕੁੜੀ ਜੰਮ ਧਰੀ। ਵੱਡੀ ਨਰਿੰਦਰ ਕਰਮਾਂ ਵਾਲੀ ਸੀ ਦੋਵੇਂ ਮੁੰਡੇ ਜੰਮੇ ਉਸ ਨੇ। ਸੋਚਾ ਵਿੱਚ ਡੁੱਬੀ ਨੂੰ ਬਲਜਿੰਦਰ ਨੇ ਆ ਹਲੂਣਿਆ, ਭੈਣ ਰੋਟੀ ਖਾ ਲੈ ਵਿੱਚ ਪਈ ਠੰਡੀ ਹੋ ਜਾਣੀ ਏ। ਨਹੀਂ ਮੈਨੂੰ ਕਿੱਥੇ ਰੋਟੀ ਲੰਘਦੀ ਏ ਤੂੰ ਖਾ ਲੈ ।ਚਲ ਭੈਣ ਕੋਈ ਨਾ ਇਕ ਅੱਧੀ ਖਾ ਲੈ ਤੇ ਫਿਰ ਦੋਵੇਂ ਰੋਟੀ ਖਾਣ ਲੱਗੀਆਂ ।
ਸਿਮਰਨ ਅੰਦਰ ਪਈ ਆਪਣੀ ਗੁਡੀਆ ਨਾਲ ਗੱਲਾਂ ਕਰ ਰਹੀ ਸੀ ਕਿ ਕੁੜੀਆਂ ਮਾੜੀਆਂ ਕਿਉਂ ਹੁੰਦੀਆਂ ਨੇ। ਕੁੜੀਆਂ ਦੇ ਜੰਮਣ ਤੇ ਸੋਗ ਕਿਉਂ ਕਰਦੇ ਨੇ ਲੋਕ।