ਭਾਰਤ ਅਤੇ ਪਾਕਿਸਤਾਨ ਵਿਚਾਲੇ ਕ੍ਰਿਕਟ ਦਾ ਫਾਈਨਲ ਮੈਚ ਚੱਲ ਰਿਹਾ ਸੀ । ਪਾਪਾ ਨੇ ਦਫਤਰ ਤੋਂ ਛੁੱਟੀ ਲਈ ਹੋਈ ਸੀ । ਪੂਰੀ ਤਿਆਰੀ ਸੀ । ਦਫਤਰ ਦੇ ਚਾਰ ਦੋਸਤਾਂ ਨਾਲ ਡੇਰਾ ਜਮਾਇਆ ਹੋਇਆ ਸੀ । ਬੋਤਲ ਖੁੱਲ੍ਹੀ ਹੋਈ ਸੀ । ਖਾਣ ਨੂੰ ਤਲੀ ਹੋਈ ਮੂੰਗਫਲੀ ਅਤੇ ਪਿਆਜ਼ ਦੇ ਪਕੌੜੇ ਸਨ। ਟੀਵੀ 'ਤੇ ਕਮੈਂਟੇਟਰ ਜੋਸ਼ ਪੈਦਾ ਕਰ ਰਹੇ ਸਨ । ਪੂਰਾ ਸਟੇਡੀਅਮ ਖਚਾਖਚ ਭਰਿਆ ਹੋਇਆ ਸੀ । ਜਦੋਂ ਦੋਵੇਂ ਟੀਮਾਂ ਮੈਦਾਨ ਵਿੱਚ ਦਾਖਲ ਹੋਈਆਂ ਤਾਂ ਰੌਲੇ-ਰੱਪੇ ਅਤੇ ਜੋਸ਼ ਨੇ ਸਾਰੇ ਹੱਦ-ਬੰਨੇ ਤੋੜ ਦਿੱਤੇ । ਸਭ ਤੋਂ ਪਹਿਲਾਂ ਪਾਕਿਸਤਾਨ ਦਾ ਰਾਸ਼ਟਰੀ ਗੀਤ ਵਜਾਇਆ ਗਿਆ । ਪਾਪਾ ਅਤੇ ਉਸ ਦੇ ਦੋਸਤ ਸੱਟੇਬਾਜ਼ੀ ਵਿੱਚ ਰੁੱਝੇ ਹੋਏ ਸਨ । ਉਹ ਜਿੱਤ-ਹਾਰ ਦੀ ਬਹਿਸ ਵਿੱਚ ਜ਼ੋਰ-ਸ਼ੋਰ ਨਾਲ ਲੱਗੇ ਹੋਏ ਸਨ । ਪੁੱਤਰ ਕੋਲ ਬੈਠਾ ਸਭ ਕੁਝ ਦੇਖ ਰਿਹਾ ਸੀ ।
ਫਿਰ ਰਾਸ਼ਟਰੀ ਗੀਤ ਵੱਜਣ ਲੱਗਾ, “ਜਨ-ਗਣ-ਮਨ” ਬੇਟਾ ਖੜ੍ਹਾ ਹੋ ਗਿਆ । ਪੁੱਤਰ ਨੂੰ ਯਾਦ ਆਇਆ ਕਿ ਜਦੋਂ ਥੀਏਟਰ ਵਿੱਚ ਰਾਸ਼ਟਰੀ ਗੀਤ ਸ਼ੁਰੂ ਹੋਇਆ ਸੀ ਤਾਂ ਉਹ ਮੰਮੀ ਨਾਲ ਪੌਪਕੋਰਨ ਅਤੇ ਕੋਲਡ ਡਰਿੰਕ ਦੀ ਜ਼ਿੱਦ ਵਿੱਚ ਉਲਝਿਆ ਹੋਇਆ ਸੀ । ਉਦੋਂ ਪਿਤਾ ਨੇ ਗੁੱਸੇ ਵਿੱਚ ਦੋਵਾਂ ਨੂੰ ਝਿੜਕਿਆ ਸੀ, "ਪਤਾ ਨਹੀਂ ਲੱਗਦਾ 'ਜਨ-ਗਨ-ਮਨ' ਚੱਲ ਰਿਹਾ ਹੈ! ਸਾਰੇ ਖੜ੍ਹੇ ਹਨ ਅਤੇ ਤੁਸੀਂ ਦੋਵੇਂ ਅਨਪੜ੍ਹ ਅਤੇ ਨਿਕੰਮੇ ਖੜ੍ਹੇ ਹੋ ਜਾਓ।" ਪੁੱਤਰ ਨੇ ਪਿਤਾ ਵੱਲ ਦੇਖਿਆ। ਉਹ ਅਤੇ ਉਸ ਦੇ ਦੋਸਤ ਇਸ ਗੱਲ ਨੂੰ ਲੈ ਕੇ ਬਹਿਸ ਕਰ ਰਹੇ ਸਨ ਕਿ ਕਿਹੜੀ ਟੀਮ ਟਾਸ ਜਿੱਤੇਗੀ।
ਪੁੱਤਰ ਨੇ ਆਪਣੇ ਪਿਤਾ ਦਾ ਕੁੜਤਾ ਖਿੱਚਿਆ ਅਤੇ ਕਿਹਾ, “ਪਾਪਾ, 'ਜਨ-ਗਨ-ਮਨ ਚੱਲ ਰਿਹਾ ਹੈ।” “ਹਾਂ, ਹਾਂ, ਪਤਾ ਹੈ ਮੈਨੂੰ । ਮੈਚ ਹੁਣੇ ਸ਼ੁਰੂ ਹੋਵੇਗਾ।” “ਪਾਪਾ, ਜਨ-ਗਨ-ਮਨ।” ਪੁੱਤਰ ਨੇ ਖੜ੍ਹੇ-ਖੜ੍ਹੇ ਫੇਰ ਕਿਹਾ। ਆਪਣੇ ਪੁੱਤਰ ਨੂੰ ਸਾਵਧਾਨ ਮੁਦਰਾ ਵਿੱਚ ਖੜ੍ਹਾ ਵੇਖ ਕੇ ਪਿਤਾ ਹੱਸ ਪਿਆ, “ਕਿੰਨਾ ਤੇਜ਼ ਦਿਮਾਗ਼ ਹੈ! ਸਭ ਕੁਝ ਯਾਦ ਰੱਖਦਾ ਹੈ ।”
ਫਿਰ ਆਪਣੇ ਪੁੱਤਰ ਦੀ ਪਿੱਠ 'ਤੇ ਹਲਕਾ ਜਿਹਾ ਮਾਰਦਿਆਂ ਉਹ ਹੱਸ ਕੇ ਬੋਲਿਆ, "ਇੱਥੇ ਕਿਹੜਾ ਕੋਈ ਵੇਖ ਰਿਹਾ ਹੈ?” ਅਤੇ ਬੋਤਲ ਚੁੱਕ ਕੇ ਉਹਦਾ ਢੱਕਣ ਖੋਲ੍ਹਣ ਲੱਗਾ ।