ਗ੍ਰਹਿਣ ਕਰਨ ਦਾ ਗੁਣ

ਸ਼ੇਅਰ ਕਰੋ
a bowl with small tree leaves and mens are drinking water

ਇੱਕ ਘੜਾ ਪਾਣੀ ਨਾਲ ਭਰਿਆ ਰਹਿੰਦਾ ਸੀ ਤੇ ਉਹ ਇੱਕ ਕਟੋਰੀ ਨਾਲ ਢੱਕਿਆ ਰਹਿੰਦਾ ਸੀ। ਘੜਾ ਸੁਭਾਅ ਦਾ ਪਰਉਪਕਾਰੀ ਸੀ।

ਭਾਂਡੇ ਉਸ ਘੜੇ ਕੋਲ ਆਉਂਦੇ, ਉਸ ਤੋਂ ਪਾਣੀ ਲੈਣ ਲਈ ਝੁਕ ਜਾਂਦੇ। ਘੜਾ ਖੁਸ਼ੀ ਨਾਲ ਝੁਕ ਜਾਂਦਾ ਤੇ ਉਨ੍ਹਾਂ ਨੂੰ ਭਰ ਦਿੰਦਾ। ਕਟੋਰੀ ਨੇ ਸ਼ਿਕਾਇਤ ਕਰਦਿਆਂ ਕਿਹਾ, "ਬੁਰਾ ਨਾ ਮੰਨੋ ਤਾਂ ਇੱਕ ਗੱਲ ਪੁੱਛਾਂ?" "ਪੁੱਛੋ" ਘੜੇ ਨੇ ਅੱਗੋਂ ਕਿਹਾ। 

ਕਟੋਰੀ ਨੇ ਆਪਣੇ ਮਨ ਦੀ ਗੱਲ ਕਹੀ, "ਮੈਂ ਦੇਖਦੀ ਹਾਂ ਕਿ ਜੋ ਵੀ ਭਾਂਡਾ ਤੁਹਾਡੇ ਕੋਲ ਆਉਂਦਾ ਹੈ, ਤੁਸੀਂ ਉਸ ਨੂੰ ਭਰ ਕੇ ਸੰਤੁਸ਼ਟ ਕਰ ਦਿੰਦੇ ਹੋ। ਮੈਂ ਸਦਾ ਤੁਹਾਡੇ ਨਾਲ ਰਹਿੰਦੀ ਹਾਂ, ਫ਼ਿਰ ਵੀ ਤੁਸੀਂ ਮੈਨੂੰ ਕਦੇ ਨਹੀਂ ਭਰਦੇ, ਇਹ ਮੇਰੇ ਨਾਲ ਪੱਖਪਾਤ ਹੈ।" 

ਆਪਣੇ ਠੰਢੇ ਪਾਣੀ ਵਾਂਗ ਸ਼ਾਂਤ ਤੇ ਮਿੱਠੀ ਬੋਲੀ 'ਚ ਘੜੇ ਨੇ ਜਵਾਬ ਦਿੱਤਾ, "ਕਟੋਰੀ ਭੈਣ, ਤੁਸੀਂ ਗਲਤ ਸਮਝ ਰਹੇ ਹੋ। ਮੇਰੇ ਕੰਮ 'ਚ ਪੱਖਪਾਤ ਵਰਗਾ ਕੁਝ ਵੀ ਨਹੀਂ। ਤੁਸੀਂ ਦੇਖਿਆ ਹੋਵੇਗਾ ਕਿ ਜਦੋਂ ਭਾਂਡੇ ਮੇਰੇ ਕੋਲ ਆਉਂਦੇ ਹਨ ਤਾਂ ਪਾਣੀ ਲੈਣ ਲਈ ਨਿਮਰਤਾ ਨਾਲ ਝੁਕਦੇ ਹਨ ਤਾਂ ਮੈਂ ਖ਼ੁਦ ਉਨ੍ਹਾਂ ਪ੍ਰਤੀ ਨਿਮਰਤਾ ਭਾਵ ਨਾਲ ਉਨ੍ਹਾਂ ਨੂੰ ਆਪਣੇ ਠੰਢੇ-ਮਿੱਠੇ ਪਾਣੀ ਨਾਲ ਭਰਪੂਰ ਕਰ ਦਿੰਦਾ ਹਾਂ ਪਰ ਤੁਸੀਂ ਤਾਂ ਹੰਕਾਰ ਨਾਲ ਹਮੇਸ਼ਾ ਮੇਰੇ ਸਿਰ 'ਤੇ ਸਵਾਰ ਰਹਿੰਦੇ ਹੋ। ਜ਼ਰਾ ਨਿਮਰਤਾ ਭਾਵ ਨਾਲ ਕਦੇ ਮੇਰੇ ਸਾਹਮਣੇ ਝੁਕੋ ਤਾਂ ਫ਼ਿਰ ਦੇਖੋ ਕਿਵੇਂ ਤੁਸੀਂ ਵੀ ਠੰਢੇ ਪਾਣੀ ਨਾਲ ਭਰ ਜਾਓਗੇ। ਨਿਮਰਤਾ ਨਾਲ ਝੁਕਣਾ ਸਿੱਖੋਂਗੇ ਤਾਂ ਕਦੇ ਖਾਲੀ ਨਹੀਂ ਰਹੋਂਗੇ। ਮੈਨੂੰ ਉਮੀਦ ਹੈ ਤੁਸੀਂ ਮੇਰੀ ਗੱਲ ਸਮਝ ਗਏ ਹੋਵੋਗੇ।" 

ਕਟੋਰੀ ਨੇ ਹੱਸਦਿਆਂ ਕਿਹਾ, "ਅੱਜ ਮੈਂ ਗ੍ਰਹਿਣ ਕਰਨ ਦਾ ਗੁਣ ਸਿੱਖ ਲਿਆ ਹੈ।"

📝 ਸੋਧ ਲਈ ਭੇਜੋ